ਅਸ਼ੋਕ ਵਰਮਾ
ਬਠਿੰਡਾ,16ਅਕਤੂਬਰ2020:ਬਠਿੰਡਾ ਜਿਲ੍ਹੇ ਦੀ ਗੋਨਿਆਣਾ ਮੰਡੀ ਦੇ ਮਾਲ ਰੋਡ ਤੇ ਅੱਜ ਦੁਪਹਿਰ ਵੇਲੇ ਇੱਕ ਰੂੰ ਪਿੰਜਣ ਵਾਲੇ ਪੇਂਜੇ ਤੇ ਕੋਹਲੂ ’ਚ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਅੱਗ ਲੱਗ ਗਈ ਜਿਸ ਦੇ ਸਿੱਟੇ ਵਜੋਂ ਕਾਫੀ ਸਮਾਨ ਸੜਕ ਸੁਆਹ ਹੋ ਗਿਆ। ਸੂਚਨਾ ਮਿਲਦਿਆਂ ਬਠਿੰਡਾ ਤੋਂ ਫਾਇਰ ਬਿ੍ਰਗੇਡ ਦੀਆਂ ਦੋ ਗੱਡੀਆਂ ਮੌਕੇ ’ਤੇ ਪੁੱਜੀਆਂ ਅਤੇ ਅੱਗ ਬੁਝਾਉਣ ਦਾ ਕੰਮ ਸ਼ੁਰੂ ਕੀਤਾ। ਇਸੇ ਦੌਰਾਨ ਡੇਰਾ ਸੱਚਾ ਸੌਦਾ ਦੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਵਲੰਟੀਅਰ ਵੀ ਮੌਕੇ ਤੇ ਪਹੁੰਚ ਗਏ ਅਤੇ ਬਚਾਅ ਕਾਰਜਾਂ ’ਚ ਜੁਟ ਗਏ। ਪੇਂਜੇ ਤੇ ਪਈ ਰੂੰਅ ਕਾਰਨ ਅੱਗ ਬੁਰੀ ਤਰਾਂ ਫੈਲ ਗਈ ਜਿਸ ਨੂੰ ਫਾਇਰ ਟੈਂਡਰਾਂ ਅਤੇ ਸੇਵਾਦਾਰਾਂ ਨੇ ਦੋ ਘੰਟਿਆਂ ਦੀ ਜੱਦੋ ਜਹਿਦ ਤੋਂ ਬਾਅਦ ਕਾਬੂ ਪਾ ਲਿਆ ਪਰ ਉਦੋਂ ਤੱਕ ਅੱਗ ਦੀਆਂ ਲਪਟਾਂ ਨੇ ਭਾਰੀ ਤਬਾਹੀ ਮਚਾ ਦਿੱਤੀ ਸੀ।
ਮਹੱਤਵਪੂਰਨ ਤੱਥ ਹੈ ਕਿ ਡੇਰਾ ਪ੍ਰੇਮੀਆਂ ਨੇ ਜਾਨ ਜੋਖਮ ’ਚ ਪਾਕੇ ਮੌਕੇ ਤੇ ਪਏ ਐਲਪੀਜੀ ਗੈਸ ਵਾਲੇ ਦੋ ਸਲੰਡਰਾਂ ਨੂੰ ਹਟਾਇਆ ਜਿੰਨਾਂ ’ਚ ਅਜੇ ਗੈਸ ਵੀ ਬਾਕੀ ਸੀ। ਅੱਖੀਂ ਦੇਖਣ ਵਾਲਿਆਂ ਨੇ ਦੱਸਿਆ ਕਿ ਜੇਕਰ ਸਲੰਡਰ ਨਾਂ ਹਟਾਏ ਜਾਂਦੇ ਤਾਂ ਵੱਡਾ ਹਾਦਸਾ ਵਾਪਰ ਸਕਦਾ ਸੀ।ਵੇਰਵਿਆਂ ਮੁਤਾਬਿਕ ਮਾਲ ਰੋਡ ’ਤੇ ਪਵਨ ਕੁਮਾਰ ਪੁੱਤਰ ਮਥਰਾ ਦਾਸ ਦਾ ਪੇਂਜਾ ਤੇ ਕੋਹਲੂ ਹੈ ਜਿਸ ’ਚ ਅੱਜ ਦੁਪਹਿਰ ਵੇਲੇ ਬਿਜਲੀ ਦੇ ਸਾਰਟ ਸਰਕਟ ਨਾਲ ਅੱਗ ਲੱਗ ਗਈ । ਜਦੋਂ ਆਸ-ਪਾਸ ਦੇ ਦੁਕਾਨਦਾਰਾਂ ਨੇ ਦੁਕਾਨ ਅੰਦਰ ਲੱਗੀ ਹੋਈ ਅੱਗ ਦੇਖੀ ਤਾਂ ਉਸੇ ਵੇਲੇ ਫਾਇਰ ਬਿ੍ਰਗੇਡ ਬਠਿੰਡਾ ਨੂੰ ਸੂਚਿਤ ਕਰ ਦਿੱਤਾ ਤਾਂ ਫਾਇਰ ਟੈਂਡਰ ਦੋ ਗੱਡੀਆਂ ਸਮੇਤ ਅੱਗ ਬੁਝਾਉਣ ਲਈ ਪੁੱਜੇ।
ਇਸੇ ਦੌਰਾਨ ਅੱਗ ਤੇ ਕਾਬੂ ਪਾਉਣ ਲਈ ਡੇਰਾ ਸੱਚਾ ਸੌਦਾ ਦੀ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਦੇ ਵਲੰਟੀਅਰ ਬਲਦੇਵ ਰਾਜ , ਉਨਾਂ ਦਾ ਲੜਕਾ ਰਾਜਿੰਦਰ ਰਾਜੂ ਅਤੇ ਸੁਖਜੀਤ ਕਾਲਾ ਮੌਕੇ ਤੇ ਪਹੁੰਚੇ ਤੇ ਅੱਗ ਬੁਝਾਉਣ ’ਚ ਸਹਾਇਤਾ ਕੀਤੀ । ਪੇਂਜੇ ’ਚ ਇੱਕ ਵਿਆਹ ਵਾਲੀ ਲੜਕੀ ਦਾ ਸਮਾਨ ਜਿਸ ’ਚ ਕਾਫੀ ਰਜ਼ਾਈਆਂ ਆਦਿ ਸਨ, ਸਮੇਤ ਸਾਰਾ ਪੇਂਜਾ ਤੇ ਹੋਰ ਸਮਾਨ ਸੜਕੇ ਸੁਆਹ ਹੋ ਗਿਆ ਹੈ। ਸੂਚਨਾ ਮਿਲਣ ਤੇ ਥਾਣਾ ਨੇਹੀਆਂਵਾਲਾ ਦੇ ਐਸਐਚਓ ਬੂਟਾ ਸਿੰਘ ਅਤੇ ਚੌਕੀ ਇੰਚਾਰਜ਼ ਏਐਸਆਈ ਹਰਬੰਸ ਸਿੰਘ ਵੀ ਪੁੱਜੇ ਜਿੰਨਾਂ ਰਾਹਤ ਕਾਰਜਾਂ ਦੀ ਨਿਗਰਾਨੀ ਕੀਤੀ। ਅੱਗ ਲੱਗਣ ਦੀ ਘਟਨਾਂ ਤੋਂ ਬਾਅਦ ਪ੍ਰਭਾਵਿਤ ਇਲਾਕੇ ’ਚ ਸਦਮੇ ਵਾਲਾ ਮਹੌਲ ਬਣਿਆ ਹੋਇਆ ਹੈ।


