ਦੁੱਖਭੰਜਨ ਰੰਧਾਵਾ
0351920036369
ਨੀ ਮੈਥੋਂ ਵੱਖ ਹੋਵਣ ਤੋਂ ਪਹਿਲਾਂ,
ਮੈਨੂੰ ਦੇ ਕੇ ਥੋੜਾ ਜ਼ਹਿਰ ਜਾਵੀਂ |
ਬਲਦਾ ਹਾਂ ਕਿਵੇਂ ਵਿੱਚ ਚਿਖਾ ਦੇ,
ਤੂੰ ਦੇਖ ਨਜਾਰਾ ਠਹਿਰ ਜਾਵੀਂ |
ਨੀ ਮੈਥੋਂ ਵੱਖ ਹੋਵਣ ਤੋਂ ਪਹਿਲਾਂ,
ਮੈਨੂੰ ਦੇ ਕੇ ਥੋੜਾ ਜ਼ਹਿਰ ਜਾਵੀਂ |
ਨੀ ਮੈਂ ਬੁਰਾ ਬੁਰਿਆਈਆਂ ਨੂੰ,
ਤੂੰ ਹਮੇਸ਼ਾਂ ਯਾਦ ਰੱਖੀਂ |
ਨੀ ਮੇਰੇ ਬੇਲੇ ਆਬਾਦ ਨਾ ਹੋਵਣ,
ਤੂੰ ਆਪਣੇਂ ਬੇਲੇ ਆਬਾਦ ਰੱਖੀਂ |
ਜੇਕਰ ਮੈਨੂੰ ਮਿਲਣਾ ਹੋਇਆ,
ਮੇਰੀ ਮੜੀ ਤੇ ਪਿਛਲੇ ਪਹਿਰ ਜਾਵੀਂ|
ਨੀ ਮੈਥੋਂ ਵੱਖ ਹੋਵਣ ਤੋਂ ਪਹਿਲਾਂ,
ਮੈਨੂੰ ਦੇ ਕੇ ਥੋੜਾ ਜ਼ਹਿਰ ਜਾਵੀਂ |
ਮੈਥੈਂ ਹੋਈਆਂ ਗਲਤੀਆਂ ਦਾ ਮੈਂ,
ਮੁਆਫੀਨਾਮਾਂ ਲਿਖ ਰਿਹਾ ਹਾਂ |
ਕੀਤੇ ਗੁਨਾਹਾਂ ਦਾ ਚੁੱਕਣਾ ਕਿਵੇਂ,
ਭਾਰ ਮੈਂ ਇਹ ਵੀ ਸਿੱਖ ਰਿਹਾ ਹਾਂ |
ਮੈਨੂੰ ਮੱਚਦੇ ਨੂੰ ਮਚਾਵਣ ਖਾਤਿਰ,
ਤੂੰ ਕਰਕੇ ਇੱਕ-ਦੋ ਕਹਿਰ ਜਾਵੀਂ |
ਨੀ ਮੈਥੋਂ ਵੱਖ ਹੋਵਣ ਤੋਂ ਪਹਿਲਾਂ,
ਮੈਨੂੰ ਦੇ ਕੇ ਥੋੜਾ ਜ਼ਹਿਰ ਜਾਵੀਂ |
ਪੈ ਗਈਆਂ ਨੇ ਮੇਰੇ ਪੱਲੇ ਸੱਜਣਾ,
ਦਰਦ ਜੁਦਾਈਆਂ ਸੱਭੇ|
ਇੱਕ ਪਾਸੇ ਮੇਰੇ ਐਬ ਖਲੋਤੇ,
ਦੂਜੇ ਪਾਸੇ ਖੁਦਾਈਆਂ ਸੱਭੇ |
ਚੱਲੀ ਏਂ ਤਾਂ ਇੱਕ ਕਰਮ ਕਮਾ,
ਨੀ ਕੱਢਕੇ ਕੋਈ ਵੈਰ ਜਾਵੀਂ |
ਨੀ ਮੈਥੋਂ ਵੱਖ ਹੋਵਣ ਤੋਂ ਪਹਿਲਾਂ,
ਮੈਨੂੰ ਦੇ ਕੇ ਥੋੜਾ ਜ਼ਹਿਰ ਜਾਵੀਂ |
ਮੈਂ ਸਦਾ ਤੇਰੇ ਰਾਹ ਦਾ ਰੋੜਾ ਰਿਹਾ ਨੀ,
ਨਿਕਲ ਗਿਆ ਹਾਂ ਰਾਹ ਦਾ ਰੋੜਾ |
ਮੰਜਿ਼ਲ ਦੇ ਵੱਲ ਚੱਲੇ ਸੀ ,
ਨੀ ਮੰਜਿ਼ਲ ਦਾ ਹੁਣ ਰਾਹ ਏ ਥੋੜਾ |
ਮੇਰੇ ਘੁੱਪ ਹਨੇਰੇ ਨੂੰ ਕਰ,
ਬਲਦੀ ਹੋਈ ਦੁਪਹਿਰ ਜਾਵੀਂ |
ਨੀ ਮੈਥੋਂ ਵੱਖ ਹੋਵਣ ਤੋਂ ਪਹਿਲਾਂ,
ਮੈਨੂੰ ਦੇ ਕੇ ਥੋੜਾ ਜ਼ਹਿਰ ਜਾਵੀਂ |
ਸੁਣਿਆ ਹੋਣੈਂ ਕਦੀ ਤਾਂ ਤੂੰ ਵੀ,
ਮੇਰੇ ਦਿਲ ਦਾ ਕੁਰਲਾਉਣਾ ਵੀ |
ਵੇਖਿਆ ਹੋਣੈ ਕਦੀ ਤਾਂ ਤੂੰ ਵੀ,
ਮੇਰੀ ਰੂਹ ਦਾ ਪਛਤਾਉਣਾ ਵੀ |
ਆਪਣਾ ਜੇ ਸਮਝਿਆ ਰੋਵੇਂਗੀ,
ਮੇਰੇ ਲਾਗੋਂ ਬਣਕੇ ਗੈਰ ਜਾਵੀਂ |
ਨੀ ਮੈਥੋਂ ਵੱਖ ਹੋਵਣ ਤੋਂ ਪਹਿਲਾਂ,
ਮੈਨੂੰ ਦੇ ਕੇ ਥੋੜਾ ਜ਼ਹਿਰ ਜਾਵੀਂ |
ਦੁੱਖਭੰਜਨ ਨੂੰ ਮਾਰ ਲਿਆ ਏ,
ਉਸਦੀਆਂ ਹਿਰਸਾਂ ਆਸਾਂ ਨੇਂ |
ਉਸਦੀ ਬਾਂਹ ਪਹਿਲਾਂ ਫੜ ਲਈ,
ਤੇ ਮੁੜ ਡੋਬਿਆ ਖਾਸਮ ਖਾਸਾਂ ਨੇਂ |
ਘਰ ਮੇਰਾ ਤੂੰ ਦੇਖੀਂ ਜਾ ਕੇ,
ਪਲ ਦੋ ਪਲ ਮੇਰੇ ਸ਼ਹਿਰ ਜਾਵੀਂ |
ਨੀ ਮੈਥੋਂ ਵੱਖ ਹੋਵਣ ਤੋਂ ਪਹਿਲਾਂ,
ਮੈਨੂੰ ਦੇ ਕੇ ਥੋੜਾ ਜ਼ਹਿਰ ਜਾਵੀਂ |