12 C
United Kingdom
Saturday, June 13, 2026

More

    ਥਰਮਲ ਮਾਮਲਾ: ਵਿੱਤ ਮੰਤਰੀ ਦਾ ਦਫਤਰ ਘੇਰਨ ਆਏ ਆਪ ਆਗੂ ਪੁਲਿਸ ਨੇ ਡੱਕੇ

    ਅਸ਼ੋਕ ਵਰਮਾ
    ਬਠਿੰਡਾ, 17 ਅਕਤੂਬਰ 2020:ਬਠਿੰਡਾ ਥਰਮਲ ਪਲਾਂਟ ਦੀ ਜਮੀਨ ਕਾਰਪੋਰੇਟ ਘਰਾਦਿਆਂ ਨੂੰ ਇੱਕ ਰੁਪਏ ਲੀਜ਼ ਤੇ ਦੇਣ ਦੇ ਫੈਸਲੇ ਖਿਲਾਫ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਦਫਤਰ ਦਾ ਘਿਰਾਓ ਕਰਨ ਆਏਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਨੂੰ ਪੁਲਿਸ ਨੇ ਅੱਗੇ ਵਧਣ ਤੋਂ ਰੋਕ ਦਿੱਤਾ। ਇਹ ਆਗੂ ਅਤੇ ਵਲੰਟੀਅਰ ਬਠਿੰਡਾ ਦਿਹਾਤੀ ਹਲਕੇ ਤੋਂ ਵਿਧਾਇਕਾ ਰੁਪਿੰਦਰ ਕੌਰ ਰੂਬੀ ਅਤੇ ਵਿਧਾਇਕ ਬਲਜਿੰਦਰ ਕੌਰ ਦੀ ਅਗਵਾਈ ਹੇਠ ਫਾਇਰ ਬਿ੍ਰਗੇਡ ਚੌਂਕ ਤੋਂ ਰੋਸ ਮਾਰਚ ਕਰਕੇ ਵਿੱਤ ਮੰਤਰੀ ਦਫਤਰ ਘੇਰਨ ਆਏ ਸਨ। ਇਸ ਮੌਕੇ ਬੈਰੀਕੇਡ ਲਾਕੇ ਪੁਲਿਸ ਨੇ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਹੋਏ ਸਨ। ਕਾਲੇ ਝੰਡਿਆਂ ਨਾਲ ਪੰਜਾਬ ਸਰਕਾਰ ਖਿਲਾਫ ਨਾਅਰੇਬਾਜੀ ਕਰਦਿਆਂ ਜਦੋਂ ਇਹ ਰੋਸ ਮਾਰਚ ਬੈਰੀਕੇਡਿੰਗ ਲਾਗੇ ਪੁੱਜਿਆ ਤਾਂ ਪੁਲਿਸ ਨੇ ਆਪ ਆਗੂਆਂ ਨੂੰ ਰੋਕ ਲਿਆ ਤਾਂ ਉਨਾਂ ਉੱਥੇ ਹੀ ਧਰਨਾ ਲਗਾ ਦਿੱਤਾ। ਆਪ ਆਗੂਆਂ ਅਤੇ ਵਲੰਟੀਅਰਾਂ ਨੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਖਿਲਾਫ ਜਬਰਦਸਤ ਨਾਅਰੇਬਾਜੀ ਕੀਤੀ। ਇਸ ਮੌਕੇ ਆਪ ਆਗੂਆਂ ਨੇ ਤਹਿਸੀਲਦਾਰ ਨੂੰ ਆਪਣੀਆਂ ਮੰਗਾਂ ਵਾਲਾ ਮੰਗ ਪੱਤਰ ਵੀ ਸੌਂਪਿਆ ।
                                            ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕਾ ਪ੍ਰੋਫੈਸਰ ਰੁਪਿੰਦਰ ਕੌਰ ਰੂਬੀ ਅਤੇ ਪ੍ਰੋਫੈਸਰ ਬਲਜਿੰਦਰ ਕੌਰ ਨੇ ਦੋਸ਼ ਲਾਇਆ ਕਿ ਅਸਲ +ਚ ਬਠਿੰਡਾ ਥਰਮਲ ਦੀਆਂ ਬੇੜੀਆਂ ’ਚ ਵੱਟੇ ਪਾਉਣ ਲਈ ਬਾਦਲ ਸਰਕਾਰ ਜਿੰਮੇਵਾਰ ਹੈ ਜਦੋਂਕਿ ਵਿਧਾਨ ਸਭਾ ਚੋਣਾਂ ਮੌਕੇ ਬੰਦ ਚਿਮਨੀਆਂ ਦੇ ਨਾਮ ਤੇ ਮੱਗਰਮੱਛ ਦੇ ਹੰਝੂ ਵਹਾਉਣ ਵਾਲੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਆਪਣੇ ਵਾਅਦੇ ਦੇ ਉਲਟ ਜਾ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਯਾਦ ’ਚ ਬਣੇ ਇਸ ਵਿਰਾਸਤੀ ਪ੍ਰੋਜੈਕਟ ਨੂੰ ਢਾਹ ਢੇਰੀ ਕਰਕੇ ਇਸ ਦੀ ਲਗਭਗ 4 ਹਜਾਰ ਕਰੋੜ ਦੀ ਜ਼ਮੀਨ ਮੁਫ਼ਤ ‘ਚ ਲੈਂਡ ਮਾਫ਼ੀਆ ਨੂੰ ਲੁਟਾਉਣ ਦੀ ਤਿਆਰੀ ਕਰ ਲਈ ਹੈ। ਉਨਾਂ ਆਖਿਆ ਕਿ  ਮੁੱਖ ਮੰਤਰੀ ਅਮਰਿੰਦਰ ਸਿੰਘ ਨਾਲ ਮਿਲ ਕੇ ਵਿੱਤ ਮੰਤਰੀ ਨੇ ਲੈਂਡ ਮਾਫ਼ੀਆ ਦੀ ਕਥਿਤ ਪੁਸ਼ਤ ਪਨਾਹੀ ਕਰਨ ‘ਚ ਸੁਖਬੀਰ ਸਿੰਘ ਬਾਦਲ ਨੂੰ ਵੀ ਪਿੱਛੇ ਛੱਡ ਦਿੱਤਾ ਹੈ।
                                                 ਦੋਵਾਂ ਵਿਧਾਇਕਾਂ ਨੇ ਕਿਹਾ ਕਿ ਥਰਮਲ ਬੰਦ ਕਰਨ ਦੇ ਮਾਮਲੇ ’ਚ ਸੈਂਕੜੇ ਮੁਲਾਜਮਾਂ ਦੇ ਚੁੱਲੇ ਠੰਢੇ ਕਰਨ ਅਤੇ ਰੁਜਗਾਰਾਂ ਦੇ ਉਜਾੜੇ ਲਈ ਸਿੱਧੇ ਤੌਰ ਤੇ ਵਿੱਤ ਮੰਤਰੀ ਜਿੰਮੇਵਾਰ ਹਨ। ਉਨਾਂ ਆਖਿਆ ਕਿ ਮਨਪ੍ਰੀਤ ਬਾਦਲ ਅਤੇ ਅਮਰਿੰਦਰ ਸਿੰਘ ਸਰਕਾਰ ਦੀ ਨੀਅਤ ਸਿੱਧੀ ਹੁੰਦੀ ਤਾਂ ਬਠਿੰਡਾ ਥਰਮਲ ਪਲਾਂਟ ਨੂੰ 2031 ਤੱਕ ਚਾਲੂ ਰੱਖਦੀ ਅਤੇ ਇਸ ਦੇ ਇੱਕ ਯੂਨਿਟ ਨੂੰ ਪਰਾਲੀ ‘ਤੇ ਚਲਾ ਕੇ ਕਿਸਾਨਾਂ ਨੂੰ ਪ੍ਰਤੀ ਏਕੜ 3000 ਰੁਪਏ ਦੀ ਵਾਧੂ ਆਮਦਨੀ  ਅਤੇ ਮਾਲਵੇ ‘ਚ ਪਰਾਲੀ ਦੇ ਸੰਕਟ ਨੂੰ ਪੱਕੇ ਤੌਰ ‘ਤੇ ਦੂਰ ਕਰਨ ਦਾ ਫੈਸਲਾ ਕਰਦੀ। ਉਨਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਦੇ ਖੁਨ ਪਸੀਨੇ ਨਾਲ ਬਣੇ ਥਰਮਲ ਪਲਾਂਟ ਦੀ ਜਮੀਨ ਲੁਟਾਉਣ ਵਾਲਾ ਫੈਸਲਾ ਵਾਪਿਸ ਲਵੇ। ਉਨਾਂ ਆਮ ਆਦਮੀ ਪਾਰਟੀ ਵੱਲੋਂ ਇਸ ਮੁੱਦੇ ਤੇ ਸੰਘਰਸ਼ ਜਾਰੀ ਰੱਖਣ ਦਾ ਐਲਾਨ ਵੀ ਕੀਤਾ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!