ਰੁਕਨ – ਮੁਫ਼ਾਇਲੁਨ+ਫਿਇਲਾਤੁਨ+ਮੁਫ਼ਾਇਲੁਨ+ਫੇਲੁਨ.
ਹਜ਼ਾਰ ਵਾਰ ਭੁਲਾਵਾਂ ਭੁਲਾ ਨਹੀਂ ਹੁੰਦਾ.
ਤੇਰੀ ਤਰ੍ਹਾਂ ਹੀ ਕਿਤੇ ਦਿਲ ਲਗਾ ਨਹੀਂ ਹੁੰਦਾ.
ਸਦਾ ਜ਼ੁਬਾਨ ਦਾ ਮਿੱਠਾ, ਫ਼ਰੇਬ ਦੇਵੇ ਪਰ,
ਬੁਰਾ ਜ਼ੁਬਾਨ ਦਾ, ਦਿਲ ਦਾ ਬੁਰਾ ਨਹੀਂ ਹੁੰਦਾ.
ਜ਼ਮੀਰ ਵੇਚ ਜਗੀਰਾਂ ਬਣਾ ਰਹੇ ਜਿਹੜੇ,
ਇਨ੍ਹਾਂ ਦਾ ਅੰਤ ਬੁਰਾ ਹੈ, ਭਲਾ ਨਹੀਂ ਹੁੰਦਾ.
ਸਮਾਂ ਵਿਚਾਰ ਲਵੇ ਜੋ, ਸਮਾਂ ਬਦਲ ਦੇਵੇ,
ਬੁਰਾ ਸਮਾਂ ਹੀ ਕਿਸੇ ਤੇ, ਸਦਾ ਨਹੀਂ ਹੁੰਦਾ.
ਮੜ੍ਹੀ ਮਜ਼ਾਰ ਤੇ ਉਹ ਸੀਸ ਕਿਉਂ ਝੁਕਾਉੰਦੈੰ ਜਦ,
ਮੜ੍ਹੀ ਮਜ਼ਾਰ ਤੇ ਕੋਈ, ਖ਼ੁਦਾ ਨਹੀਂ ਹੁੰਦਾ.
ਖਰੇ ਕਦੋਂ ਉਹ ਇਹ ਸਮਝੂ ਜਣੇ ਖਣੇ ਉੱਤੋਂ,
ਮੁਹੱਬਤਾਂ ਦਾ ਖਜ਼ਾਨਾ, ਲੁਟਾ ਨਹੀਂ ਹੁੰਦਾ.
ਹਰੇਕ ਵਾਰ ਹੀ ਉਸ ਨੇ, ਦਗ਼ਾ ਕਮਾਇਆ ਹੈ,
ਯਕੀਨ ਓਸ ਤੇ ਹੁਣ ਤਾਂ, ਜ਼ਰਾ ਨਹੀਂ ਹੁੰਦਾ.
ਹਬੀਬ ਭੇਦ ਨਾ ਦੇਵੇ, ਰਕੀਬ ਨੂੰ ਜੇਕਰ,
ਰਕੀਬ ਵਾਰ ਕਰੇ ਹੌਸਲਾ ਨਹੀਂ ਹੁੰਦਾ.
ਉਹ ਲਾਭ ਭਾਲ ਰਿਹਾ ਹੈ ਹਰੇਕ ਰਿਸ਼ਤੇ ਚੋੰ,
ਅਜੇਹਾ ਸ਼ਖ਼ਸ ਕਿਸੇ ਦਾ, ਸਕਾ ਨਹੀਂ ਹੁੰਦਾ.
ਤਬੀਬ ਕੋਲ ਨਹੀਂ ਹੈ, ਇਲਾਜ਼ ਕੌਣ ਕਰੇ,
ਸਮਾਂ ਹਰੇਕ ਬਵਾ ਦੀ ਦਵਾ ਨਹੀਂ ਹੁੰਦਾ.