7.5 C
United Kingdom
Sunday, March 8, 2026

More

    ਤੁਰ ਗਿਆ ਇਮਾਨਦਾਰੀ ਦਾ ‘ਮੁਜੱਸਮਾ’-ਹੇਮ ਰਾਜ ਮਿੱਤਲ

    ਅਸ਼ੋਕ ਵਰਮਾ
    ਬਠਿੰਡਾ,1 ਅਕਤੂਬਰ2020। ਪੰਜਾਬ ਸੁਬਾਰਡੀਨੇਟ ਸਰਵਿਸਜ਼ ਬੋਰਡ ਦੇ ਸਾਬਕਾ ਚੇਅਰਮੈਨ ਅਤੇ ਇਮਾਨਦਾਰੀ ਦਾ ਮੁਜੱਸਮਾ ਬਠਿੰਡਾ ਜ਼ਿਲੇ ਦਾ ਗੋਨਿਆਣਾ ਮੰਡੀ ਨਿਵਾਸੀ ਹੇਮ ਰਾਜ ਮਿੱਤਲ ਨੂੰ ਵੱਖ ਵੱਖ ਆਗੂਆਂ ਤੇ ਸਮਾਜਿਕ ਸੰਸਥਾਵਾਂ ਨੇ ਉਨਾਂ ਦੀ ਅੰਤਮ ਅਰਦਾਸ ਮੌਕੇ ਸ਼ਰਧਾਂਜਲੀਆਂ ਭੇਂਟ ਕੀਤੀਆਂ । ਸ੍ਰੀ ਮਿੱਤਲ ਪਿਛਲੇ ਦਿਨੀ ਆਕਾਲਾ ਚਲਾਣਾ ਕਰ ਗਏ ਸਨ। ਹੇਮ ਰਾਜ ਮਿੱਤਲ ਅਜਿਹੀ ਸ਼ਖਸ਼ੀਅਤ ਸਨ ਜਿੰਨਾਂ ਨੂੰ ਕੌਣ ਨਹੀਂ ਜਾਣਦਾ ਹੈ। ਹੇਮ ਰਾਜ ਮਿੱਤਲ ਨੇ ਪਰਜਾ ਮੰਡਲ ਲਹਿਰ ਦੌਰਾਨ ਗਿਆਨੀ ਜ਼ੈਲ ਸਿੰਘ ਦੇ ਨਾਲ ਰਹਿਕੇ ਸੰਘਰਸ਼ ਵੀ ਕੀਤਾ ਸੀ। ਉਸ ਵਕਤ ਵੀ ਸੀ੍ਰ ਮਿੱਤਲ ਨੇ ਭੁੱਖ ਪਿਆਸ ਕੱਟ ਲਈ ਪਰ ਕਦੇ ਵੀ ਇਮਾਨ ਨਹੀਂ ਡੁਲਾਇਆ ਸੀ। ਪੰਜਾਬ ’ਚ ਜਦੋਂ ਗਿਆਨੀ ਜੈਲ ਸਿੰਘ ਦੀ ਸਰਕਾਰ ਬਣੀ ਤਾਂ ਹੇਮ ਰਾਜ ਮਿੱਤਲ ਨੂੰ ਐਸ ਐਸ ਬੋਰਡ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਸੀ।
                       ਉਹ ਚੰਡੀਗੜ ਆਪਣੇ ਕਾਰਜਕਾਲ ਦੌਰਾਨ ਘਰ ਤੋਂ ਦਫਤਰ ਤੱਕ ਸਾਈਕਲ ਤੇ ਜਾਂਦਾ ਰਿਹਾ ਪਰ ਗੱਡੀ ਦੀ ਕਦੇ ਵੀ ਝਾਕ ਨਹੀਂ ਰੱਖੀ। ਹੇਮ ਰਾਜ ਮਿੱਤਲ ਨੇ ਹਜਾਰਾਂ ਮੁੰਡਿਆਂ ਨੂੰ ਅਫਸਰ ਬਣਾਇਆ ਪਰ ਖੁੁਦ ਉਸ ਦਾ ਲੜਕਾ ਲੰਬਾ ਸਮਾਂ ਬੇਰੁਜਗਾਰ ਰਿਹਾ। ਕਿਸੇ ਤੋਂ ਦੁਆਨੀ ਨਹੀਂ ਲਈ ਤਾਹੀਓਂ ਉਮਰ ਦੇ ਅੰਤ ਤੱਕ ਹਰ ਕੋਈ ਉਨਾਂ ਦੀ ਕਦਰ ਕਰਦਾ ਰਿਹਾ ਹੈ। ਪਿਛਲੀ ਉਮਰੇ ਗੋਨਿਆਣਾ ’ਚ ਚੱਕੀ ਚਲਾਈ ਪਰ ਕਦੇ ਬੇਈਮਾਨੀ ਦਾ ਪੀਹਣਾ ਨਹੀਂ ਪੀਸਿਆ। ਗੋਨਿਆਣਾ ਵਾਸੀ ਆਖਦੇ ਹਨ ਕਿ ਬੇਸ਼ੱਕ ਹੇਮ ਰਾਜ ਮਿੱਤਲ ਬੇਸ਼ੱਕ ਬਿਰਧ ਹੋ ਗਿਆ ਸੀ ਪਰ ਉਸ ਦੀ ਇਮਾਨਦਾਰੀ ਕਦੇ ਵੀ ਬੁੱਢੀ ਨਹੀਂ ਹੋਈ। ਉਹ ਆਖਿਆ ਕਰਦੇ ਸਨ ਕਿ ਅੱਜ ਦੇ ਜਮਾਨੇ ’ਚ ਇਮਾਨਦਾਰ ਬੰਦੇ ਦੀ ਕਦਰ ਨਹੀਂ ਹੁੰਦੀ ਹੈ।
                                   ਉਸ ਦੇ ਅਧਿਆਪਕ ਲੜਕੇ ਰਵਿੰਦਰ ਮਿੱਤਲ,ਬਾਕੀ ਪ੍ਰੀਵਾਰਕ ਮੈਂਬਰਾਂ ਅਤੇ ਉਸ ਦੇ ਸੰਗੀ ਸਾਥੀਆਂ ਨੂੰ ਹਮੇਸ਼ਾ ਮਾਣ ਰਿਹਾ ਹੈ। ਗੋਨਿਆਣਾ ਮੰਡੀ ਤੋਂ ਇਲਾਵਾ ਉਸ ਦੇ ਜਾਣਕਾਰ ਹਲਕਿਆਂ ’ਚ ਜਿੱਥੇ ਵੀ ਕਿਤੇ ਇਮਾਨਦਾਰੀ ਦੀ ਗੱਲ ਚੱਲਦੀ ਤਾਂ ਹਰ ਕੋਈ ਉਸ ਦਾ ਨਾਮ ਉੱਚੀ ਬਾਂਹ ਕੱਢ ਕੇ ਲੈਂਦਾ ਰਿਹਾ ਹੈ। ਅੰਤ ਤੱਕ ਉਨਾਂ ਇਮਾਨ ਧਰਮ ਦੀ ਜਿੰਗੀ ਗੁਜ਼ਰ ਬਸਰ ਕੀਤੀ ਅਤੇ ਆਪਣੇ ਪ੍ਰੀਵਾਰ ਨੂੰ ਹਮੇਸ਼ਾ ਇਮਾਨਦਾਰ ਰਹਿਕੇ ਜਿੰਗੀ ਜਿਉਣ ਦਾ ਢੰਗ ਸਿਖਾਇਆ। ਉਨਾਂ ਨੂੰ ਪੰਜਾਬ ਵਿਧਾਨ ਸਭਾ ਦੇ। ਡਿਪਟੀ ਸਪੀਕਰ ਅਜਾਇਬ ਸਿੰਘ ਭੱਟੀ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਗੋਬਿੰਦ ਰਾਮ ਅਤੇ ਹੋਰ ਵੀ ਕਈ ਸ਼ਖਸ਼ੀਅਤਾਂ ਨੇ ਸ਼ਰਧਾਂਜਲੀਆਂ ਭੇਟ ਕੀਤੀਆਂ ਅਤੇ ਪ੍ਰੀਵਾਰ ਨਾਲ ਦੁੱਖ ਸਾਂਝਾ ਕੀਤਾ ਹੈ। 

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!