13.1 C
United Kingdom
Sunday, June 7, 2026

More

    ਪਰਾਲੀ ਨਾਂ ਸਾੜਕੇ ਜ਼ਮੀਨ ਵਿਚਲੇੇ ਕੁਦਰਤੀ ਤੱਤ ਜਾ ਸਕਦੇ ਨੇ ਬਚਾਏ :ਹਰਜੀਤ ਸਿੰਘ

    ਅਸ਼ੋਕ ਵਰਮਾ
    ਬਠਿੰਡਾ, 14 ਅਕਤੂਬਰ 2020: ਮੁੱਖ ਖੇਤੀਬਾੜੀ ਅਫ਼ਸਰ ਬਹਾਦਰ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਦੇ ਅਗਾਂਹਵਧੂ ਕਿਸਾਨ ਇਸ ਵਾਰ ਵੀ ਝੋਨੇ ਦੀ ਪਰਾਲੀ ਤੇ ਰਹਿੰਦ-ਖੂੰਹਦ ਦੀ ਸੰਭਾਲ ਕਰਕੇ ਆਪਣਾ ਵਡਮੁੱਲਾ ਯੋਗਦਾਨ ਪਾ ਰਹੇ ਹਨ। ਇਸੇ ਤਹਿਤ ਜ਼ਿਲੇ ਦੇ ਪਿੰਡ ਸੂਚ ਦਾ ਉੱਦਮੀ ਕਿਸਾਨ ਹਰਜੀਤ ਸਿੰਘ ਹੋਰਨਾਂ ਕਿਸਾਨਾਂ ਲਈ ਰਾਹ ਦਸੇਰਾ ਸਾਬਿਤ ਹੋ ਰਿਹਾ ਹੈ। ਇਹ ਕਿਸਾਨ ਝੋਨੇ ਦੀ ਪਰਾਲੀ ਨੂੰ ਬਿਨਾਂ ਅੱਗ ਲਗਾਏ 30 ਏਕੜ ਰਕਬੇ ਵਿੱਚ ਕਣਕ ਦੀ ਸਫ਼ਲ ਕਾਸ਼ਤ ਕਰ ਰਿਹਾ ਹੈ।
              ਕਿਸਾਨ ਹਰਜੀਤ ਸਿੰਘ ਦਾ ਕਹਿਣਾ ਹੈ ਕਿ ਉਸ ਵੱਲੋਂ ਇਹ ਸ਼ੁਰੂਆਤ ਸਾਲ 2009 ਵਿੱਚ ਪਰਾਲੀ ਨੂੰ ਅੱਗ ਲਗਾਉਣ ਦੀ ਬਜਾਏ ਰੋਟਾਵੇਟਰ ਰਾਹੀਂ ਝੋਨੇ ਦੀ ਪਰਾਲੀ ਜ਼ਮੀਨ ਵਿੱਚ ਮਿਲਾ ਕੇ ਕਣਕ ਦੀ ਬਿਜਾਈ ਕਰਕੇ ਕੀਤੀ ਗਈ। ਉਹ ਕਾਫੀ ਸਮੇਂ ਤੋਂ ਖੇਤੀਬਾੜੀ ਵਿਭਾਗ ਨਾਲ ਜੁੜਿਆ ਹੋਇਆ ਹੈ। ਉਸਨੇ ਖੇਤੀਬਾੜੀ ਵਿਭਾਗ ਦੇ ਸਹਿਯੋਗ ਨਾਲ ਸਾਲ 2017 ਵਿੱਚ ਸਬਸਿਡੀ ’ਤੇ ਹੈਪੀਸੀਡਰ ਖਰੀਦਿਆ।
              ਇਸ ਉੱਦਮੀ ਕਿਸਾਨ ਦਾ ਇਹ ਵੀ ਦੱਸਣਾ ਹੈ ਕਿ ਉਹ ਲਗਾਤਾਰ ਪਿਛਲੇ 3 ਸਾਲਾਂ ਤੋਂ ਝੋਨੇ ਦੀ ਫਸਲ ਸੁਪਰ ਐਸ.ਐਮ.ਐਸ ਵਾਲੀ ਕੰਬਾਇਨ ਨਾਲ ਕਟਾਉਂਦਾ ਹੈ, ਝੋਨੇ ਦੀ ਪਰਾਲੀ ਨੂੰ ਚੌਪਰ ਨਾਲ ਕੁਤਰਾ ਕਰਕੇ ਹੈਪੀਸੀਡਰ ਨਾਲ ਕਣਕ ਦੀ ਬਿਜਾਈ ਕਰ ਰਿਹਾ ਹੈ। ਇਸ ਸਬੰਧੀ ਉਸ ਵੱਲੋਂ ਹੋਰਨਾਂ ਕਿਸਾਨਾਂ ਨੂੰ ਵੀ ਪ੍ਰੇਰਿਤ ਕੀਤਾ ਜਾ ਰਿਹਾ ਹੈ। ਇਸ ਕਿਸਾਨ ਦਾ ਇਹ ਵੀ ਦੱਸਣਾ ਹੈ ਕਿ ਇਸ ਵਿਧੀ ਨਾਲ ਜਿੱਥੇ ਜ਼ਮੀਨ ਦੀ ਉਪਜਾਊ ਸ਼ਕਤੀ ਵਿੱਚ ਸੁਧਾਰ ਹੋਇਆ ਹੈ ਉੱਥੇ ਖਾਦਾਂ ਦੇ ਬੇਲੋੜੇ ਖਰਚੇ ਵੀ ਘਟੇ ਹਨ।    
              ਇਸ ਕਿਸਾਨ ਦਾ ਦੱਸਣਾ ਹੈ ਕਿ ਉਸ ਵੱਲੋਂ ਭੌਂ ਸਿਹਤ ਕਾਰਡ ਬਣਾ ਕੇ ਨਿਰੰਤਰ ਤੌਰ ’ਤੇ ਮਿੱਟੀ ਦੀ ਪਰਖ ਕਰਵਾਈ ਜਾ ਰਹੀ ਹੈ। ਜਿਸ ਨਾਲ ਜ਼ਮੀਨ ਵਿੱਚ ਵੀ ਜੈਵਿਕ ਮਾਦੇ ’ਚ ਵਾਧਾ ਹੋਇਆ ਹੈ। ਇਸ ਉੱਦਮੀ ਕਿਸਾਨ ਨੇ ਝੋਨੇ ਦੀ ਪਰਾਲੀ ਨੂੰ ਅੱਗ ਲਗਾਏ ਬਿਨਾਂ ਹੋਣ ਵਾਲੇ ਫਾਇਦੇ ਗਿਣਾਉਂਦੇ ਦੱਸਿਆ ਕਿ ਇਸ ਨਾਲ ਜਿੱਥੇ ਕਣਕ ਦੇ ਖੇਤ ਵਿੱਚ ਜ਼ਿਆਦਾ ਪਾਣੀ ਲੱਗਣ ਨਾਲ ਨੁਕਸਾਨ ਨਹੀਂ ਹੁੰਦਾ, ਉੱਥੇ ਕਣਕ ਦੀ ਫ਼ਸਲ ਵਿੱਚ ਨਦੀਨਾਂ ਦੀ ਸਮੱਸਿਆ ਦਾ ਵੀ ਹੱਲ ਹੁੰਦਾ ਹੈ।
    ਡਿਪਟੀ ਕਮਿਸ਼ਨਰ ਸ਼੍ਰੀ ਬੀ.ਸ੍ਰੀਨਿਵਾਸਨ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਝੋਨੇ ਦੀ ਪਰਾਲੀ ਤੇ ਰਹਿੰਦ-ਖੂੰਹਦ ਨੂੰ ਅੱਗ ਨਾ ਲਗਾ ਕੇ ਜ਼ਮੀਨ ਅੰਦਰਲੇ ਕੁਦਰਤੀ ਤੱਤਾਂ ਅਤੇ ਮਿੱਤਰ ਕੀੜਿਆਂ ਨੂੰ ਬਚਾ ਸਕਦੇ ਹਨ। ਪਰਾਲੀ ਦੀ ਸੰਭਾਲ ਕਰਕੇ ਜਿੱਥੇ ਵਾਤਾਵਰਨ ਨੂੰ ਗੰਧਲਾ ਹੋਣ ਤੋਂ ਰੋਕਿਆ ਜਾ ਸਕਦਾ ਹੈ, ਉੱਥੇ ਧੂੰਏ ਕਾਰਨ ਹੋਣ ਵਾਲੇ ਹਾਦਸਿਆਂ ਤੋਂ ਵੀ ਬਚਿਆ ਜਾ ਸਕਦਾ ਹੈ।    

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!