3.8 C
United Kingdom
Friday, March 6, 2026

More

    ਮਾਣਮੱਤੇ ਪੰਜਾਬੀ: ਕੈਨੇਡਾ ’ਚ ਜਗਰੂਪ ਬਰਾੜ ਦੀ ਜਿੱਤ ਨੇ ਵਧਾਇਆ ਬਠਿੰਡੇ ਦਾ ਮਾਣ

    ਦਿਓਣ ਦੇ ਬਰਾੜ ਪ੍ਰੀਵਾਰਾਂ ’ਚ ਖੁਸ਼ੀਆਂ ਵਾਲਾ ਮਹੌਲ
    ਅਸ਼ੋਕ ਵਰਮਾ
    ਬਠਿੰਡਾ,26ਅਕਤੂਬਰ। ਕੈਨੇਡਾ ਦੇ ਬਿ੍ਰਟਿਸ਼ ਕੋਲੰਬੀਆ ਸੂਬੇ ‘ਚ ਹਾਲ ਹੀ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ  ’ਚ ਨਿਊ ਡੈਮੋਕ੍ਰੇਟਸ ਪਾਰਟੀ ) ਦੇ ਉਮੀਦਵਾਰ ਜਗਰੂਪ ਸਿੰਘ ਬਰਾੜ ਦੀ ਜਿੱਤ ਨੇ ਬਠਿੰਡੇ ਵਾਲਿਆਂ ਦੇ ਚਿਹਰਿਆਂ ਤੇ ਖੁਸ਼ੀ ਝਲਕਾ ਦਿੱਤੀ ਹੈ । ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਬਾਸਕਟਬਾਲ ਟੀਮ ਦੇ ਸਾਬਕਾ ਕੌਮਾਂਤਰੀ ਖਿਡਾਰੀ ਬਰਾੜ ਦਾ ਜੱਦੀ ਪਿੰਡ ਦਿਓਣ  ਬਠਿੰਡਾ ਜਿਲ੍ਹੇ ’ਚ ਪੈਂਦਾ ਹੈ । ਇਹ ਉਨਾਂ ਦੀ ਪੰਜਵੀਂ  ਜਿੱਤ ਹੈ ਜਿਸ ’ਚ ਉਹਨਾਂ ਸਰੀ-ਫ਼ਲੀਟਵੁੱਡ ਹਲਕੇ ਤੋਂ ਲਿਬਰਲ ਪਾਰਟੀ ਦੇ ਗੈਰੀ ਥਿੰਦ  ਨੂੰ ਹਰਾਇਆ ਹੈ । ਜਿੱਤ ਦੀ ਖਬਰ ਮਿਲਦਿਆਂ ਸ੍ਰੀ ਬਰਾੜ ਦੇ ਦਿਓਣ ’ਚ ਵੱਸਦੇ ਪ੍ਰੀਵਾਰਾਂ ਨੂੰ ਵੱਡੀ ਗਿਣਤੀ ਪਿੰਡ ਵਾਸੀਆਂ ਨੇ ਵਧਾਈ ਦਿੱਤੀ। ਅੱਜ ਵੀ ਇਸ ਜਿੱਤ ਦੀ ਖੁਸ਼ੀ ਲੱਡੂ ਵੰਡ ਕੇ ਮਨਾਈ। ਸ੍ਰੀ ਬਰਾੜ ਦੇ ਪਿਤਾ ਸਵ.ਕਾਕਾ ਸਿੰਘ ਬਰਾੜ ਪਿੰਡ ਦੇ ਮੀਰੇ-ਆਬ ਅਤੇ ਪੰਚ ਰਹੇ ਹਨ ਜਿਹਨਾਂ ਦਾ ਪਿੰਡ ’ਚ ਕਾਫੀ ਅਸਰ ਰਸੂਖ ਸੀ। ਉਨਾਂ ਦੀ ਮਾਤਾ ਜੰਗੀਰ ਕੌਰ ਵੀ ਇਸ ਦੁਨੀਆਂ ‘ਚ ਨਹੀਂ ਰਹੇ ਹਨ।
                   ਜਾਣਕਾਰੀ ਅਨੁਸਾਰ ਜਗਰੂਪ ਬਰਾੜ ਹੋਰੀਂ ਚਾਰ ਭਰਾ ਹਨ ਜਿਹਨਾਂ ਚੋਂ ਜਸਵੰਤ ਸਿੰਘ ਬਰਾੜ ਵੀ ਕੈਨੇਡਾ ਵੱਸਦੇ ਹਨ। ਪਿੰਡ ’ਚ ਇਸ ਵੇਲੇ ਉਹਨਾਂ ਦੇ ਭਰਾ ਬਲਵੰਤ ਸਿੰਘ ਬਰਾੜ ਅਤੇ ਸਵ. ਠਾਣਾ ਸਿੰਘ ਬਰਾੜ ਦਾ ਪ੍ਰੀਵਾਰ ਹੈ। ਜਿੱਤ ਪਿੱਛੋਂ ਬਰਾੜ ਪ੍ਰੀਵਾਰਾਂ ’ਚ ਕਾਫੀ ਖੁਸ਼ੀ ਦਾ ਮਹੌਲ ਪਾਇਆ ਜਾ ਰਿਹਾ ਹੈ । ਪਿੰਡ ਵਾਸੀਆਂ ਦਾ ਕਹਿਣਾ ਸੀ ਕਿ ਜਗਰੂਪ ਬਰਾੜ ਨੇ ਸਿਰਫ ਪਿੰਡ ਹੀ ਨਹੀਂ ਪੰਜਾਬ ਦਾ ਮਾਣ ਵਧਾਇਆ ਹੈ। ਉਹਨਾਂ ਕਿਹਾ ਕਿ ਸ੍ਰੀ ਬਰਾੜ ਨੂੰ ਜੋ ਸਿੱਖਿਆ ਵਿਰਸੇ ’ਚ ਮਿਲੀ ਉਸ ਮੁਤਾਬਕ ਉਨਾਂ ਹਮੇਸ਼ਾ ਹੀ ਸਿਹਤਮੰਦ ਸਮਾਜ ਦੀ ਪਿਰਤ ਪਾਈ ਹੈ । ਸ੍ਰੀ ਬਰਾੜ ਦੇ ਭਤੀਜੇ ਸੰਦੀਪ ਸਿੰਘ ਦਾ ਪ੍ਰਤੀਕਰਮ ਸੀ ਕਿ ਤਾਇਆ ਜੀ ਨੇ ਪੰਜਾਬੀ ਮਾਂ ਬੋਲੀ ਦਾ ਸਿਰ ਉੱਚਾ ਕੀਤਾ ਹੈ ,ਇਸ ਤੇ ਪ੍ਰੀਵਾਰ ਨੂੰ ਫਖਰ ਹੈ । ਉਨਾਂ ਦੇ ਭਤੀਜੇ ਹਰਕੰਤ ਸਿੰਘ ਨੇ ਕਿਹਾ ਕਿ ਵੱਡੇ ਰੁਝੇਵਿਆਂ ਦੇ ਬਾਵਜੂਦ ਕੈਨੇਡਾ ‘ਚ ਚਾਚਾ ਜੀ ਨੇ ਹਮੇਸ਼ਾ ਹੀ ਸਮਾਜਿਕ ਕੰਮਾਂ ਪਹਿਲ ਦਿਖਾਈ ਹੈ।
                          ਭਰਾ ਬਲਵੰਤ ਸਿੰਘ ਬਰਾੜ ਨੇ ਕਿਹਾ ਕਿ ਜਿੱਤ ਵਾਲਾ ਦਿਨ ਪਿੰਡ ਵਾਸੀਆਂ ਤੇ ਇਲਾਕੇ ਲਈ ਭਾਗਸ਼ਾਲੀ ਹੈ । ਉਹਨਾਂ ਆਸ ਪ੍ਰਗਟ ਕੀਤੀ ਕਿ ਜਗਰੂਪ ਬਰਾੜ ਪੰਜਾਬੀਅਤ ਦਾ ਬੁਲੰਦ ਕੀਤਾ ਝੰਡਾ ਅੱਗਿਓਂ ਵੀ ਉੱਚਾ ਰੱਖਣਗੇ। ਦੱਸਣਯੋਗ ਹੈ ਕਿ ਜਗਰੂਪ ਸਿੰਘ ਬਰਾੜ 90 ਦੇ ਦਹਾਕੇ ’ਚ ਆਮ ਪੰਜਾਬੀਆਂ ਦੀ ਤਰਾਂ ਕੈਨੇਡਾ ਦੇ ਮੈਨਟੋਬਾ ਗਿਆ ਸੀ । ਸਾਲ 2004 ’ਚ ਬਿ੍ਰਟਿਸ਼ ਕੋਲੰਬੀਆ ਸੂਬੇ ਦੀ ਵਿਧਾਨ ਸਭਾ ਲਈ ਹੋਈ ਜਿਮਨੀ ਚੋਣ ’ਚ ਬਰਾੜ ਨੇ ਸਰੀ ਤਨਰੋਮਾਹਲਾ ਹਲਕੇ ਤੋਂ ਪਹਿਲੀ ਵਾਰ ਜਿੱਤ ਪ੍ਰਾਪਤ ਕੀਤੀ ਸੀ।  ਉਸ ਮਗਰੋਂ ਸਾਲ 2005 ਅਤੇ ਸਾਲ 2009 ’ਚ ਵਿਧਾਨ ਸਭਾ ਦੀਆਂ ਆਮ ਚੋਣਾਂ ’ਚ ਉਨਾਂ ਸਰੀ-ਫ਼ਲੀਟਵੁੱਡ ਹਲਕੇ ਤੋਂ ਲਗਾਤਾਰ ਜਿੱਤਾਂ ਦਰਜ ਕੀਤੀਆਂ। ਮਈ 2013 ’ਚ ਹੋਈਆਂ ਚੋਣਾਂ ਦੌਰਾਨ ਬਰਾੜ ਸਰੀ-ਫ਼ਲੀਟਵੁੱਡ ਹਲਕੇ ਤੋਂ ਜਬਰਦਸਤ ਮੁਕਾਬਲੇ ਦੌਰਾਨ ਪੀਟਰ ਫਾਸਬੈਂਡਰ ਹੱਥੋਂ ਸਿਰਫ 265 ਵੋਟਾਂ ਨਾਲ ਹਾਰ ਗਏ ਸਨ। ਸਾਲ 2017 ਦੀਆਂ ਇੰਨਾਂ ਚੋਣਾਂ ’ਚ ਉਨਾਂ ਆਪਣੇ ਰਵਾਇਤੀ ਵਿਰੋਧੀ ਨੂੰ ਮਾਤ ਦੇਕੇ ਆਪਣੀ ਹਾਰ ਦਾ ਬਦਲਾ ਚੁਕਾ ਲਿਆ ਸੀ।
                         ਨਿਊ ਡੈਮੋਕਰੈਟਿਕ ਪਾਰਟੀ ਦੇ ਜਗਰੂਪ ਬਰਾੜ ਗਰੀਬੀ ਦੀ ਰੇਖਾ ਤੋਂ ਹੇਠਾਂ  ਜੀਵਨ ਬਤੀਤ ਕਰ ਰਹੇ ਲੋਕਾਂ  ਲਈ ਫੌਰੀ ਤੌਰ ‘ਤੇ ਕਦਮ ਚੁੱਕਣ ਦੇ ਹਾਮੀ ਮੰਨੇ ਜਾਂਦੇ ਹਨ। ਅਜਿਹੇ ਲੋਕ ਆਪਣੀ ਜ਼ਿੰਦਗੀ ਕਿਵੇਂ ਬਸਰ ਕਰਦੇ ਹਨ ,ਨੂੰ ਨੇੜਿਓਂ ਤੱਕਣ ਲਈ ਸਾਲ 2012 ’ਚ ਉਹਨਾਂ ਨੇ ਇੱਕ ਮਹੀਨਾ ਏਦਾਂ ਦੇ ਲੋਕਾਂ ਦੀ ਜੂਨ ਹੰਢਾ ਕੇ ਵੇਖੀ ਹੈ। ‘ਰਾਈਜ਼ ਦਾ ਰੇਟਸ’ ਸਮਾਜ ਸੇਵੀ ਸੰਸਥਾ ਨੇ ਬਿ੍ਰਟਿਸ਼ ਕੋਲੰਬੀਆ ਦੇ ਵਿਧਾਇਕਾਂ  ਤੇ  ਸਰਕਾਰ ਤੋਂ ਮੰਗ ਕੀਤੀ ਸੀ ਕਿ  ਵੈਲਫੇਅਰ ‘ਤੇ ਗੁਜ਼ਾਰਾ ਕਰਨ ਵਾਲੇ ਲੋਕਾਂ  ਦਾ ਗੁਜ਼ਾਰਾ ਭੱਤਾ ਦੁੱਗਣਾ ਕੀਤਾ ਜਾਏ ਜਾਂ  ਫਿਰ ਉਹਨਾਂ  ਵਾਂਗ 610 ਡਾਲਰ ‘ਚ ਮਹੀਨਾ ਭਰ ਅਜਿਹੇ ਪ੍ਰੀਵਾਰਾਂ  ਵਾਂਗ ਜ਼ਿੰਦਗੀ ਬਸਰ ਕਰਕੇ ਵਿਖਾਉਣ। ਪਤਾ ਲੱਗਿਆ ਹੈਕਿ ਸ੍ਰੀ ਬਰਾੜ ਅਜਿਹੀ ਚੁਣੌਤੀ ਕਬੂਲਣ ਵਾਲੇ ਪਹਿਲੇ ਪੰਜਾਬੀ ਵਿਧਾਇਕ ਤਾਂ ਬਣ ਗਏ ਪਰ ਇਸ ਤਰਾਂ ਕਰਨ ਨਾਲ ਉਨਾਂ ਦਾ ਵਜ਼ਨ ਕਾਫੀ ਘਟ ਗਿਆ ਸੀ।  
                         ਉਹ ਬਿ੍ਰਟਿਸ਼ ਕੋਲੰਬੀਆ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਵਾਈਸ ਚੇਅਰਮੈਨ ਵੀ ਰਹੇ ਅਤੇ ਛੋਟੇ ਕਾਰੋਬਾਰ ਮਾਮਲਿਆਂ  ਸਮੇਤ ਰੈਵੇਨਿਊ, ਲੋਕ ਸੁਰੱਖਿਆ ਤੇ ਜਨ ਸਿਹਤ ਬਾਰੇ ਵਿਰੋਧੀ ਧਿਰ ਦੀ ਆਲੋਚਨ ਵੀ ਕੀਤੀ। ਜਗਰੂਪ ਬਰਾੜ ਨੇ ਫ਼ਿਲਾਸਫ਼ੀ ਅਤੇ ਪਬਲਿਕ ਐਡਮਨਿਸਟ੍ਰੇਸ਼ਨ ਵਿਚ ਮਾਸਟਰਜ਼ ਡਿਗਰੀ ਹਾਸਲ ਕੀਤੀ ਹੋਈ ਹੈ। ਸਰੀ ਸੈਲਫ਼-ਇੰਪਲਾਇਮੈਂਟ ਐਂਡ ਇੰਟਰਪ੍ਰੈਨਿਉਰ ਡਿਵੈਲਪਮੈਂਟ ਸੁਸਾਇਟੀ ਦਾ ਕਾਰਜਕਾਰੀ ਡਾਇਰੈਕਟਰ ਹੋਣ ਦੇ ਨਾਤੇ ਉਹ ਨਵੇਂ ਉਦਮੀਆਂ  ਨੂੰ ਛੋਟੇ ਕਾਰੋਬਾਰ ਸਥਾਪਤ ਕਰਨ ਲਈ ਸਿਖਲਾਈ ਦਿੰਦੇ ਹਨ। ਉਹ ਆਪਣੀ ਪਤਨੀ ਰਾਜਵੰਤ ਕੌਰ ਅਤੇ ਬੱਚਿਆਂ  ਨੂਰ ਤੇ ਫ਼ਤਿਹ ਨਾਲ ਸਰੀ ਵਿਖੇ ਰਹਿ ਰਹੇ ਹਨ। ਬੱਚੇ ਇਸ ਵੇ ਪੜਾਈ ਮੁਕੰਮਲ ਕਰ ਰਹੇ ਹਨ ਜਿਹਨਾਂ ਨੂੰ ਜਗਰੂਪ ਬਰਾੜ ਨੇ ਪੰਜਾਬ ਪੰਜਾਬੀਅਤ ਅਤੇ ਮਾਂ ਬੋਲੀ ਦੀ ਜਾਗ ਲਾਈ ਹੋਈ ਹੈ। ਉਮਰ ਦੇ ਇਸ ਮੁਕਾਮ ਤੇ ਵੀ ਉਹ ਵਿਧਾਇਕ ਦੇ ਤੌਰ ਤੇ ਆਮ ਲੋਕਾਂ ਲਈ ਕੁੱਝ ਨਾਂ ਕੁੱਝ ਕਰਨ ਦੀ ਯੋਜਨਾ ਬਣਾਉਂਦੇ ਰਹਿੰਦੇ ਹਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!