ਮੈਂ ਜਿਸ ਵਿਸ਼ੇ ਬਾਰੇ ਗੱਲ ਕਰਨ ਜਾ ਰਿਹਾ ਹਾਂ। ਉਸੇ ਬਾਰੇ ਪਹਿਲਾਂ ਹੀ ਲਿਖ ਦਿੱਤਾ ਹੈ ਕਿ ਗੱਲ ਜਰਾ ਸੋਚਣ ਵਾਲੀ ਹੈ। ਜਦੋਂ ਇਸ ਬਾਰੇ ਤੁਸੀਂ ਵੀ ਪੜੋਗੇ ਤਾਂ ਮੈਨੂੰ ਪੂਰਾ ਯਕੀਨ ਹੈ ਕਿ ਇੱਕ ਵਾਰ ਤਾਂ ਸੋਚ ਵਿੱਚ ਜਰੂਰ ਹੀ ਪੈ ਜਾਵੋਗੇ।
ਮੈਂ ਗੱਲ ਕਰਨ ਜਾ ਰਿਹਾ ਹੈ ਅੱਜ ਦੇ ਟੈਲੀਵਿਜ਼ਨ ਉੱਤੇ ਪਰੋਸੇ ਜਾ ਰਹੇ ਪੋ੍ਗਰਾਮਾਂ ਬਾਰੇ।
ਅੱਜ ਦੇ ਦੌਰ ਵਿੱਚ ਟੈਲੀਵਿਜ਼ਨ ਹਰ ਇੱਕ ਘਰ ਦੇ ਅੰਦਰ ਆਪਣੀ ਥਾਂ ਬਣਾ ਚੁੱਕਾ ਹੈ। ਘਰ ਵਿੱਚ ਆਟਾ ਹੋਵੇ ਨਾ ਹੋਵੇ ਪਰ ਘਰ ਦੇ ਮੇਜ਼ ਉੱਤੇ ਜਾ ਘਰ ਦੀ ਕਿਸੇ ਕੰਧ ਉੱਤੇ ਟੈਲੀਵਿਜ਼ਨ, ਐਲ. ਸੀ. ਡੀ .ਜਾਂ ਐਲ .ਈ .ਡੀ .ਦੇ ਦਰਸ਼ਨ ਜਰੂਰ ਹੋ ਜਾਣਗੇ। ਇਹ ਸਾਡੇ ਦਿਲ ਬਹਿਲਾਉਣ ਦਾ ਸਭ ਤੋਂ ਵਧੀਆ ਸਾਧਨ ਹੈ। ਅਸੀਂ ਆਪਣੇ ਘਰ ਵਿੱਚ ਬੈਠੇ ਹੀ ਦੇਸ਼- ਵਿਦੇਸ਼ ਦੀ ਸੈਰ ਕਰ ਆਉਦੇਂ ਹਾਂ। ਇਹ ਸਾਡੀ ਜਾਣਕਾਰੀ ਵਿੱਚ ਵੀ ਬਹੁਮੁੱਲਾ ਯੋਗਦਾਨ ਪਾਉਂਦਾ ਹੈ।
ਇਹ ਹਨ ਆਮ ਗੱਲਾਂ ਜਿਹਨਾਂ ਤੋਂ ਅਸੀਂ ਸਾਰੇ ਹੀ ਵਾਕਫ਼ ਹਾਂ ਪਰ ਅੱਜ ਦੇ ਸਮੇਂ ਵਿੱਚ ਇਹ ਇੱਕ ਬਹੁਤ ਵੱਡਾ ਵਿਉਪਾਰ ਬਣ ਗਿਆ ਹੈ। ਉਸ ਉੱਤੇ ਦਿਖਾਏ ਜਾਣ ਵਾਲੇ ਲਗਭਗ ਸਾਰੇ ਹੀ ਪੋ੍ਗਰਾਮ ਸਮਾਜਿਕ ਪੱਧਰ ਤੋਂ ਬਹੁਤ ਹੀ ਥੱਲੇ ਡਿੱਗ ਰਹੇ ਹਨ। ਤੁਸੀਂ ਕੋਈ ਵੀ ਚੈਨਲ ਖੋਲੋ ਹਰ ਇੱਕ ਉੱਤੇ ਹੀ ਟੀ .ਆਰ .ਪੀ . ਵਧਾਉਣ ਦੀ ਦੌੜ ਲੱਗੀ ਹੋਈ ਹੈ। ਸ਼ਾਇਦ ਇਹ ਹੀ ਕਾਰਨ ਹੈ ਕਿ ਉਹ ਵੱਧ ਤੋਂ ਵੱਧ ਨੰਗੇਜ਼ ਪਰੋਸ ਰਹੇ ਹਨ। ਹਰ ਇੱਕ ਪੋ੍ਗਰਾਮ ਵਿੱਚ ਦੋਹਰੇ ਅਰਥਾਂ ਵਾਲੀ ਸ਼ਬਦਾਵਲੀ ਦਾ ਪ੍ਰਯੋਗ ਕੀਤਾ ਹੈ ਚਾਹੇ ਉਹ ਹਾਸਰਾਸ ਦੇ ਪੋ੍ਗਰਾਮ ਹੀ ਕਿਉਂ ਨਾ ਹੋਣ ਤੁਸੀਂ ਆਪਣੇ ਪਰਿਵਾਰ ਵਿੱਚ ਬੈਠ ਕੇ ਦੇਖ ਨਹੀਂ ਸਕਦੇ।
ਹੋਰ ਤਾਂ ਹੋਰ ਬੰਦਿਆਂ ਨੂੰ ਹੀ ਔਰਤਾਂ ਦੀ ਪੁਸ਼ਾਕ ਪਵਾਂਕੇ ਦੋ ਅਰਥੀ ਸ਼ਬਦਾਵਲੀ ਦਾ ਪ੍ਰਯੋਗ ਕਰਕੇ ਹਾਸਰਾਸ ਦੇ ਪੋ੍ਗਰਾਮ ਦਾ ਵੀ ਜਨਾਜ਼ਾ ਕੱਢੀ ਜਾਦੇਂ ਹਨ। ਦੂਜੇ ਪਾਸੇ ਰਿਆਲਟੀ ਸੌਆਂ ਦੇ ਨਾਂ ਉੱਤੇ ਵੀ ਇਹ ਚੱਲ ਰਿਹਾ ਹੈ ਸਿਰਫ਼ ਟੀ. ਆਰ. ਪੀ. ਵਧਾਉਣ ਦੇ ਚੱਕਰ ਵਿੱਚ ਹੀ ਛੋਟੀ ਉਮਰ ਦੇ ਬੱਚਿਆਂ ਨੂੰ ਛੋਟੇ ਛੋਟੇ ਕੱਪੜੇ ਪਵਾਂਕੇ ਕੀ ਕਰਵਾ ਰਹੇ ਹਨ ਕੁਝ ਵੀ ਸਮਝ ਨਹੀਂ ਆ ਰਿਹਾ ਹੈ ਕਿ ਉਹ ਦੇਖਣ ਵਾਲੇ ਨੂੰ ਕੀ ਦਿਖਾਉਣਾ ਚਾਹੁੰਦੇ ਹਨ। ਕਿਸੇ ਪੋ੍ਗਰਾਮ ਵਿੱਚ ਹਿੱਸਾ ਲੈਣ ਵਾਲਾ ਪ੍ਤਿਯੋਗੀ ਹੀ ਆਪਣੇ ਗੁਰੂ ਨਾਲ ਹੀ ਫਲਰਟ ਕਰੀ ਜਾਦਾਂ ਦਿਖਾਇਆ ਜਾਂਦਾ ਹੈ । ਇਹ ਪੋ੍ਗਰਾਮ ਦੇਖਣ ਵਾਲੇ ਬੱਚਿਆਂ ਦੇ ਕੋਮਲ ਮਨਾਂ ਉੱਤੇ ਕੀ ਪ੍ਭਾਵ ਪੈਦਾ ਹੈ ਇਹ ਗੱਲ ਬਿਲਕੁਲ ਸੋਚਣ ਵਾਲੀ ਹੈ। ਗੁਰੂ ਅਤੇ ਚੇਲੇ ਦੇ ਪਵਿੱਤਰ ਰਿਸ਼ਤੇ ਨੂੰ ਕਿਹੜੇ ਪਾਸੇ ਲੈ ਕੇ ਜਾ ਰਹੇ ਹਨ।
ਹੋਰ ਤਾਂ ਹੋਰ ਜੋ ਪਹਿਲਾਂ ਕਦੇ ਵੀ ਨਹੀਂ ਹੋਇਆਂ ਸੀ ਪ੍ਤਿਯੋਗੀ ਬਾਰੇ ਘੱਟ ਉਸਦੇ ਲੜਕੇ ਮਿੱਤਰ ਬਾਰੇ ਜਾ ਲੜਕੀ ਮਿੱਤਰ ਬਾਰੇ ਜਿਆਦਾ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਜਾਂਦੀ ਹੈ ਜਿਸਦਾ ਇਸ ਨਾਲ ਦੂਰ ਦੂਰ ਤੱਕ ਕੋਈ ਵੀ ਸਬੰਧ ਨਹੀਂ ਹੁੰਦਾ।
ਜੱਜ ਦੀ ਸੀਟ ਉੱਤੇ ਬਿਰਾਜਮਾਨ ਜੱਜ ਸਾਹਿਬਾਨ ਜੋ ਵੀ ਮੂੰਹ ਵਿੱਚ ਆਉਂਦਾ ਬੋਲੀ ਜਾਦੇਂ ਹਨ ਤੇ ਬਾਕੀ ਨਾਲ ਬੈਠੇ ਬੇਤੁਕੀਆਂ ਗੱਲਾਂ ਉੱਤੇ ਤਾੜੀਆਂ ਮਾਰੀ ਜਾਦੇਂ ਹਨ। ਸਟੇਜ ਅਨਾਊਂਸਰ (ਸੈਕਟਰੀ) ਆਪਣੇ ਸਾਥੀ ਕਲਾਕਾਰ ਨੂੰ ਹੀ ਕਿੰਨੇ ਘਟੀਆ ਤਰੀਕੇ ਨਾਲ ਮਜ਼ਾਕ ਕਰ ਰਿਹਾ ਹੈ ਜੋ ਕਿ ਨੈਸ਼ਨਲ ਟੈਲੀਵਿਜ਼ਨ ਉੱਤੇ ਦਿਖਾਇਆ ਜਾ ਰਿਹਾ ਹੈ। ਸਾਰੇ ਉਹਨਾਂ ਦੀਆਂ ਬੇਕਾਰ ਗੱਲਾਂ ਵਿੱਚ ਇੰਝ ਸਾਥ ਦਿੰਦੇ ਦਿਖਾਏ ਜਾਦੇਂ ਹਨ ਜਿਵੇਂ ਇਹ ਸਾਰਾ ਕੁਝ ਬਹੁਤ ਹੀ ਕੀਮਤੀ ਹੋਵੇ। ਅੰਤ ਵਿੱਚ ਸਾਰਾ ਖੇਲ ਟੀ. ਆਰ. ਪੀ. ਦਾ ਹੀ ਰਹਿ ਜਾਦਾਂ ਹੈ। ਸਾਡੀ ਆਉਣ ਵਾਲੀ ਪੀੜੀ ਉੱਤੇ ਜੋ ਵੀ ਪ੍ਭਾਵ ਪੈਣਾ ਪਈ ਜਾਵੇ ,ਇਸ ਨਾਲ ਇਹਨਾਂ ਦਾ ਕੋਈ ਵੀ ਮਤਲਬ ਨਹੀਂ ਹੈ। ਸੋ ਇਹ ਗੱਲ ਆਪਾਂ ਦਰਸ਼ਕਾਂ ਦੇ ਹੀ ਸੋਚਣ ਵਾਲੀ ਹੈ, ਤੁਸੀਂ ਇਸ ਬਾਰੇ ਜਰੂਰ ਸੋਚੋ।
ਸੰਦੀਪ ਦਿਉੜਾ
8437556667