ਅੱਖਰ ਤਾਂ ਉਹੀ ਪੈਂਤੀ ਹੀ ਹੁੰਦੇ ਹਨ, ਪਰ ਇਹ ਸ਼ਾਇਰ ਜਾਂ ਲੇਖਕ ‘ਤੇ ਨਿਰਭਰ ਕਰਦਾ ਹੈ ਕਿ ਉਹ ਅੱਖਰਾਂ ਦੀ ਚੋਣ ਕਰ, ਸ਼ਬਦਾਂ ਨੂੰ ਕਿਸ ਵਿਧਾ ‘ਚ, ਕਿਸ ਰੂਪ ਵਿਚ, ਕਿਸ ਤਰੀਕੇ ਨਾਲ ਗੁੰਨਦਾ ਹੈ। ਪੈਂਤੀ ਨੂੰ ਸ਼ਬਦਾਂ ‘ਚ ਗੁੰਨਣ ਤੋਂ ਬਾਅਦ ਰਚੀ ਗਈ ਰਚਨਾ ਦਾ ਜਾਦੂ ਬਿਖਰਦਾ ਹੈ। ਜੇਕਰ ਉਹ ਰਚਨਾ ਸੁਣਨ ਵਾਲੇ ਦੇ ਕੰਨਾਂ ‘ਚ ਰਸ ਘੋਲ ਦੇਵੇ ਤੇ ਪੜ੍ਹਨ ਵਾਲੇ ਦੇ ਦਿਲ ਦੀਆਂ ਤਰੰਗਾਂ ਨੂੰ ਹੁਲਾਰਾ ਦੇ ਦੇਵੇ ਤਾਂ ਉਹ ਰਚਨਾ ਸ਼ਾਹਾਕਾਰ ਬਣ ਜਾਂਦੀ ਹੈ।
ਪਿਆਰੇ ਦੋਸਤ ਸ਼ਮੀ ਜਲੰਧਰੀ ਨੂੰ ਮੈਂ ਉਹਨਾਂ ਚੋਣਵੇਂ ਮਸਤ ਮੌਲ਼ਾ ਸ਼ਾਇਰਾਂ ਦੀ ਕਤਾਰ ਵਿਚ ਰੱਖਦਾ ਹਾਂ, ਜੋ ਕਿ ਚੰਗੀ ਸ਼ਾਇਰੀ ਰਚਣ ਤੇ ਉਹਨਾਂ ਦਾ ਆਨੰਦ ਮਾਨਣ ਵਿਚ ਭਰੋਸਾ ਰੱਖਦੇ ਹਨ। ਸ਼ਮੀ ਦੀ ਸ਼ਾਇਰੀ ਦਾ ਮੈਂ ਇੱਕ ਦਹਾਕੇ ਤੋਂ ਲੰਬੇ ਸਮੇਂ ਦਾ ਗਵਾਹ ਹਾਂ ਤੇ ਉਸਦੀ ਸ਼ਾਇਰੀ ਦੇ ਹਰ ਵੱਖਰੇ ਰੰਗ ਨੂੰ ਵੇਖਿਆ ਤੇ ਮਹਿਸੂਸ ਕੀਤਾ ਹੈ। ਇਹ ਮੇਰੀ ਖੁਸ਼ਨਸੀਬੀ ਰਹੀ ਹੈ ਕਿ ਉਸਦੀਆਂ ਵਧੇਰੇ ਰਚਨਾਵਾਂ ਚਾਹੇ ਉਹ ਸ਼ਾਇਰੀ ਹੋਣ ਜਾਂ ਗੀਤ, ਨੂੰ ਮੈਂ ਰਚਣਕਾਲ ਦੌਰਾਨ ਹੀ ਮਾਣਿਆ ਹੈ। ਸ਼ਮੀ ਦੀ ਸ਼ਾਇਰੀ ਦੀ ਇੱਕ ਹੋਰ ਖ਼ੂਬਸੂਰਤੀ ਇਹ ਹੈ ਕਿ ਉਨ੍ਹਾਂ ਨੇ ਆਪਣੀ ਸ਼ਾਇਰੀ ‘ਚ ਉਰਦੂ, ਅਰਬੀ ਤੇ ਫ਼ਾਰਸੀ ਦੇ ਸ਼ਬਦਾਂ ਦਾ ਇਸਤੇਮਾਲ ਕੀਤਾ।
ਹਥਲੀ ਪੁਸਤਕ ‘ਪਹਿਲੀ ਬਾਰਿਸ਼’ ਸ਼ਮੀ ਜਲੰਧਰੀ ਦਾ ਤੀਜਾ ਕਾਵਿ ਸੰਗ੍ਰਹਿ ਹੈ। ਬੜੀ ਹੀ ਸਰਲ ਭਾਸ਼ਾ ‘ਚ ਸ਼ਮੀ ਹੋਰਾਂ ਨੇ ਕਾਵਿ ਰਚਿਆ ਹੈ। ਕਿੰਨੇ ਖ਼ੂਬਸੂਰਤ ਸ਼ਬਦਾਂ ‘ਚ ਲਿਖਿਆ ਹੈ;
ਇਸ਼ਕੇ ਦੀ ਬਾਰਿਸ਼ ਹੈ
ਹਰ ਬੂੰਦ ‘ਚ ਆਤਿਸ਼ ਹੈ
ਅਜ਼ਲਾਂ ਤੋਂ ਵਰ੍ਹ ਰਹੀ ਏ
ਆਦਮ ਦੀ ਖਾਹਿਸ਼ ਹੈ
ਫ਼ਕੀਰਾਂ ਦੀ ਮਸਤੀ ਏ
ਰੰਗਾਂ ਦੀ ਬਸਤੀ ਏ
ਪਰਲੋ ਤੂਫ਼ਾਨ ਅੰਦਰ
ਇਹ ਨੂਹ ਦੀ ਕਸ਼ਤੀ ਏ
ਬੁੱਲ੍ਹੇ ਦੀ ਸੂਫ਼ ਪੱਗੜੀ
ਵਾਰਿਸ ਸ਼ਾਹ ਦੀ ਹੈ ਲੋਈ
ਮੇਰੀ ਰੂਹ ਦੀ ਮਿੱਟੀ ‘ਤੇ
ਅੱਜ ਪਹਿਲੀ ਬਾਰਿਸ਼ ਹੋਈ
ਸ਼ਮੀ ਦੀ ਸ਼ਾਇਰੀ ਬੜੇ ਹੀ ਡੂੰਘੇ ਅਰਥ ਰੱਖਦੀ ਹੈ। ਅਜੋਕੇ ਸਮਾਜ ‘ਚ ਇਨਸਾਨੀਅਤ ਦੇ ਨਿਘਾਰ ਦੇ ਕੌੜੇ ਸੱਚ ਸੰਬੰਧੀ ਕਿੰਨੇ ਸਧਾਰਣ ਲਫ਼ਜ਼ਾਂ ‘ਚ ਬੜਾ ਉਚਾ ਪੈਗ਼ਾਮ ਦਿੱਤਾ ਗਿਆ ਹੈ;
ਗ਼ਜ਼ਲ ਨੂੰ ਕਿਸੇ ਬਹਿਰ ਵਿਚ ਬੰਨਣਾ
ਇੰਨਾ ਔਖਾ ਨਹੀਂ ਹੁੰਦਾ
ਜਿੰਨਾ ਔਖਾ ਹੁੰਦਾ ਹੈ
ਆਪਣੇ ਅਹਿਮ ਨੂੰ ਬੰਨਣਾ
ਇੰਨਾ ਔਖਾ ਨਹੀਂ ਹੁੰਦਾ
ਕਿਸੇ ਨੂੰ ਨਸੀਹਤ ਦੇਣਾ
ਜਿੰਨਾ ਔਖਾ ਹੁੰਦਾ ਹੈ
ਖ਼ੁਦ ਉਸ ‘ਤੇ ਅਮਲ ਕਰਨਾ
ਵਿਦਵਾਨ, ਪ੍ਰਚਾਰਕ, ਸੰਤ, ਮਹਾਤਮਾ
ਔਲ਼ੀਆ, ਪੀਰ, ਪੈਗ਼ੰਬਰ ਬਣਨਾ
ਇੰਨਾ ਔਖਾ ਨਹੀਂ ਹੁੰਦਾ
ਜਿੰਨਾ ਔਖਾ ਹੁੰਦਾ ਹੈ
ਇੱਕ ਮੁਕੰਮਲ ਇਨਸਾਨ ਬਣਨਾ
ਬੇਸ਼ੱਕ ਸ਼ਾਇਰ ਨੂੰ ਪ੍ਰਦੇਸੀ ਹੋਇਆਂ ਲੰਬਾ ਸਮਾਂ ਹੋ ਚੁੱਕਿਆ ਹੈ ਪਰ ਉਸਦੀ ਸ਼ਾਇਰੀ ‘ਚ ਅਜੇ ਵੀ ਪਿਆਰੀ ਜੰਮਣ ਭੌਂ ਪ੍ਰਤੀ ਮੋਹ ਝਲਕਦਾ ਹੈ। ਉਸਦੀ ਕਲਮ ਹੋ ਰਹੀ ਧੱਕੇਸ਼ਾਹੀ ਨੂੰ ਧੁਰ ਅੰਦਰੋਂ ਮਹਿਸੂਸਦੀ ਹੈ;
ਥਾਂ ਥਾਂ ਤੋਂ ਮੇਰਾ ਜਿਸਮ
ਮੇਰਾ ਅਕਸ ਹੈ ਟੁੱਟਿਆ
ਮੁੱਦਤਾਂ ਤੋਂ ਮੈਨੂੰ ਕਈ
ਅਬਦਾਲੀਆਂ ਲੁੱਟਿਆ
ਸਿੰਧ ਤੋਂ ਯਮਨਾ ਤੱਕ
ਮੇਰੀ ਜ਼ਮੀਨ ਮੇਰਾ ਹੱਕ
ਮੇਰੀ ਪਛਾਣ ਮੇਰਾ ਵਜੂਦ
ਖੋਹ ਲਿਆ ਮੈਥੋਂ ਸਭ
ਮੈਂ ਆਪਣੇ ਹੀ ਹੰਝੂਆਂ ਦਾ
ਇੱਕ ਡੂੰਘਾ ਸੈਲਾਬ ਹਾਂ
ਬੁੱਲ੍ਹੇ ਦੀ ਗੂੜ੍ਹੀ ਨੀਂਦ ਦਾ
ਇੱਕ ਟੁੱਟਿਆ ਖ਼ਾਬ ਹਾਂ
ਮੈਂ ਪੰਜਾਬ ਹਾਂ
ਮੈਂ ਪੰਜਾਬ ਹਾਂ
ਜਿੱਥੇ ਸ਼ਮੀ ਜੀ ਜੀ ਕਲਮ ਨੇ ਪੰਜਾਬ ਦੇ ਮੌਜੂਦਾ ਹਾਲਾਤ ਪ੍ਰਤੀ ਆਪਣੀ ਚਿੰਤਾ ਤੇ ਦਰਦ ਦਰਸਾਇਆ ਹੈ, ਉਥੇ ਸੰਤਾਲੀ ਦਾ ਦਰਦ ਵੀ ਕਲਮ ਦੀਆਂ ਅੱਖਾਂ ‘ਚੋਂ ਪਾਣੀ ਬਣ ਵਗਦਾ ਹੈ;
ਪੈਂਡੇ ਸਤਲੁਜ ਤੋਂ ਕਸੂਰ ਦੇ
ਬੇ ਵੱਸੀਆਂ ਦੇ ਵਿਚ ਝੂਰਦੇ
ਇਹ ਸਾਂਝਾਂ ਅਜ਼ਲੋਂ ਤੁਰੀਆਂ ਸੀ
ਇਹ ਰਿਸ਼ਤੇ ਸੀ ਬੜੇ ਗੂੜ੍ਹ ਤੇ
ਮਿੱਟੀ ‘ਤੇ ਪਾਈ ਹੋਈ ਲੀਕ ਨੇ
ਕੀਤਾ ਮਿੱਟੀ ਨੂੰ ਖ਼ੁਆਰ ਵੇ
ਕੁਝ ਆਰ ਵੇ, ਕੁਝ ਪਾਰ ਵੇ
ਲੁੱਟੇ ਗਏ ਸਾਡੇ ਯਾਰ ਵੇ
ਉਡ ਗਈਆਂ ਸਿਰ ਤੋਂ ਔੜਨੀਆਂ
ਹੋਏ ਸ਼ਮਲੇ ਤਾਰੋ ਤਾਰ ਵੇ
‘ਪਹਿਲੀ ਬਾਰਿਸ਼’ ਕਾਵਿ ਸੰਗ੍ਰਹਿ ਦੀਆਂ ਸਾਰੀਆਂ ਰਚਨਾਵਾਂ ‘ਚ ਬਹੁਤ ਹੀ ਰਵਾਨਗੀ ਹੈ। ਜਿਵੇਂ ਕੋਈ ਨਿਰਮਲ ਜਲ ਦੀ ਘੁੱਟ ਭਰਦਾ ਹੈ, ਤੇ ਉਹ ਅਚੇਤ ਹੀ ਸੰਘੋਂ ਥੱਲੇ ਲਹਿ ਜਾਂਦਾ ਹੈ, ਉਵੇਂ ਹੀ ਸ਼ਮੀ ਦੁਆਰਾ ਰਚਿਤ ਇਸ ਕਾਵਿ ਸੰਗ੍ਰਹਿ ਦੀਆਂ ਰਚਨਾਵਾਂ ਸੁਤੇ ਸਿੱਧ ਹੀ ਪਾਠਕ ਦੇ ਦਿਲੋ-ਦਿਮਾਗ਼ ‘ਚ ਉਤਰਦੀਆਂ ਜਾਂਦੀਆਂ ਹਨ ਅਤੇ ਮੇਰੀ ਜਾਚੇ ਇਸ ਕਿਤਾਬ ਦਾ ਸਭ ਤੋਂ ਖ਼ੂਬਸੂਰਤ ਪੱਖ ਇਹੀ ਹੈ। ਆਪਣੇ ਪਿਆਰੇ ਦੋਸਤ ਸ਼ਮੀ ਜਲੰਧਰੀ ਦੇ ਇਸ ਕਾਵਿ ਸੰਗ੍ਰਹਿ ਨੂੰ ਦਿਲ ਦੀਆਂ ਗਹਿਰਾਈਆਂ ‘ਚੋਂ ਜੀ ਆਇਆਂ ਕਹਿੰਦਾ ਹੋਇਆ, ਮੈਂ ਉਸ ਦੇ ਉਜਲ ਭਵਿੱਖ ਦੀ ਕਾਮਨਾ ਕਰਦਾ ਹਾਂ।
ਰਿਸ਼ੀ ਗੁਲਾਟੀ