

ਅਸ਼ੋਕ ਵਰਮਾ
ਬਠਿੰਡਾ,24 ਅਕਤੂਬਰ2020: ਪਿਛਲੇ ਲਗਭਗ 12 ਸਾਲ ਤੋਂ ਨਰੇਗਾ ਅਧੀਨ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵਿੱਚ ਡਿਊਟੀ ਕਰ ਰਹੇ ਨਰੇਗਾ ਮੁਲਾਜ਼ਮਾਂ ਨੇ ਆਪਣੀਆਂ ਸੇਵਾਵਾਂ ਰੈਗੂਲਰ ਕਰਵਾਉਣ ਲਈ ਸੰਘਰਸ਼ ਤੇਜ਼ ਕਰਦਿਆਂ ਅੱਜ ਇੱਥੇ ਵੱਡਾ ਇਕੱਠ ਕਰਕ ਕੈਪਟਨ ਅਮਰਿੰਦਰ ਸਿੰਘ, ਮੋਨਟੇਕ ਸਿੰਘ ਆਹਲੂਵਾਲੀਆ ਅਤੇ ਖੇਤੀਬਾੜੀ ਸੈਕਟਰ ਨੂੰ ਖਤਮ ਕਰਨ ਵਾਲੇ ਨਰਿੰਦਰ ਮੋਦੀ ਦੇ ਪੁਤਲੇ ਸਾੜੇ ਅਤੇ ਪੱਕਾ ਕਰਨ ਦੀ ਮੰਗ ਰੱਖੀ। ਵਰਿੰਦਰ ਸਿੰਘ ਸੂਬਾ ਪ੍ਰਧਾਨ ਨਰੇਗਾ ਕਰਮਚਾਰੀ ਯੂਨੀਅਨ ਪੰਜਾਬ ਨੇ ਦੱਸਿਆ ਕਿ ਨਰੇਗਾ ਮੁਲਾਜ਼ਮਾਂ ਦੀ ਭਰਤੀ ਪੂਰੇ ਪਾਰਦਰਸ਼ੀ ਢੰਗ ਨਾਲ ਪੱਕੀ ਭਰਤੀ ਲਈ ਵਰਤੇ ਜਾਂਦੇ ਮਾਪਦੰਡਾਂ ਅਨੁਸਾਰ ਹੋਈ ਹੈ। ਉਹਨਾਂ ਦੱਸਿਆ ਕਿ ਸਮੇਂ-ਸਮੇਂ ਤੇ ਮੁਲਾਜ਼ਮਾਂ ਨੂੰ ਸਰਕਾਰ ਵੱਲੋਂ ਮੰਗਾਂ ਪ੍ਰਵਾਨ ਕਰਨ ਦਾ ਭਰੋਸਾ ਦਿੱਤਾ ਜਾਂਦਾ ਰਿਹਾ ਹੈ । ਖਾਸ ਤੌਰ ਤੇ ਦੋ ਵਾਰ ਵੱਡੀਆਂ ਹੜਤਾਲਾਂ ਖਤਮ ਕਰਵਾਉਣ ਲਈ ਪੰਜ ਮੈਂਬਰੀ ਕਮੇਟੀ ਗਠਿਤ ਕਰਕੇ ਰੈਗੂਲਰ ਕਰਨ ਦਾ ਐਲਾਨ ਕੀਤਾ ਸੀ ਪਰ ਕਮੇਟੀ ਨੇ ਡੱਕਾ ਵੀ ਨਹੀਂ ਤੋੜਿਆ ਹੈ।
ਉਹਨਾਂ ਕਿਹਾ ਕਿ ਸਰਕਾਰ ਨੇ ਠੇਕਾ ਮੁਲਾਜ਼ਮ ਵੈਲਫੇਅਰ ਐਕਟ-2016 ਲਾਗੂ ਕਰਕੇ ਕਈ ਵਿਭਾਗਾਂ ਦੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਵੀ ਕਰ ਦਿੱਤਾ ਹੈ ਜਦੋਂ ਕਿ ਇਸੇ ਐਕਟ ਨੂੰ ਤੋੜ ਕੇ ਨਵਾਂ ਐਕਟ ਬਣਾਉਣ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ । ਉਹਨਾਂ ਆਖਿਆ ਕਿ ਸਰਕਾਰ ਨੇ ਇੱਕ ਲੱਖ ਨਵੀਆਂ ਨੌਕਰੀਆਂ ਦੇਣ ਦੇ ਐਲਾਨ ਕੀਤੇ ਹਨ ਅਤੇ ਵਿਭਾਗਾਂ ਦਾ ਪੁਨਰਗਠਨ ਕਰਨ ਦੇ ਨਾਮ ਤੇ ਹਜਾਰਾਂ ਦੀ ਗਿਣਤੀ ਵਿੱਚ ਪੱਕੀਆਂ ਅਸਾਮੀਆਂ ਖਤਮ ਕੀਤੀਆਂ ਜਾ ਰਹੀਆਂ ਹਨ। ਉਹਨਾਂ ਦੱਸਿਆ ਕਿ ਪਿਛਲੇ 15-20 ਸਾਲਾਂ ਤੋਂ ਕੱਚੀਆਂ ਅਸਾਮੀਆਂ ਤੇ ਕੰਮ ਕਰਦੇ ਲੱਖਾਂ ਨੌਜਵਾਨਾਂ ਨੂੰ ਅਣਗੌਲਿਆਂ ਕਰਕੇ ਕਿਰਤ ਦੀ ਅੰਨੀ ਲੁੱਟ ਕੀਤੀ ਹੈ। ਅੱਜ ਜਦੋਂ ਨਰੇਗਾ ਮੁਲਾਜ਼ਮ ਦੁਬਾਰਾ ਕੀਤੇ ਵਾਅਦੇ ਅਨੁਸਾਰ ਰੈਗੂਲਰ ਕਰਨ ਦੀ ਮੰਗ ਕਰਦੇ ਹਨ ਤਾਂ ਉਹਨਾਂ ਦੀ ਆਵਾਜ਼ ਨੂੰ ਦਬਾਉਣ ਲਈ ਝੂਠੇ ਤੇ ਮਨਘੜਤ ਇਲਜਾਮ ਲਾ ਕੇ ਜਾਂ ਤਾਂ ਦੂਰ-ਦੁਰਾਡੇ ਬਦਲੀਆਂ ਜਾਂ ਨੌਕਰੀ ਤੋਂ ਕੱਢ ਦੇਣ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਹਨ।
ਉਹਨਾਂ ਦੱਸਿਆ ਕਿ ਬਠਿੰਡਾ ਪ੍ਰਸ਼ਾਸ਼ਨ ਨੇ ਪੁਤਲੇ ਫੂਕਣ ਦੇ ਸੰਘਰਸ਼ ਨੂੰ ਸਾਬੋਤਾਜ ਕਰਨ ਲਈ 61 ਗਰਾਮ ਰੋਜਗਾਰ ਸੇਵਕਾਂ ਨੂੰ ਦੂਰ ਬਲਾਕਾਂ ਵਿੱਚ ਬਦਲ ਦਿੱਤਾ ਹੈ। ਉਹਨਾਂ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਸੱਦੇ ਤੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਉਹ ਰੈਗੂਲਰ ਹੋਣ ਤੱਕ ਟਿਕ ਕੇ ਨਹੀਂ ਬੈਠਣਗੇ ਅਤੇ ਆਉਣ ਵਾਲੇ ਦਿਨਾਂ ਵਿੱਚ ਪਰਿਵਾਰਾਂ ਅਤੇ ਨਰੇਗਾ ਮਜਦੂਰਾਂ ਨੂੰ ਨਾਲ ਲੈ ਕੇ ਕੈਬਨਿਟ ਸਬ ਕਮੇਟੀ ਵਿੱਚ ਸ਼ਾਮਲ ਪੰਜ ਮੰਤਰੀਆਂ ਦੇ ਘਰਾਂ ਦੇ ਘਿਰਾਓ ਕੀਤੇ ਜਾਣਗੇ।ਜਗਾ-ਜਗਾ ਤੇ ਕਾਂਗਰਸੀ ਵਿਧਾਇਕਾਂ ਅਤੇ ਮੰਤਰੀਆਂ ਦੇ ਘਿਰਾਓ ਕੀਤੇ ਜਾਣਗੇ।ਇਸ ਮੌਕੇ ਜਿਲਾ ਪ੍ਰਧਾਨ ਸੁਖਬੀਰ ਸਿੰਘ,ਮੀਤ ਪ੍ਰਧਾਨ ਬੂਟਾ ਸਿੰਘ,ਸੂਬਾ ਪ੍ਰੈੱਸ ਸਕੱਤਰ ਅਮਰੀਕ ਸਿੰਘ ਮਹਿਰਾਜ,ਰਾਜਵੀਰ ਸਿੰਘ ਮਲੂਕਾ,ਗੁਰਪ੍ਰੀਤ ਸਿੰਘ ਬੰਗੀ,ਸੁਖਵਿੰਦਰ ਸਿੰਘ,ਕੌਰ ਸਿੰਘ,ਗੁਰਤੇਜ ਸਿੰਘ ਸੰਗਤ ਸਮੇਤ ਵੱਡੀ ਗਿਣਤੀ ਵਿੱਚ ਮੁਲਾਜ਼ਮ ਵੀ ਹਾਜਰ ਸਨ।