ਅਸ਼ੋਕ ਵਰਮਾ
ਮਾਨਸਾ,20ਅਕਤੂਬਰ2020: ਮਾਨਸਾ ਪੁਲਿਸ ਵੱਲੋਂ ਡਿਪਟੀ ਕਮਿਸ਼ਨਰ ਮਾਨਸਾ ਦੀ ਰਿਹਾਇਸ਼ ਅੱਗੇ ਕਿਸਾਨਾਂ ਵੱਲੋਂ ਦਿੱਤੇ ਧਰਨੇ ਚੋਂ ਅੱਜ ਸਵੇਰੇ ਦਰੀਆਂ,ਭਾਂਡੇ ਅਤੇ ਬਿਸਤਰੇ ਆਦਿ ਜਬਰੀ ਚੁੱਕ ਕੇ ਥਾਣੇ ’ਚ ਬੰਦ ਕਰਨ ਤੋਂ ਭੜਕੇ ਕਿਸਾਨਾਂ ਨੇ ਨੰਗੇ ਧੜ ਪ੍ਰਦਰਸ਼ਨ ਕਰਕੇ ਪੰਜਾਬ ਸਰਕਾਰ ਨੂੰ ਆਰ ਪਾਰ ਦੀ ਚਿਤਾਵਨੀ ਦਿੱਤੀ। ਗੁੱਸੇ ਨਾਲ ਭਰੇ ਪੀਤੇ ਕਿਸਾਨਾਂ ਅਤੇ ਔਰਤਾਂ ਨੇ ਸਰਕਾਰ ਦਾ ਪਿੱਟ ਸਿਆਪਾ ਕੀਤਾ ਅਤੇ ਪੁਲਿਸ ਵਿਰੋਧੀ ਨਾਅਰੇਬਾਜੀ ਕਰਕੇ ਆਪਣੀ ਭੜਾਸ ਕੱਢੀ। ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਜਿਲਾ ਪ੍ਰਧਾਨ ਰਾਮ ਸਿੰਘ ਭੇਣੀ ਬਾਘਾ ਦਾ ਕਹਿਣਾ ਸੀ ਕਿ ਪੁਲਿਸ ਅਫਸਰ ਧੱਕੇ ਨਾਲ ਸਮਾਨ ਚੁੱਕ ਕੇ ਲੈ ਗਏ ਹਨ ਅਤੇ ਦਹਿਸ਼ਤ ਦਾ ਮਹੌਲ ਬਣਾਇਆ ਜਾ ਰਿਹਾ ਹੈ। ਉਨਾਂ ਆਖਿਆ ਕਿ ਪੁਲਿਸ ਜੋ ਮਰਜੀ ਕਰੇ ਉਹ ਆਪਣੀਆਂ ਮੰਗਾਂ ਮੰਨਵਾਏ ਬਗੈਰ ਘਰਾਂ ਨੂੰ ਨਹੀਂ ਪਰਤਣਗੇ।
ਦੱਸਣਯੋਗ ਹੈ ਕਿ ਮੋਦੀ ਸਰਕਾਰ ਖਿਲਾਫ ਰੇਲ ਰੋਕੋ ਅੰਦੋਲਨ ਦੌਰਾਨ ਬੁਢਲਾਡਾ ਰੇਲਵੇ ਸਟੇਸ਼ਨ ਤੇ ਬਰੇ ਪਿੰਡ ਦੀ 80 ਸਾਲਾ ਮਾਤਾ ਤੇਜ ਕੌਰ ਦਾ ਦਿਹਾਂਤ ਹੋ ਗਿਆ ਸੀ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਪਿਛਲੇ ਇੱਕ ਹਫਤੇ ਤੋਂ ਡੀ.ਸੀ. ਦਾ ਦਫਤਰ ਅਤੇ ਰਿਹਾਇਸ਼ ਨੂੰ ਘੇਰ ਕੇ ਮੰਗ ਰੱਖੀ ਹੈ ਕਿ ਪੰਜਾਬ ਸਰਕਾਰ ਮਾਤਾ ਦੇ ਵਾਰਸਾਂ ਨੂੰ 10 ਲੱਖ ਰੁਪਏ ਦਾ ਮੁਆਵਜਾ, ਇੱਕ ਮੈਂਬਰ ਨੂੰ ਸਰਕਾਰੀ ਨੌਕਰੀ, ਤੇਜ ਕੌਰ ਤੇ ਚਾਰਾਂ ਪੁੱਤਰਾਂ ਦਾ ਸਮੁੱਚਾ ਕਰਜਾ ਖਤਮ ਕੀਤਾ ਜਾਵੇ। ਪਰ ਪੰਜਾਬ ਸਰਕਾਰ ਕੋਈ ਲੜ-ਪੱਲਾ ਨਹੀਂ ਫੜਾ ਰਹੀ। ਜਥੇਬੰਦੀ ਦੇ ਆਗੂ ਰਾਮ ਸਿੰਘ ਭੈਣੀ ਬਾਘਾ ਨੇ ਦੱਸਿਆ ਕਿ ਅੱਜ ਸਵੇਰੇ ਦੇ ਵਕਤ ਜਦੋਂ ਡੀ.ਸੀ. ਦੀ ਕੋਠੀ ਦੇ ਘਿਰਾਓ ਵਿੱਚ ਕਿਸਾਨਾਂ ਦੀ ਗਿਣਤੀ ਬਹੁਤ ਹੀ ਘੱਟ ਸੀ ਤਾਂ ਪੁਲਿਸ ਨੇ ਧੱਕੇ ਨਾਲ ਕਿਸਾਨਾਂ ਨੂੰ ਧਰਨੇ ਵਾਲੀ ਜਗਾ ਤੋਂ ਉਠਾ ਦਿੱਤਾ ਅਤੇ ਸਮਾਨ ਜਬਰੀ ਆਪਣੇ ਨਾਲ ਲੈ ਗਏ।
ਉਨਾਂ ਦੱਸਿਆ ਕਿ ਜਦੋਂ ਕੁੱਝ ਸਮੇਂ ਬਾਅਦ ਹੀ ਜਥੇਬੰਦੀ ਦੇ ਆਗੂ ਡੀ.ਸੀ. ਦੀ ਰਿਹਾਇਸ਼ ਨੇੜੇ ਇਕੱਠੇ ਹੋ ਗਏ ਅਤੇ ਵਰਕਰਾਂ ਦਾ ਵੱਡਾ ਕਾਫਲਾ ਪਹੁੰਚ ਗਿਆ ਤਾਂ ਡੀ.ਸੀ. ਮਾਨਸਾ ਦੀ ਕੋਠੀ ਦਾ ਮੁੜ ਘਿਰਾਓ ਸ਼ੁਰੂ ਕਰ ਦਿੱਤਾ ਗਿਆ ਹੈ। ਓਧਰ ਦੋਵਾਂ ਥਾਵਾਂ ਤੇ ਚੱਲ ਰਹੇ ਘਿਰਾਓ ਵਿੱਚ ਵੱਡੀ ਗਿਣਤੀ ਵਿੱਚ ਕਿਸਾਨ ਸ਼ਾਮਲ ਹੋਏ ਜਿੰਨਾਂ ਵਿੱਚ ਮਾਵਾਂ-ਭੈਣਾਂ ਵੀ ਸ਼ਾਮਲ ਸਨ। ਕਿਸਾਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦਾ ਸਬਰ ਪਰਖ ਰਹੀ ਹੈ, ਪਰ ਮੰਗਾਂ ਖਾਤਰ ਉਹ ਹਰ ਕੁਰਬਾਨੀ ਕਰਨ ਨੂੰ ਤਿਆਰ ਹਨ। ਜਿਲਾ ਪ੍ਰਧਾਨ ਰਾਮ ਸਿੰਘ ਭੈਣੀ ਬਾਘਾ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਉਹ ਅਜਿਹੀਆਂ ਕਾਰਵਾਈਆਂ ਕਰਨ ਦੀ ਬਜਾਏ ਮਸਲੇ ਦਾ ਨਿਬੇੜਾ ਕਰੇ ਤਾਂ ਜੋ ਕੇਂਦਰ ਸਰਕਾਰ ਖਿਲਾਫ ਵਿੱਢੇ ਸੰਘਰਸ਼ ਨੂੰ ਹੋਰ ਤਕੜਾ ਕੀਤਾ ਜਾ ਸਕੇ।
ਇਸ ਮੌਕੇ ਇੰਦਰਜੀਤ ਸਿੰਘ ਝੱਬਰ, ਜੋਗਿਦਰ ਸਿੰਘ ਦਿਆਲਪੁਰਾ, ਮਹਿੰਦਰ ਸਿੰਘ ਰੁਮਾਣਾ, ਉਤਮ ਸਿੰਘ ਰਾਮਾਂਨੰਦੀ, ਜਗਦੇਵ ਸਿੰਘ ਭੈਣੀਬਾਘਾ, ਮਲਕੀਤ ਸਿੰਘ ਕੋਟ ਧਰਮੂ, ਭੋਲਾ ਸਿੰਘ ਮਾਖਾ, ਸਾਧੂ ਸਿੰਘ ਅਲੀਸ਼ੇਰ, ਭਾਨ ਸਿੰਘ ਬਰਨਾਲਾ ਅਤੇ ਜਸਵਿੰਦਰ ਕੌਰ ਝੇਰਿਆਂਵਾਲੀ ਨੇ ਵੀ ਸੰਬੋਧਨ ਕੀਤਾ।