ਦੁੱਖਭੰਜਨ ਰੰਧਾਵਾ
0351920036369
ਤੇਰੀ ਨਿੱਕੀ ਜਿੰਨੀ ਜਾਨ,
ਨੀ ਕਿੰਨੀ ਰਹੀ ਪਰੇਸ਼ਾਨ |
ਤੂੰ ਕਈ ਕੁਝ ਝੱਲਿਆ ਮੇਰੇ ਲਈ,
ਇਹ ਤੇਰਾ ਬੜਾ ਅਹਿਸਾਨ |
ਤੇਰੀ ਨਿੱਕੀ ਜਿੰਨੀ ਜਾਨ,
ਨੀ ਕਿੰਨੀ ਰਹੀ ਪਰੇਸ਼ਾਨ |
ਮੈਂ ਮਨਾਉਂਦਾ ਨਹੀਂ ਸੀ ਤੈਨੂੰ,
ਕਹਿੰਦਾ ਹੀ ਸੀ ਬਸ,
ਪਰ ਤੂੰ ਸਦਾ ਹੀ ਮੰਨੀ |
ਰਹੀ ਸਾਏ ਵਾਂਗੂ ਨਾਲ,
ਕਦੇ ਡੋਲਣ ਨਾ ਦਿੱਤਾ,
ਸਰਕਾਈ ਨਾ ਤੂੰ ਕੰਨੀ |
ਤੇਰੇ ਮੇਰੇ ਚਾਅ ਨੇ ਸਾਂਝੇ,
ਨੇ ਸਾਡੇ ਸਾਂਝੇ ਅਰਮਾਨ |
ਤੇਰੀ ਨਿੱਕੀ ਜਿੰਨੀ ਜਾਨ,
ਨੀ ਕਿੰਨੀ ਰਹੀ ਪਰੇਸ਼ਾਨ |
ਨੀ ਤੂੰ ਚੰਨ ਜਾਈ,
ਮੈਂ ਤੇਰੇ ਪੈਰ ਧੋ-ਧੋ ਪੀਵਾਂ,
ਮੈਂ ਤੇਰੇ ਸਿਦਕ ਤੋਂ ਵਾਰੀ |
ਯਕੀਨ ਏਨਾ ਰੱਬ ਉੱਤੇ,
ਨੀ ਏਸੇ ਕਰਕੇ ਮੈਂ ਤੈਥੋਂ,
ਪੰਡ ਸ਼ਬਦਾਂ ਦੀ ਵਾਰੀ |
ਨੀ ਤੇਰਾ ਨਾਮ ਹੋ ਜਾਵੇ,
ਮੇਰਾ ਤੇਰੇ ਚ ਧਿਆਨ |
ਤੇਰੀ ਨਿੱਕੀ ਜਿੰਨੀ ਜਾਨ,
ਨੀ ਕਿੰਨੀ ਰਹੀ ਪਰੇਸ਼ਾਨ |
ਨੀ ਮੈਂ ਸਿਖਰਾਂ ਨੂੰ ਜਾਣਾ,
ਤੈਨੂੰ ਨਾਲ ਲੈ ਕੇ ਜਿੰਦੇ,
ਅਸਾਂ ਸਿਖਰ ਕਰਾਉਣੀਂ |
ਬੀਤੇ ਜਨਮਾਂ ਦੇ ਸਾਥੀ,
ਇਸ ਜਨਮ ਚ ਵੀ ਨੀ,
ਜਿੰਦ-ਜਿੰਦ ਨਾ ਹੰਢਾਉਣੀਂ |
ਤੈਨੂੰ ਪਤਾ-ਤੈਨੂੰ ਪਤਾ,
ਤੇਰੇ ਵਿੱਚ ਮੇਰੀ ਜਾਨ |
ਤੇਰੀ ਨਿੱਕੀ ਜਿੰਨੀ ਜਾਨ,
ਨੀ ਕਿੰਨੀ ਰਹੀ ਪਰੇਸ਼ਾਨ |
ਨੀ ਜੇ ਮੈਂ ਬੋਲੇ ਕੌੜੇ ਬੋਲ,
ਉਹਨਾਂ ਬੋਲਾਂ ਨੂੰ ਦਿਨ,
ਦੀਵੀਂ ਲੱਗਣ ਕਟਹਿਰੇ |
ਮਿਲੇ ਜ਼ਖਮਾਂ ਨੂੰ ਤਿੱਖੀ,
ਪੀੜ ਰੋਣ ਅੱਲੇ ਫੱਟ,
ਓ ਵੀ ਦਿਨੇਂ ਦੁਪਹਿਰੇ |
ਉੱਤੇ ਮਿਰਚਾਂ ਤੂੰ ਭੁੱਕੀਂ,
ਤੇ ਮੈਂ ਹੋਊਂ ਨਾ ਹੈਰਾਨ |
ਤੇਰੀ ਨਿੱਕੀ ਜਿੰਨੀ ਜਾਨ,
ਨੀ ਕਿੰਨੀ ਰਹੀ ਪਰੇਸ਼ਾਨ |
ਦੁੱਖਭੰਜਨ ਨੇ ਹੋਵੇ ਤੇਰਾ,
ਦਿਲ ਜੇ ਦੁਖਾਇਆ ਨੀ,
ਰੱਬ ਮੁਆਫ ਨਾ ਕਰੇ |
ਦੁੱਖਭੰਜਨ ਨੇ ਤੈਨੂੰ ਜੇ,
ਕਦੇ ਹੋਵੇ ਅਜ਼ਮਾਇਆ,
ਤਾਂ ਰੱਬ ਮੁਆਫ ਨਾ ਕਰੇ |
ਹੁਣ ਤੇਰਾ ਸਾਥ ਦੇਣੈਂ,
ਨੀ ਭਲੀ ਕਰੇ ਭਗਵਾਨ |
ਤੇਰੀ ਨਿੱਕੀ ਜਿੰਨੀ ਜਾਨ,
ਨੀ ਕਿੰਨੀ ਰਹੀ ਪਰੇਸ਼ਾਨ |