3.4 C
United Kingdom
Sunday, March 8, 2026

More

    ਏਨੀ ਸੌਖੀ ਨਹੀ ਜਿੰਦਗੀ

    ਰਜਨੀ ਵਾਲੀਆ
    ਏਨੀ ਸੌਖੀ ਨਹੀ ਜਿੰਦਗੀ,
    ਜਿੰਨੀ ਸੌਖੀ ਲਗਦੀ ਏ |
    ਮੱਚ ਜਾਦਾ ਏ ਬੰਦਾ,
    ਲਾਟ ਇਹ ਤਾਂ ਅੱਗ ਦੀਏ |
    ਏਨੀ ਸੌਖੀ ਨਹੀ ਜਿੰਦਗੀ,
    ਜਿੰਨੀ ਸੌਖੀ ਲਗਦੀ ਏ |

    ਵਿੱਚ ਹਨੇਰੇ ਤੁਰਨਾ ਬੜਾ,
    ਹੀ ਔਖਾ ਲਗਦਾ ਏ |
    ਚਾਨਣ ਹੋਵੇ ਨਾਲ ਤਾਂ ਤੁਰਨਾ,
    ਸੌਖਾ ਲਗਦਾ ਏ |
    ਇਹ ਵੱਟੀ ਹੁੰਦੀ ਦੀਵੇ ਦੀ,
    ਬੁਝ-ਬੁਝ ਕੇ ਜਗਦੀ ਏ |
    ਏਨੀ ਸੌਖੀ ਨਹੀ ਜਿੰਦਗੀ,
    ਜਿੰਨੀ ਸੌਖੀ ਲਗਦੀ ਏ |

    ਧੋਖਾ ਕਈ ਵਾਰ ਤਾਂ ਸਾਹਮਣੇ,
    ਬੈਠਾ ਨਜਰੀਂ ਨਹੀਂ ਆਉਂਦਾ |
    ਕਈ ਵਾਰੀ ਜਖਮ ਹੁੰਦਾ ਏ ਚੋਖਾ,
    ਨਜਰੀ ਨਹੀਂ ਆਉਂਦਾ |
    ਠੱਗਣ ਤੇ ਆ ਜਾਵੇ ਤਾਂ ਇਹ,
    ਰੀਝ ਨਾਲ ਠੱਗਦੀ ਏ |
    ਏਨੀ ਸੌਖੀ ਨਹੀ ਜਿੰਦਗੀ,
    ਜਿੰਨੀ ਸੌਖੀ ਲਗਦੀ ਏ |

    ਜਿੰਦਗੀ ਕਈ ਵਾਰੀ ਏਸ,
    ਤਰਾਂ ਦੀ ਖੇਡ ਰਚਾਉਂਦੀ ਏ |
    ਜੋ ਫੜਿਆ ਹੋਵੇ ਉਹ ਟੁੱਟ ਜਾਂਦੈ,
    ਕੱਖ ਸਮਝ ਨਾ ਆਉਂਦੀ ਏ |
    ਤੱਕਦੀ ਨਹੀ ਏ ਕਿਸੇ ਨੂੰ,
    ਆਪਣੇ ਵਹਿਣ ਚ ਵਗਦੀ ਏ |
    ਏਨੀ ਸੌਖੀ ਨਹੀ ਜਿੰਦਗੀ,
    ਜਿੰਨੀ ਸੌਖੀ ਲਗਦੀ ਏ |

    ਕੋਈ ਕਿਸੇ ਨੂੰ ਸਮਝੇ ਨਾ,
    ਇਹ ਬੰਦੇ ਨੂੰ ਸਮਝ ਲਵੇ |
    ਝੂਠਾ ਹੋਵੇ ਸੱਚਾ ਹੋਵੇ ਇਹ,
    ਫੜ ਬੰਦੇ ਦੀ ਰਮਜ਼ ਲਵੇ |
    ਬੰਦਿਆ ਤੇਰੀ ਇਹ ਤਾਂ ਵਾਕਫ,
    ਰਗ ਰਗ ਦੀ ਏ |
    ਏਨੀ ਸੌਖੀ ਨਹੀ ਜਿੰਦਗੀ,
    ਜਿੰਨੀ ਸੌਖੀ ਲਗਦੀ ਏ |

    ਦੱਸਦੇ ਤੂੰ ਉਸਨੂੰ ਜਿਸਨੂੰ,
    ਦਿਲੋਂ ਤੂੰ ਚਾਹੁੰਨਾ ਏਂ |
    ਬਿਨ ਆਈ ਨਾ ਮਰ ਜਾਵੇ,
    ਕਿਉਂ ਮਾਰ ਮੁਕਾਉਨਾ ਏਂ |
    ਰਜਨੀ ਜਿੰਦ ਕਈ ਵਾਰੀ ਤਾਂ ਜੁਗਨੂੰ
    ਵਾਂਗਰ ਜਗ-ਬੁਝ ਮਘਦੀ ਏ |
    ਏਨੀ ਸੌਖੀ ਨਹੀ ਜਿੰਦਗੀ,
    ਜਿੰਨੀ ਸੌਖੀ ਲਗਦੀ ਏ

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!