2 C
United Kingdom
Saturday, March 7, 2026

More

    ਖੇਤੀ ਬਿੱਲ:ਭਾਜਪਾ ਲੀਡਰਾਂ ਤੇ ਕਾਰਪੋਰੇਟਾਂ ਦੀ ਬਾਂਹ ਮਰੋੜਨ ਦਾ ਐਲਾਨ

    ਅਸ਼ੋਕ ਵਰਮਾ
    ਬਠਿੰਡਾ। ਖੇਤੀ ਕਾਨੂੰਨਾਂ ਦੇ ਮਾਮਲੇ ਤੇ ਕਿਸਾਨਾਂ ਨੇ ਅੱਜ ਸੰਘਰਸ਼ ਦੀ ਨਵੀਂ ਇਬਾਰਤ ਲਿਖ ਦਿੱਤੀ ਹੈ। ਕਿਸਾਨ ਹੁਣ ਨਵੇਂ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਆਰ ਪਾਰ ਦੀ ਲੜਾਈ ਲੜਨਗੇ। ਇਸ ਲਈ ਹੁਣ ਕਿਸਾਂਨਾਂ ਨੇ ਮੋਦੀ ਸਰਕਾਰ ਦੀ ਅਗਵਾਈ ਹੇਠਲੀ ਭਾਜਪਾ ਦੇ ਲੀਡਰਾਂ ਅਤੇ ਕਾਰਪੋਰੇਨ ਘਰਾਣਿਆਂ ਦੇ ਕਾਰੋਬਾਰਾਂ ਨੂੰ ਨਿਸ਼ਾਨਾ ਬਨਾਉਣ ਦਾ ਫੈਸਲਾ ਲਿਆ ਹੈ। ਇਸ ਦੇ ਨਾਲ ਹੀ ਪਹਿਲੀ ਅਕਤੂਬਰ ਤੋਂ ਅਣਮਿਥੇ ਸਮੇਂ ਲਈ ਰੇਲ ਪਟੜੀਆਂ ਜਾਮ ਕੀਤੀ ਜਾਣਗੀਆਂ। ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਨੇ 4 ਜਿਲਿਆਂ ‘ਚ ਰੇਲ ਪਟੜੀਆਂ, 4 ਭਾਜਪਾ ਆਗੂਆਂ, 4 ਟੌਲ ਪਲਾਜਿਆਂ,10 ਪੈਟਰੋਲ ਪੰਪਾਂ ,2 ਸ਼ਾਪਿੰਗ ਮਾਲਜ਼,1 ਅਡਾਨੀ ਸੈੱਲੋ ਗੋਦਾਮ ਅਤੇ ਇੱਕ ਪ੍ਰਾਈਵੇਟ ਥਰਮਲ ਸਮੇਤ  22 ਥਾਵਾਂ ਦੀ ਪੱਕੇ ਧਰਨੇ ਲਾਉਣ ਦੀ ਨਿਸ਼ਾਨਦੇਹੀ ਕੀਤੀ ਹੈ। ਜੱਥੇਬੰਦੀ ਨੇ ਧਰਨਿਆਂ ਵਾਲੀਆਂ ਥਾਵਾਂ ਦਾ ਐਲਾਨ 30 ਸਤੰਬਰ ਨੂੰ ਜਿਲਾ ਮੀਟਿੰਗਾਂ ’ਚ ਕਰਨ ਦਾ ਫੈਸਲਾ ਲਿਆ ਹੈ। ਯੂਨੀਅਨ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਦੀ ਪ੍ਰਧਾਨਗੀ ਹੇਠ ਹੋਈ ਸੂਬਾ ਪੱਧਰੀ ਮੀਟਿੰਗ ਵਿੱਚ ਕਾਲ਼ੇ ਖੇਤੀ ਕਾਨੂੰਨਾਂ ਵਿਰੁੱਧ 31 ਜਥੇਬੰਦੀਆਂ ਦੇ ਘੋਲ਼ ਦੇ ਸੱਦੇ ਨਾਲ ਤਾਲਮੇਲਵੇਂ ਐਕਸ਼ਨਾਂ ਦੀ ਰਣਨੀਤੀ ਘੜੀ ਗਈ ਹੈ।
            ਜਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਮੀਟਿੰਗ ਵਿੱਚ ਸੂਬਾ ਮੀਤ ਪ੍ਰਧਾਨ ਜਸਵਿੰਦਰ ਸਿੰਘ ਲੌਂਗੋਵਾਲ,  ਰਾਜਵਿੰਦਰ ਸਿੰਘ ਰਾਮਨਗਰ ਅਤੇ ਸ਼ਿੰਗਾਰਾ ਸਿੰਘ ਮਾਨ ਤੋਂ ਇਲਾਵਾ ਜਿਲਾ ਪੱਧਰ ਦੇ ਸਾਰੇ ਆਗੂ ਸ਼ਾਮਲ ਸਨ। ਮੀਟਿੰਗ ਵਿੱਚ ਮਤਾ ਪਾਸ ਕਰਕੇ ਦੋਸ਼ ਲਾਇਆ ਕਿ ਇਹ ਮੋਦੀ ਹਕੂਮਤ ਵੱਲੋਂ ਕਾਰਪੋਰੇਟਾਂ ਨੂੰ ਖੇਤੀ ਖੇਤਰ ‘ਚ ਅੰਨੀ ਲੁੱਟ ਮਚਾਉਣ ਦੇਣ ਅਤੇ ਖੇਤੀ ਜ਼ਮੀਨਾਂ ‘ਤੇ ਕਬਜੇ ਕਰਾਉਣ ਦਾ ਹਮਲਾ ਹੈ।  ਮੋਦੀ ਸਰਕਾਰ ਮੁਲਕ ਦੇ ਮਾਲ ਖਜ਼ਾਨੇ ਬਹੁਕੌਮੀ ਕੰਪਨੀਆਂ ਅਤੇ ਅੰਬਾਨੀ ਅਡਾਨੀ ਵਰਗਿਆਂ ਨੂੰ ਸੰਭਾਲਣ ‘ਤੇ ਤੁਲੀ ਹੋਈ ਹੈ। ਇਸੇ ਕਾਰਨ ਹੀ ਬੀਜੇਪੀ ਦੇ ਲੀਡਰਾਂ ਦੀ ਬਾਂਹ ਮਰੋੜਨ ਦਾ ਫੈਸਲਾ ਲਿਆ ਹੈ ਤਾਂ ਜੋ ਮੋਦੀ ਸਰਕਾਰ ਦੇ ਚਹੇਤਿਆਂ ਨੂੰ ਕੰਨ ਹੋ ਜਾਣ ਕਿ ਹੁਣ ਲੋਟੂ ਧੰਦਿਆਂ ਖਿਲਾਫ ‘ਖੇਤਾਂ ਦੇ ਪੁੱਤ’ ਜਾਗ ਪਏ ਹਨ। ਉਨਾਂ ਆਖਿਆ ਕਿ  ਕਿਸਾਨ ਸਰਕਾਰ ਨੂੰ ਸਮਝਾ ਰਹੇ ਸਨ ਕਿ ਕਿਸਾਨਾਂ ਦੀ ਹਿੱਕ ਤੇ ਦੀਵਾ ਨਾਂ ਬਾਲਿਆ ਜਾਏ ਪਰ ਹਕੂਮਤੀ ਨਸ਼ੇ ’ਚ ਗਲਤਾਨ ਲੀਡਰ ਨਾਂ ਜਾਗੇ ਤਾਂ ਸਖਤ ਫੈਸਲੇ ਕਰਨ ਲਈ ਮਜਬੂਰ ਹੋਣਾ ਪਿਆ ਹੈ।
                        ਆਗੂਆਂ ਨੇ ਦੱਸਿਆ ਕਿ ਪੰਜਾਬ ਅੰਦਰ ਅਡਾਨੀ ਗਰੁੱਪ ਨੇ ਅਨਾਜ ਖਰੀਦ ਕੇ ਸਟੋਰ ਕਰਨ ਲਈ ਵੱਡੇ ਗ਼ੁਦਾਮ ਉਸਾਰੇ ਹੋਏ ਹਨ ਜਿੰਨਾਂ ਨੂੰ ਕਾਨੂੰਨ ਪਾਸ ਹੁੰਦਿਆਂ ਹੀ ਕਿਸਾਨਾਂ ਦੀਆਂ ਫਸਲਾਂ ਦੀ ਕਥਿਤ ਲੁੱਟ ਕਰਕੇ ਰੱਖਣ ਲਈ ਵਧਾਉਣਾ ਸ਼ੁਰੂ ਕਰ ਦਿੱਤੇ ਹੈ। ਉਨਾਂ ਦੱਸਿਆ ਕਿ ਗਰੀਬ ਪਰਿਵਾਰਾਂ ਨੂੰ ਅਨਾਜ ਵੰਡਣ ਦੀ ਥਾਂ ਵੱਡੇ ਮੁਨਾਫਿਆਂ ਖਾਤਰ ਇੱਥੋਂ ਦੇਸ਼ਾਂ ਵਿਦੇਸ਼ਾਂ ਨੂੰ ਪਹੁੰਚਾਇਆ ਜਾਏਗਾ ਇਸ ਲਈ ਵੱਡੇ ਪ੍ਰਾਈਵੇਟ ਗੋਦਾਮਾਂ ਦੇ ਘਿਰਾਓ ਰਾਹੀਂ ਕਿਸਾਨ ਦੱਸਣਗੇ ਕਿ ਪੰਜਾਬ ਅੰਦਰ ਖੇਤੀ ਖੇਤਰ ਨੂੰ ਇਉਂ ਹੜੱਪਣ ਨਹੀਂ ਦਿੱਤਾ ਜਾਵੇਗਾ। ਇਨਾਂ ਘਿਰਾਓ ਐਕਸ਼ਨਾਂ ‘ਚ ਸ਼ਾਮਲ ਹੋ ਕੇ ਖੇਤ ਮਜ਼ਦੂਰ ਤੇ ਹੋਰ ਗਰੀਬ ਪਰਿਵਾਰ ਵੀ ਇਸ ਅਨਾਜ ‘ਤੇ ਆਪਣਾ ਅਸਲ ਅਧਿਕਾਰ ਜਤਾਉਣਗੇ। ਉਨਾਂ ਦੱਸਿਆ ਕਿ ਮੀਟਿੰਗ ’ਚ ਇਹ  ਫੈਸਲਾ ਵੀ ਕੀਤਾ ਹੈ  ਕਿ ਇਨਾਂ ਧਰਨਿਆਂ ਨੂੰ ਸ਼ਾਂਤਮਈ ਰੱਖਣ ਲਈ ਸ਼ਰਾਰਤੀ ਤੱਤਾਂ ਤੋਂ ਪੂਰੀ ਤਰਾਂ ਚੌਕਸ ਰਹਿ ਕੇ  ਹਰ ਪੱਖੋਂ ਜ਼ਬਤ ਦੀ ਪਾਲਣਾ ਕੀਤੀ ਜਾਵੇਗੀ।  ਉਨਾਂ ਲੋਕਾਂ ਨੂੰ ਵਧ ਚੜ ਕੇ ਇਨਾਂ ਪੱਕੇ ਮੋਰਚਿਆਂ ‘ਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ।
                  ਇੰਨਾਂ ਧਨਾਢ ਘਰਾਣਿਆਂ ਤੇ ਵੀ ਬਾਜ ਅੱਖ
    ਕਿਸਾਨ ਆਗੂ ਸੁਪਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਅੰਬਾਨੀ ਤੇ ਐੱਸਾਰ ਦੇ ਸ਼ਾਪਿੰਗ ਮਾਲ ਤੇ ਪੈਟਰੋਲ ਪੰਪ ਵੀ ਕਿਸਾਨਾਂ ਦੇ ਨਿਸ਼ਾਨੇ ਤੇ ਹਨ। ਉਨਾਂ ਦੱਸਿਆ ਕਿ ਟੋਲ  ਪਲਾਜਿਆਂ , ਵਾਲ ਮਾਰਟ ਦੇ ਬੈਸਟ ਪ੍ਰਾਈਸ ਵਗੈਰਾ  ਦੇ ਕਾਰੋਬਾਰਾਂ ਨੂੰ ਵੀ ਅਗਲੇ ਪੜਾਅ ‘ਤੇ ਘੇਰਿਆ ਜਾਵੇਗਾ।  ਇਸੇ ਤਰਾਂ ਸਰਕਾਰੀ ਥਰਮਲਾਂ ਦਾ ਭੋਗ ਪਾ ਕੇ ਸਮੁੱਚਾ ਬਿਜਲੀ ਕਾਰੋਬਾਰ ਵੀ ਕਾਰਪੋਰੇਟਾਂ ਹਵਾਲੇ ਕਰਨ ਵਿਰੁੱਧ ਪ੍ਰਾਈਵੇਟ ਥਰਮਲਾਂ ਦੇ ਘਿਰਾਓ ਵੀ ਕੀਤੇ ਜਾਣਗੇ। ਉਨਾਂ ਦੱਸਿਆ ਕਿ 1972 ‘ਚ ਕਾਂਗਰਸ ਹਕੂਮਤ ਵੇਲੇ ਵਾਪਰੇ ਮੋਗਾ ਗੋਲੀ ਕਾਂਡ ਦੇ ਸ਼ਹੀਦਾਂ ਨੂੰ ਵੀ ਪੱਕੇ ਮੋਰਚੇ ਦੌਰਾਨ ਸ਼ਰਧਾਂਜਲੀ ਭੇਂਟ ਕੀਤੀ ਜਾਵੇਗੀ। 

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!