12.5 C
United Kingdom
Saturday, September 5, 2026

More

    ਚਿੱਟ ਫੰਡ ਕਾਰੋਬਾਰ ਦੇ ਤੰਦੂਆ ਜਾਲ ਨੇ ਨਿਗਲਿਆ ਦਵਿੰਦਰ ਦਾ ਪ੍ਰੀਵਾਰ

    ਅਸ਼ੋਕ ਵਰਮਾ
    ਬਠਿੰਡਾ 23 ਅਕਤੂਬਰ। ਬਠਿੰਡਾ ‘ਚ ਵੀਰਵਾਰ ਨੂੰ ਆਪਣੇ ਪ੍ਰੀਵਾਰ ਦੀ ਗੋਲੀਆਂ ਮਾਰ ਕੇ ਹੱਤਿਆ ਕਰਕੇ ਖੁਦਕਸ਼ੀ ਕਰਨ ਵਾਲੇ ਦਵਿੰਦਰ ਗਰਗ ਦੀ ਤਬਾਹੀ ਲਈ ਚਿੱਟ ਫੰਡ ਕਾਰੋਬਾਰ ਕਸੂਰਵਾਰ ਹੈ। ਦਿਲ ਦਹਿਲਾ ਦੇਣ ਵਾਲੀ ਇਸ ਘਟਨਾ ਸਬੰਧੀ ਸਾਹਮਣੇ ਆਏ ਤੱਥ ਦੱਸਦੇ ਹਨ ਕਿ ਇਸ ਧੰਦੇ ਨੇ ਕਿਵੇਂ ਇੱਕ ਹੱਸਦੇ ਪ੍ਰੀਵਾਰ ਦੀ ਬਲੀ ਲਈ ਹੈ। ਸਰਦੇ ਪੁਜਦੇ  ਲੋਕਾਂ ’ਚ ਗਿਣੇ ਜਾਂਦੇ ਦਵਿੰਦਰ ਗਰਗ ਦੇ ਮਾੜੇ ਦਿਨ ਉਦੋਂ ਸ਼ੁਰੂ ਹੋਏ ਜਦੋਂ ਉਸ ਨੇ ਇਸ ਧੰਦੇ ’ਚ ਪੈਰ ਧਰਿਆ ਸੀ। ਉਸ ਨੇ ਨਿਵੇਸ਼ਕਾਂ ਦੇ ਕਰੋੜਾਂ ਰੁਪਏ ਹੜੱਪ ਕੇ ਫਰਾਰ ਹੋਣ ਵਾਲੀ ਚਿੱਟ ਫੰਡ ਕੰਪਨੀ ਕਰਾਊਨ ’ਚ ਵੀ ਪੈਸਾ ਲਾਇਆ ਸੀ। ਦਵਿੰਦਰ ਨੇ ਕਰੋੜਾਂ ਰੁਪਏ ਖਰਚ ਕਰਕੇ ਆਲੀਸ਼ਾਨ ਕੋਠੀ ਬਣਾਈ ਸੀ ਜਿਸ ਨੂੰ ਦੇਣਦਾਰੀਆਂ ਕਾਰਨ ਕੌਡੀਆਂ ਦੇ ਭਾਅ ਵੇਚਣਾ ਪਿਆ। ਦੱਸਦੇ ਹਨ ਕਿ ਆਰਥਿਕ ਚੋਟਾਂ ਕਾਰਨ ਆਪਣੇ ਅੰਤਲੇ ਦਿਨਾਂ ਦੌਰਾਨ ਦਵਿੰਦਰ ਮਾਨਸਿਕ ਤੌਰ ਤੇ ਕਾਫੀ ਪ੍ਰੇਸ਼ਾਨ ਚੱਲਿਆ ਆ ਰਿਹਾ ਸੀ ਜਿਸ ਨੇ ਉਸ ਨੂੰ ਆਪਣੀ ਪਤਨੀ ਅਤੇ ਮਾਸੂਮ ਬੱਚਿਆਂ ਦੀ ਜਾਨ ਲੈਣ ਲਈ ਮਜਬੂਰ ਕਰ ਦਿੱਤਾ ਸੀ।
                      ਮਹੱਤਵਪੂਰਨ ਤੱਥ ਹੈ ਕਿ ਤਬਾਹੀ ਦਾ ਇਹ ਪਹਿਲਾ ਮਾਮਲਾ ਨਹਂੀ ਮਾਲਵੇ ’ਚ ਤਾਂ ਮੋਟੀ ਕਮਾਈ ਤੇ ਜਿਆਦਾ ਵਿਆਜ ਦਾ ਝਾਂਸਾ ਦੇਕੇ ਆਮ ਆਦਮੀ ਦੇ ਖੂਨ ਪਸੀਨੇ ਦੀ ਕਮਾਈ ਲੁੱਟਣ ਦੇ ਕਰੀਬ ਦੋ ਦਰਜਨ ਮਾਮਲੇ ਸਾਹਮਣੇ ਆ ਚੁੱਕੇ ਹਨ। ਤੱਥ ਗਵਾਹ ਹਨ ਕਈ ਵਰ੍ਹੇ ਪਹਿਲਾਂ ਚਿੱਟ ਫੰਡ ਕਾਰੋਬਾਰੀਆਂ ਦਾ ਇੱਕ ਤਰਾਂ ਨਾਲ ਹੜ ਜਿਹਾ ਹੀ ਆ ਗਿਆ ਸੀ। ਮਾਲਵੇ ’ਚ ਤਾਂ ਕਰਾਊਨ ਚਿੱਟ ਫੰਡ ਕੰਪਨੀ ਕੰਪਨੀ ਖਿਲਾਫ ਉਪਰੋਥਲੀ ਚਾਰ ਪੁਲੀਸ ਕੇਸ ਦਰਜ ਹੋਏ ਸਨ ਅਤੇ ਕੰਪਨੀ ਦੇ ਐਮ.ਡੀ. ਸਮੇਤ ਏਜੰਟਾਂ ਨੂੰ ਗਿ੍ਰਫ਼ਤਾਰ ਵੀ ਕੀਤਾ ਗਿਆ ਸੀ। ਕੋਸ਼ਿਸ਼ਾਂ ਦੇ ਬਾਵਜੂਦ ਨਿਵੇਸ਼ਕ ਅਜੇ ਵੀ ਡੁੱਬੀ ਰਾਸ਼ੀ ਲਈ ਭਟਕ ਰਹੇ ਹਨ ਜਿਹਨਾਂ ਰਾਤੋ ਰਾਤ ਅਮੀਰ ਬਣਨ ਦੀ ਲਾਲਸਾ ਵਿੱਚ ਕੰਪਨੀ ਵਿੱਚ ਧੜਾਧੜ ਨਿਵੇਸ਼ ਕੀਤਾ ਸੀ ।ਬਠਿੰਡਾ ਜਿਲ੍ਹੇ ’ਚ ਚਿੱਟ ਫੰਡ ਠੱਗੀ ਦਾ ਵੱਡਾ ਮਾਮਲਾ ਕਮੋਡਿਟੀ ਟਰੇਡਿੰਗ ਦੀ ਆੜ ‘ਚ ਦੋ ਵਿਅਕਤੀਆਂ ਵੱਲੋਂ 16 ਕਰੋੜ ਦੀ ਠੱਗੀ ਮਾਰਨ ਦਾ ਬੇਪਰਦ ਹੋਇਆ ਸੀ। ਥਾਣਾ ਕੋਤਵਾਲੀ ‘ਚ ਕਮੋਡਿਟੀ ਟਰੇਡਿੰਗ ਦੇ ਨਾਂ ਤੇ 5 ਕਰੋੜ 22 ਲੱਖ ਰੁਪਏ ਠੱਗਣ ਦਾ ਮੁਕੱਦਮਾ ਵੀ ਦਰਜ ਹੈ।
                                    ਬਠਿੰਡਾ ’ਚ ਤਾਂ ਖੁੰਬਾਂ ਦੀ ਪੈਦਾਵਾਰ ਦੇ ਨਾਮ ਹੇਠ ਚਿੱਟ ਫੰਡ ਕੰਪਨੀ ਵੱਲੋਂ ਨਿਵੇਸ਼ਕਾਂ ਨਾਲ ਕਰੀਬ 25 ਕਰੋੜ  ਰੁਪਏ ਦੀ ਠੱਗੀ ਮਾਰਨ ਦੇ ਮਾਮਲੇ ’ਚ 7 ਵਿਅਕਤੀਆਂ ਖਿਲਾਫ ਕੇਸ ਦਰਜ ਹੋਇਆ ਸੀ । ਇਵੇਂ ਹੀ ਭੇਡਾਂ ਬੱਕਰੀਆਂ ਦੀ ਖਰੀਦੋ ਫਰੋਖਤ ਦੇ ਨਾਮ ਹੇਠ ਦਿਨਾਂ  ਵਿਚ ਹੀ ਕਰੋੜਪਤੀ ਬਣਾਉਣ ਦਾ ਕਥਿਤ ਝਾਂਸਾ ਦੇਣ ਦੇ ਮਾਮਲੇ ’ਚ ਏ-ਵਨ ਫਾਰਮਿੰਗ ਵੀ ਇਸੇ ਸ਼ਰੇਣੀ ’ਚ ਆਉਂਦੀ ਹੈ।ਏਦਾਂ ਹੀ ਨਵਬੰਰ 2014 ‘ਚ ਲਾਈਵ ਟਰੇਡਿੰਗ ਦੇ ਨਾਮ ਤੇ ਨਿਵੇਸ਼ਕਾਂ ਕੋਲੋਂ 5 ਕਰੋੜ ਰੁਪਏ ਠੱਗ ਲਏ ਸਨ। ਅਕਤੂਬਰ 2014 ‘ਚ ਸੁਜਾਸ ਕੈਪੀਟਲ ਕੰਪਨੀ ਦਾ ਮਾਮਲਾ ਉਜਾਗਰ ਹੋਇਆ ਸੀ ਜਿਸ ’ਚ ਨਿਵੇਸ਼ਕਾਂ ਤੋਂ 2.26 ਕਰੋੜ ਠੱਗੇ ਗਏ ਸਨ। ਦਿਸਬੰਰ 2014 ‘ਚ ਈ ਬਿੱਜ ਅਤੇ ਜੂਨ 2015 ‘ਚ ਜੀ ਫੌਰੈਕਸ ਕੰਪਨੀ ਨਾਮ ਦੀ ਕੰਪਨੀ ਵੱਲੋਂ ਵੀ ਲੱਖਾਂ ਦੀ ਠੱਗੀ ਮਾਰਨ ਬਾਰੇ ਕੇਸ ਦਰਜ ਕੀਤਾ ਗਿਆ ਸੀ । ਇਹ ਕੁੱਝ ਅਹਿਮ ਮਾਮਲੇ ਹਨ ਜਦੋਂਕਿ ਪਰਲਜ਼ ਸਮੇਤ ਹੋਰ ਵੀ ਕਈ ਚਿੱਟ ਫੰਡ ਕੰਪਨੀਆਂ ਹਨ ਜਿਹਨਾਂ ਤੋਂ ਪੀੜਤ ਲੋਕਾਂ ਦੀ ਗਿਣਤੀ ਹਜਾਰਾਂ ’ਚ ਹੈ।
                                    ਏਦਾਂ ਬੁਣਿਆ ਜਾਂਦਾ ਠੱਗੀ ਦਾ ਜਾਲ
    ਵਿੱਤ ਮਾਮਲਿਆਂ ਨਾਲ ਜੁੜੇ ਸਾਬਕਾ ਬੈਂਕ ਅਧਿਕਾਰੀ ਅਤੇ ਜੁਆਇੰਟ ਐਕਸ਼ਨ ਕਮੇਟੀ ਦੇ ਕਨਵੀਨਰ ਐਮਐਮ ਬਹਿਲ ਦਾ ਕਹਿਣਾ ਸੀ ਕਿ ਸਰਕਾਰੀ ਬੱਚਤ ਸਕੀਮਾਂ ਤੋਂ ਮਿਲਣ ਵਾਲਾ ਵਿਆਜ ਘੱਟ ਰਿਹਾ ਹੈ ਜਦੋਂਕਿ ਲੋਕ ਵੱਧ ਮੁਨਾਫਾ ਚਾਹੁੰਦੇ ਹਨ। ਉਹਨਾਂ ਆਖਿਆ ਕਿ ਇਸ ਦਾ ਲਾਹਾ ਉਠਾਕੇ ਇਹ ਕੰਪਨੀਆਂ ਨਿਵੇਸ਼ਕਾਂ ਨੂੰ ਸ਼ੁਰੂ ’ਚ ਵੱਡਾ ਲਾਭ ਦਿੰਦੀਆਂ ਹਨ ਅਤੇ ਮੋਟੀ ਰਾਸ਼ੀ ਇਕੱਠੀ ਹੋ ਜਾਣ ਤ ਫਰਾਰ ਹੋ ਜਾਂਦੀਆਂ ਹਨ। ਉਨਾਂ ਕਿਹਾ ਕਿ ਪੈਸਾ ਨਿਵੇਸ਼ ਕਰਨ ਤੋਂ ਪਹਿਲਾਂ ਨਿਵੇਸ਼ਕ ਕੰਪਨੀ ਬਾਰੇ ਪੜਤਾਲ ਕਰਨ ਤਾਂ ਠੱਗੀਆਂ ਰੁਕ ਸਕਦੀਆਂ ਹਨ।  
                        ਠੱਗ ਕੰਪਨੀਆਂ ਤੇ ਕਸਿਆ ਜਾ ਸਕਦਾ ਸ਼ਿਕੰਜਾ
    ਸੀਨੀਅਰ ਐਡਵੋਕੇਟ ਰਣਜੀਤ ਸਿੰਘ ਜਲਾਲ ਦਾ ਕਹਿਣਾ ਸੀ ਕਿ ਧਾਰਾ 420 ਤਹਿਤ ਢੁੱਕਵੇਂ ਸਬੂਤ ਜੁਟਾਏ ਜਾਣ ਤਾਂ ਦੋਸ਼ੀਆਂ ਨੂੰ ਸਜਾ ਦਿਵਾਈ ਜਾ ਸਕਦੀ ਹੈ ।ਉਨਾਂ ਦੱਸਿਆ ਕਿ ਅਜਿਹੇ ਕੇਸਾਂ ‘ਚ ਪ੍ਰਾਈਜ਼,ਚਿਟਸ ਐਂਡ ਮਨੀ ਸਰਕੂਲੇਸ਼ਨ ਸਕੀਮ ਬੈਨਿੰਗ ਐਕਟ ਮੁਤਾਬਕ ਕਾਰਵਾਈ ਕਰਕੇ ਵੀ ਕੰਪਨੀਆਂ ਤੇ ਸ਼ਿਕੰਜਾ ਕਸਿਆ ਜਾ ਸਕਦਾ ਹੈ । ਉਨਾਂ ਆਖਿਆ ਕਿ ਜੇਕਰ ਲੋਕ ਚੌਕਸੀ ਵਰਤਣ ਤਾਂ ਏਦਾਂ ਦੀਆਂ ਠੱਗੀਆਂ ਵੱਜ ਹੀ ਨਹੀਂ ਸਕਦੀਆਂ ਹਨ।
                                   ਸਰਕਾਰਾਂ ਨੂੰ ਸੰਜੀਦਾ ਹੋਣ ਦੀ ਲੋੜ
    ਚਿੱਟ ਫੰਡ ਕੰਪਨੀਆਂ ਦੀਆਂ ਠੱਗੀਆਂ ਖਿਲਾਫ ਲੜਾਈ ਲੜ ਰਹੀ ਇਨਸਾਫ ਦੀ ਲਹਿਰ ਖਾਤੇਦਾਰ ਯੂਨੀਅਨ ਦੇ ਚੇਅਰਮੈਨ ਗੁਰਭੇਜ ਸਿੰਘ ਸੰਧੂ ਦਾ ਕਹਿਣਾ ਸੀ ਕਿ ਅਸਲ ’ਚ ਕੰਪਨੀਆਂ ਸੁਫਨੇ ਹੀ ਐਨੇ ਸੁਨਹਿਰੀ ਦਿਖਾਉਂਦੀਆਂ ਹਨ ਕਿ ਲੋਕ ਉਨਾਂ ਦੇ ਜਾਲ ’ਚ ਉਲਝਦੇ ਚਲੇ ਜਾਂਦੇ ਹਨ। ਉਨਾਂ ਦੱਸਿਆ ਕਿ ਵੱਡਿਆਂ ਦੀ ਕਥਿਤ ਪੁਸ਼ਪਨਾਹੀ ਹੋਣ ਬਿਨਾਂ ਅਜਿਹਾ ਹੋਣਾ ਮੁਸ਼ਕਲ ਹੈ ਇਸ ਲਈ ਸਰਕਾਰਾਂ ਨੂੰ ਸੰਜੀਦਾ ਹੋਣਾ ਪਵੇਗਾ। ਉਨਾਂ ਕਿਹਾ ਕਿ ਆਮ ਲੋਕ ਵੀ  ਜਾਗਰੂਕ ਹੋਣ ਅਤੇ ਪੈਸੇ ਦਾ ਸਹੀ ਨਿਵੇਸ਼ ਕਰਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!