ਅਸ਼ੋਕ ਵਰਮਾ
ਬਠਿੰਡਾ, 7ਅਕਤੂਬਰ2020:ਗਿਆਨੀ ਜ਼ੈਲ ਸਿੰਘ ਸਕੂਲ ਆਫ਼ ਆਰਕੀਟੈਕਚਰ ਐਂਡ ਪਲਾਨਿੰਗ, ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਦੇ ਬੀ. ਆਰਕੀਟੈਕਚਰ ਦੇ 5 ਵੇਂ ਸਾਲ ਦੇ ਵਿਦਿਆਰਥੀਆਂ ਨੇ ਕੌਮੀ ਪੱਧਰ ਤੇ ਆਨਲਾਈਨ ਕਰਵਾਏ ‘ਗੇਮਜ਼ ਆਫ਼ ਸ਼ੇਪਜ਼ ਡਿਜਾਇਨ ਮੁਕਾਬਲੇ’ ਦੌਰਾਨ ਸਾਰੇ ਇਨਾਮ ਜਿੱਤ ਕੇ ਯੂਨੀਵਰਸਿਟੀ ਦਾ ਨਾਮ ਰੋਸ਼ਨ ਕੀਤਾ ਹੈ। ‘ਸਿੱਖਿਆ ਤੋਂ ਸਫਲਤਾ ਵੱਲ ਯਾਤਰਾ’ ਦੇ ਬੈਨਰ ਹੇਠ ਇਹ ਮੁਕਾਬਲਾ ਏ.ਆਰ. ਅਵਿਤੇਸ਼ ਵੱਲੋਂ ਕਰਵਾਇਆ ਗਿਆ ਜਿਸ ’ਚ ਮੁਲਕ ਦੀਆਂ 14 ਸੰਸਥਾਵਾਂ ਦੇ 150 ਤੋਂ ਵੱਧ ਵਿਦਿਆਰਥੀਆਂ ਨੇ ਹਿੱਸਾ ਲਿਆ। ਇਸ ਮੁਕਾਬਲੇ ਲਈ ਜਿਊਰੀ ਵਿਚ ਉੱਘੇ ਆਰਕੀਟੈਕਟ ਵਿਵੇਕ ਲੋਗਾਨੀ (ਚੇਅਰਮੈਨ ਆਈ.ਆਈ.ਏ. ਗੁਰੂਗ੍ਰਾਮ ਸੈਂਟਰ), ਆਰਕੀਟੈਕਟ ਪੁਨੀਤ ਸੇਠੀ (ਚੇਅਰਮੈਨ ਆਈ.ਆਈ.ਏ. ਹਰਿਆਣਾ ਚੈਪਟਰ) ਅਤੇ ਆਰਕੀਟੈਕਟ ਵਿਜੇ ਗਰਗ (ਸਾਬਕਾ ਕਾਰਜਕਾਰੀ ਪ੍ਰਧਾਨ, ਕੌਂਸਲ ਆਫ ਆਰਕੀਟੈਕਚਰ) ਸ਼ਾਮਲ ਸਨ।
ਯੂਨੀਵਰਸਿਟੀ ਵੱਲੋਂ ਜਾਰੀ ਸੂਚਨਾ ਅਨੁਸਾਰ ਗੁਰਪ੍ਰੀਤ ਸਿੰਘ ਇਸ ਵਕਾਰੀ ਮੁਕਾਬਲੇ ਦਾ ਜੇਤੂ ਰਿਹਾ ਜਦੋਂਕਿ ਕਮਨਦੀਪ ਸਿੰਘ ਅਤੇ ਸੁਖਜੀਤ ਕੌਰ ਸਾਂਝੇ ਤੌਰ ਤੇ ਪਹਿਲੇ ਰਨਰ-ਅੱਪ ਰਹੇ ਅਤੇ ਅਕਰਸ਼ਕ ਸਿੰਗਲਾ ਨੂੰ ਦੂਜਾ ਰਨਰ-ਅੱਪ ਐਲਾਨਿਆ ਗਿਆ। ਇੰਨਾਂ ਮੁਕਾਬਲਿਆਂ ’ਚ ਹੀ ਗਿਆਨੀ ਜ਼ੈਲ ਸਿੰਘ ਸਕੂਲ ਆਫ਼ ਆਰਕੀਟੈਕਚਰ ਐਂਡ ਪਲਾਨਿੰਗ ਦੇ ਚਾਰ ਵਿਦਿਆਰਥੀਆਂ ਵਿਸ਼ੇਸ਼ ਵਰਮਾ, ਕਾਜਲ ਰਾਣੀ, ਸਿਮਰਨ ਕੌਰ ਅਤੇ ਤਨਮੇ ਮਹਾਜਨ ਦੇ ਡਿਜਾਈਨ ਸਬੰਧੀ ਕੰਮ ਦੀ ਖਾਸ ਤੌਰ ਤੇ ਸ਼ਲਾਘਾ ਕੀਤੀ ਗਈ। ਜਾਣਕਾਰੀ ਅਨੁਸਾਰ ਇਸ ਮੁਕਾਬਲੇ ਦਾ ਮੰਤਵ ਇੱਕ ਆਰਕੀਟੈਕਟ ਲਈ 2 ਬੀ.ਐਚ.ਕੇ. ਮਕਾਨ ਡਿਜਾਈਨ ਕਰਨਾ ਸੀ । ਮੁਕਾਬਲੇ ਦੌਰਾਨ ਹੋਰ ਵੀ ਕਈ ਤਰਾਂ ਦੀਆਂ ਸਖਤ ਅਤੇ ਤਕਨੀਕੀ ਸ਼ਰਤਾਂ ਰੱਖੀਆਂ ਗਈਆਂ ਸਨ ਜਿੰਨਾਂ ਦੇ ਅਧਾਰ ਤੇ ਹੀ ਡਿਜ਼ਾਇਨਿੰਗ ਕੀਤੀ ਜਾਣੀ ਸੀ।
ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋਫੈਸਰ (ਡਾ.) ਮੋਹਨ ਪਾਲ ਸਿੰਘ ਈਸ਼ਰ ਨੇ ਵਿਦਿਆਰਥੀਆਂ ਵੱਲੋਂ ਕੀਤੇ ਸ਼ਾਨਦਾਰ ਪ੍ਰਦਰਸਨ ਦੀ ਸ਼ਲਾਘਾ ਕਰਦਿਆਂ ਏਦਾਂ ਦੀਆਂ ਹੋਰ ਵੀ ਪ੍ਰਾਪਤੀਆਂ ਕਰਨ ਦੀ ਕਾਮਨਾ ਕੀਤੀ। ਉਨਾਂ ਆਖਿਆ ਕਿ ਯੂਨੀਵਰਸਿਟੀ ਨੂੰ ਮੁਕਾਬਲੇ ਦੇ ਜੇਤੂ ਵਿਦਿਆਰਥੀਆਂ ਤੇ ਮਾਣ ਰਹੇਗਾ। ਇਸ ਮੌਕੇ ਯੂਨੀਵਰਸਿਟੀ ਦੇ ਰਜਿਸਟਰਾਰ, ਡਾ. ਬੂਟਾ ਸਿੰਘ ਸਿੱਧੂ ਅਤੇ ਕੈਂਪਸ ਦੇ ਡਾਇਰੈਕਟਰ ਕਮ ਡੀਨ ਅਕਾਦਮਿਕ ਮਾਮਲੇ, ਡਾ. ਸਵੀਨਾ ਬਾਂਸਲ ਨੇ ਜੇਤੂ ਬੱਚਿਆਂ ਨੂੰ ਵਧਾਈ ਦਿੱਤੀ ਹੈ। ਜੇਤੂ ਟੀਮ ਦੀ ਅਗਵਾਈ ਵਿਭਾਗ ਦੇ ਮੁਖੀ ਡਾ. ਭੁਪਿੰਦਰ ਪਾਲ ਸਿੰਘ ਢੋਟ, ਆਰਕੀਟੈਕਟ ਅਮਨਦੀਪ ਕੌਰ, ਆਰਕੀਟੈਕਟ ਕਾਜਲ ਹਾਂਡਾ ਅਤੇ ਆਰਕੀਟੈਕਟ ਨਵੀਨਾ ਵਰਮਾ ਕੀਤੀ।