ਰਜਨੀ ਵਾਲੀਆ
ਜੱਟ ਖੇਤਾਂ ਦਾ ਰਾਜਾ ਹੋ ਕੇ,
ਤਰਲੇ ਕਿਉਂ ਕਰਦਾ ਏ |
ਮੰਡੀ ਵਿੱਚ ਜੱਟ ਜਦੋਂ ਵੀ ਮਰਦਾ,
ਏ ਬਸ ਭਾਅ ਤੋਂ ਮਰਦਾ ਏ |
ਜੱਟ ਖੇਤਾਂ ਦਾ ਰਾਜਾ ਹੋ ਕੇ,
ਤਰਲੇ ਕਿਉਂ ਕਰਦਾ ਏ |
ਸੱਪਾਂ ਦੀਆਂ ਸਿਰੀਆਂ ਮਿੱਧ ਕੇ,
ਜੱਟ ਹੱਲ ਚਲਾਉਂਦਾ ਏ |
ਵਾਹ ਕੇ ਖੇਤ ਸਵਾਗੇ ਫੇਰੇ,
ਰੀਝ ਨਾਲ ਖੇਤ ਸਜਾਉਂਦਾ ਏ |
ਰਾਤ-ਰਾਤ ਭਰ ਪਾਣੀ ਲਾਉਦਾ,
ਤੇ ਠੰਢ ਚ ਠਰਦਾ ਏ |
ਜੱਟ ਖੇਤਾਂ ਦਾ ਰਾਜਾ ਹੋ ਕੇ,
ਤਰਲੇ ਕਿਉਂ ਕਰਦਾ ਏ |
ਗੋਡੇ-ਗੋਡੇ ਹੋਵੇ ਫਸਲ ਤੇ,
ਜੱਟ ਭੰਗੜੇ ਪਾਉਂਦਾ ਏ |
ਜੱਟ ਲੁੱਡੀਆ ਪਾਵੇ ਖੇਤ,
ਜਦੋਂ ਵੀ ਲਹਿਲਹਾਉਂਦਾ ਏ |
ਪੱਕੀ ਫਸਲ ਤੇ ਮੀਂਹ ਨਾ ਪੈ,
ਜਾਵੇ ਰੱਬ ਤੋਂ ਡਰਦਾ ਏ |
ਜੱਟ ਖੇਤਾਂ ਦਾ ਰਾਜਾ ਹੋ ਕੇ,
ਤਰਲੇ ਕਿਉਂ ਕਰਦਾ ਏ |
ਮੈਂ ਤੱਕਿਆ ਹੈ ਅਕਸਰ,
ਅੰਨਦਾਤਾ ਭੁੱਖੇ ਢਿੱਡ ਸੌਂਦਾ ਏ |
ਨਾ ਤਨ ਲੀੜਾ ਨਾ ਪੈਰੀਂ ਖੁੱਸਾ,
ਨਾ ਮਿਲੇ ਜੋ ਵੀ ਓ ਚਾਹੁੰਦਾ ਏ |
ਹਾੜ ਸਿਆਲ ਜੋ ਵੀ ਆਵੇ,
ਉਹ ਤਨ ਆਪਣੇਂ ਤੇ ਜਰਦਾ ਏ |
ਜੱਟ ਖੇਤਾਂ ਦਾ ਰਾਜਾ ਹੋ ਕੇ,
ਤਰਲੇ ਕਿਉਂ ਕਰਦਾ ਏ |
ਜੱਟ ਨੇਂ ਦਵਾਈ ਖਾ ਕੇ,
ਫਾਹਾ ਉਦੋਂ ਈ ਲੈਂਣਾ ਏ |
ਲੈ ਕੇ ਰੁਪਈਆ ਕਰਜਾ,
ਹਜਾਰ ਜਦੋਂ ਦੇਣਾ ਪੈਣਾ ਏ |
ਜਦ ਸੁਣੀ ਨਾ ਜਾਏ ਅਰਜੋਈ,
ਜੱਟ ਤਦ ਹੀ ਤਾਂ ਹਰਦਾ ਏ |
ਜੱਟ ਖੇਤਾਂ ਦਾ ਰਾਜਾ ਹੋ ਕੇ,
ਤਰਲੇ ਕਿਉਂ ਕਰਦਾ ਏ |
ਸੁੱਖ ਰੱਬਾ ਜੇ ਜੱਟ ਨੂੰ ਵੀ,
ਦੇ ਦਏਂ ਤਾਂ ਤੇਰਾ ਕੀ ਜਾਂਦਾ |
ਯਤੀਮ ਨਾ ਹੁੰਦੇ ਬੱਚੇ ਜੇਕਰ,
ਜੱਟ ਗੋਲੀ ਨਾ ਖਾਂਦਾ |
ਸਭਨਾ ਦੇ ਤੂੰ ਰੱਖਦੈਂ ਕੋਈ,
ਜੱਟ ਦਾ ਵੀ ਪਰਦਾ ਏ |
ਜੱਟ ਖੇਤਾਂ ਦਾ ਰਾਜਾ ਹੋ ਕੇ,
ਤਰਲੇ ਕਿਉਂ ਕਰਦਾ ਏ |
ਰਜਨੀ ਜੱਟ ਦੇ ਕਰਕੇ ਹੀ,
ਮੰਡੀਆਂ ਵਿੱਚ ਅਨਾਜ ਰਹੇ |
ਜੇ ਜੱਟ ਨਾ ਅੰਨ ਨੂੰ ਬੀਜੇ,
ਤਾਂ ਜਿਉਂਦਾ ਨਾ ਸਮਾਜ ਰਵੇ |
ਬੰਦਾ ਆਮ ਨਹੀ ਜਰ ਸਕਦਾ,
ਜੋ ਦੁੱਖ ਜੱਟ ਜਰਦਾ ਏ |
ਜੱਟ ਖੇਤਾਂ ਦਾ ਰਾਜਾ ਹੋ ਕੇ,
ਤਰਲੇ ਕਿਉਂ ਕਰਦਾ ਏ |