ਮਲੇਰਕੋਟਲਾ, 1 ਅਕਤੂਬਰ (ਥਿੰਦ)
ਉੱਤਰ ਪ੍ਰਦੇਸ਼ ਦੇ ਹਾਥਰਸ ਵਿੱਚ 19 ਸਾਲਾ ਦਲਿਤ ਲੜਕੀ ਨਾਲ ਸਮੂਹਿਕ ਜਬਰ ਜਨਾਹ ਦੀ ਘਟਨਾ ਖ਼ਿਲਾਫ਼ ਜ਼ੋਰਦਾਰ ਰੋਸ ਪ੍ਰਗਟ ਕਰਦਿਆਂ ਆਲ ਇੰਡੀਆ ਹਿਊਮਨ ਰਾਈਟਸ ਪੰਜਾਬ ਦੇ ਚੀਫ਼ ਐਡਵਾਈਜ਼ਰ ਮਹੰਤ ਹਰਪਾਲ ਦਾਸ ਨੇ ਕਿਹਾ ਕਿ ਇਹੋ -ਜਿਹੇ ਮੁਲਜਮਾਂ ਨੂੰ ਕਟਹਿਰੇ ਵਿੱਚ ਖੜ੍ਹਾ ਕੇ ਗੋਲੀ ਮਾਰ ਦੇਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਯੂ. ਪੀ ਦੇ ਮੁੱਖ ਮੰਤਰੀ ਯੋਗੀ ਅਦਿਤਿਆਨਾਥ ਸੂਬੇ ਵਿੱਚ ਅਪਰਾਧਿਕ ਗਤੀਵਿਧੀਆਂ ਤੇ ਨੱਥ ਪਾਉਣ ਦੇ ਵੱਡੇ ਵੱਡੇ ਦਾਅਵੇ ਕਰ ਰਹੇ ਹਨ । ਜਦ ਕਿ ਇਸ ਦੇ ਉਲਟ ਯੂ ਪੀ ਵਿੱਚ ਅਪਰਾਧਿਕ ਗਤੀਵਿਧੀਆਂ ਪਹਿਲਾਂ ਨਾਲੋਂ ਵੀ ਵੱਧ ਗਈਆਂ ਹਨ । ਉਨ੍ਹਾਂ ਦੋਸ਼ੀ ਮੁਲਜਮਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੇ ਜਾਣ ਦੀ ਗੱਲ ਕਰਦਿਆਂ ਕਿਹਾ ਕਿ ਪਹਿਲਾਂ ਦਿੱਲੀ ਵਿੱਚ ਨਿਰਭਯਾ ਨਾਲ ਹੋਏ ਜਬਰ ਜਨਾਹ ਅਤੇ ਹੁਣ ਹਾਥਰਸ ਵਿੱਚ ਹੋਈ ਘਟਨਾ ਤੋਂ ਇਹ ਸਾਬਤ ਹੋ ਗਿਆ ਹੈ ਕਿ ਭਾਰਤ ਵਿੱਚ ਔਰਤਾਂ ਕਦੇ ਵੀ ਸੁਰੱਖਿਅਤ ਨਹੀਂ ਹਨ।
ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੇਸ਼ ਵਿਰੋਧੀ ਫੈਸਲੇ ਲੈਣ ਦੀ ਥਾਂ ਅਪਰਾਧਿਕ ਗਤੀਵਿਧੀਆਂ ਤੇ ਨੱਥ ਪਾਉਣ ਅਤੇ ਦੇਸ਼ ਨੂੰ ਵਿਕਾਸ ਦੇ ਰਾਹ ਤੇ ਲਿਆਉਣ ਦੀ ਕੋਸ਼ਿਸ਼ ਕਰੇ। ਉਨ੍ਹਾਂ ਇਹ ਵੀ ਕਿਹਾ ਕਿ ਸਾਡੀਆਂ ਧੀਆਂ ਨੂੰ ਆਪਣੀ ਰੱਖਿਆ ਆਪ ਕਰਨ ਲਈ ਖੁਦ ਤੱਤਪਰ ਹੋਣਾ ਪਵੇਗਾ।