ਪਟਿਆਲਾ ਤੋਂ ਬਾਅਦ ਹੁਣ ਫਰੀਦਕੋਟ ਵੀ ਪੁਲਿਸ ਨਾਲ ਹੋਈ ਵੱਡੀ ਘਟਨਾ
ਮੋਗਾ-(ਮਿੰਟੂ ਖੁਰਮੀ)

ਪਟਿਆਲਾ ਵਿਖੇ ਪੰਜਾਬ ਪੁਲਿਸ ਦੇ ਨਾਕੇ ‘ਤੇ ਹੋਈ ਘਟਨਾ ਦੀ ਸਿਆਹੀ ਹਾਲੇ ਸੁੱਕੀ ਨਹੀਂ ਕਿ ਹੁਣ ਦੂਜੀ ਵੱਡੀ ਖਬਰ ਅੱਜ ਫਰੀਦਕੋਟ ਤੋਂ ਆ ਗਈ ਹੈ, ਜਿਥੇ ਨਾਕੇ ‘ਤੇ ਖੜੀ ਪੁਲਿਸ ਉਪਰ ਫਾਈਰਿੰਗ ਕਰਨ ਦੀ ਘਟਨਾ ਨੂੰ ਦੋ ਵਿਅਕਤੀਆਂ ਨੇ ਅੰਜਾਮ ਦਿੱਤਾ ਹੈ। ਜਾਣਕਾਰੀ ਅਨੁਸਾਰ ਕੋਟਕਪੂਰਾ ਦੀ ਹਰੀਨੌਂ ਰੋਡ ‘ਤੇ ਸਥਿਤ ਰੇਲਵੇ ਫਾਟਕ ਕੋਲ ਨਾਕੇ ‘ਤੇ ਰੋਕੇ ਜਾਣ ਦੀ ਰੰਜਿਸ਼ ਤਹਿਤ ਪੁਲਿਸ ਪਾਰਟੀ ‘ਤੇ ਫਾਈਰਿੰਗ ਕੀਤੀ ਗਈ ਹੈ। ਇਸ ਘਟਨਾ ਦੌਰਾਨ ਪੁਲਿਸ ਪਾਰਟੀ ਦਾ ਬਚਾਅ ਹੋ ਗਿਆ ਪਰ ਫਾਈਰਿੰਗ ਤੋਂ ਪਹਿਲਾਂ ਸਬੰਧਤ ਵਿਅਕਤੀਆਂ ਦੇ ਪਥਰਾਅ ‘ਚ ਬਚਾਅ ਕਰਨ ਵਾਲਾ ਇੱਕ ਨਾਗਰਿਕ ਜਖਮੀ ਹੋ ਗਿਆ। ਇਸ ਮਾਮਲੇ ਵਿੱਚ ਪੁਲਿਸ ਨੇ ਇੱਕ ਮੁਲਜਮ ਨੂੰ ਕਾਬੂ ਕਰ ਲਿਆ ਹੈ ਜਦਕਿ ਫਾਈਰਿੰਗ ਕਰਨ ਵਾਲੇ ਦਾ ਸਾਥੀ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਨੇ ਥਾਣਾ ਸਿਟੀ ਵਿਖੇ ਦੋਨਾਂ ਖਿਲਾਫ ਇਰਾਦਾ-ਏ-ਕਤਲ ਸਮੇਤ ਹੋਰ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਵੱਲੋਂ ਦਰਜ ਕੀਤੀ ਗਈ ਐਫਆਈਆਰ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਸਾਂਝ ਕੇਂਦਰ ਦੇ ਏ.ਐਸ.ਆਈ. ਕੇਵਲ ਸਿੰਘ ਦੀ ਅਗਵਾਈ ਵਿੱਚ ਏ.ਐਸ.ਆਈ. ਜਤਿੰਦਰ ਕੁਮਾਰ, ਪੀ.ਐਚ.ਜੀ. ਗੁਰਜੰਟ ਸਿੰਘ ਅਤੇ ਮਹਿਲਾ ਕਾਂਸਟੇਬਲ ਸੁਧਾ ਰਾਣੀ ‘ਤੇ ਆਧਾਰਤ ਪੁਲਿਸ ਪਾਰਟੀ ਨੇ ਹਰੀਨੌਂ ਰੋਡ ਫਾਟਕ ‘ਤੇ ਨਾਕਾਬੰਦੀ ਕੀਤੀ ਹੋਈ ਸੀ। ਇਸੇ ਦੌਰਾਨ ਰੇਲਵੇ ਸਟੇਸ਼ਨ ਵੱਲੋਂ ਐਕਟਿਵਾ ਅਤੇ ਮੋਟਰ ਸਾਈਕਲ ‘ਤੇ ਸਵਾਰ ਦੋ ਵਿਅਕਤੀ ਆਏ ਜਿੰਨ੍ਹਾਂ ਨੂੰ ਪੁਲਿਸ ਨੇ ਰੁਕਣ ਦਾ ਇਸ਼ਾਰਾ ਕੀਤਾ। ਰੁਕਦੇ ਹੀ ਸ਼ਰਾਬ ਦੇ ਨਸ਼ੇ ਵਿੱਚ ਐਕਟਿਵਾ ਸਵਾਰ ਰਿਸ਼ੀ ਨਗਰ ਨਿਵਾਸੀ ਸਤਪਾਲ ਅਤੇ ਮੋਟਰ ਸਾਈਕਲ ਸਵਾਰ ਚੋਪੜਾ ਵਾਲਾ ਬਾਗ ਨਿਵਾਸੀ ਕੰਵਰਪਾਲ ਗਿੱਲ ਨੇ ਪੁਲਿਸ ਨਾਲ ਬਹਿਸ ਸ਼ੁਰੂ ਕਰ ਦਿੱਤੀ। ਇੰਨ੍ਹਾਂ ਵਿੱਚੋਂ ਸਤਪਾਲ ਨੇ ਏ. ਐਸ. ਆਈ. ਕੇਵਲ ਸਿੰਘ ਨੂੰ ਗਲੇ ਤੋਂ ਫੜ੍ਹ ਲਿਆ ਅਤੇ ਉਸਦੀ ਵਰਦੀ ਤੋਂ ਨੇਮ ਪਲੇਟ ਤੋੜ ਦਿੱਤੀ। ਇਸ ਦੌਰਾਨ ਬ੍ਰਾਹਮਣ ਵਾਲਾ ਨਿਵਾਸੀ ਅਜੇ ਸਿੰਘ ਵੀ ਮੌਕੇ ‘ਤੇ ਆਇਆ ਜਿਸਨੇ ਦੋਵਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ। ਇਸ ਸਮੇਂ ਰੌਲਾ ਸੁਣਕੇ ਲੋਕ ਵੀ ਇੱਕਠੇ ਹੋ ਗਏ, ਜਿਸ ਤੋਂ ਬਾਅਦ ਇਹ ਦੋਵੇਂ ਵਿਅਕਤੀ ਰੇਲਵੇ ਲਾਈਨਾਂ ਵੱਲ ਭੱਜ ਗਏ। ਪੁਲਿਸ ਅਨੁਸਾਰ ਪਿੱਛਾ ਕਰਨ ‘ਤੇ ਸਤਪਾਲ ਨੇ ਲਾਈਨਾਂ ਤੋਂ ਪੱਥਰ ਉੱਠਾ ਕੇ ਪੁਲਿਸ ‘ਤੇ ਸੁੱਟੇ ਜਿੰਨ੍ਹਾਂ ਵਿੱਚੋਂ ਇੱਕ ਪੱਥਰ ਅਜੇ ਸਿੰਘ ਦੇ ਵੱਜ ਗਿਆ। ਇਸ ਦੌਰਾਨ ਅਚਾਨਕ ਸਤਪਾਲ ਡਿੱਗ ਗਿਆ ਜਿਸਨੂੰ ਪੁਲਿਸ ਨੇ ਕਾਬੂ ਕਰ ਲਿਆ। ਦੂਜੇ ਦੋਸ਼ੀ ਕੰਵਰਪਾਲ ਵੱਲੋਂ ਰਿਵਾਲਵਰ ਰਾਹੀਂ ਕੀਤੇ ਫਾਇਰ ਤੋਂ ਪੁਲਿਸ ਪਾਰਟੀ ਦੇ ਮੁਲਾਜ਼ਮ ਵਾਲ ਵਾਲ ਬਚ ਗਏ। ਡੀ. ਐਸ. ਪੀ. ਬਲਕਾਰ ਸਿੰਘ ਸੰਧੂ ਨੇ ਦੱਸਿਆ ਕਿ ਦੋਨੇ ਦੋਸ਼ੀ ਰੇਲਵੇ ਵਿੱਚ ਕਰਮਚਾਰੀ ਹਨ ਅਤੇ ਇੱਕ ਦਿਨ ਪਹਿਲਾਂ ਰੋਕੇ ਜਾਣ ਦੀ ਰੰਜਿਸ਼ ਦੇ ਚਲਦਿਆਂ ਇਹ ਪੁਲਿਸ ‘ਤੇ ਹਮਲੇ ਦੀ ਨੀਅਤ ਨਾਲ ਆਏ ਸਨ। ਪੁਲਿਸ ਨੇ ਸਤਪਾਲ ਨੂੰ ਡਿਊਟੀ ਮੈਜਿਸਟਰੇਟ ਦੀ ਅਦਾਲਤ ਤੋਂ ਰਿਮਾਂਡ ‘ਤੇ ਲੈ ਲਿਆ ਹੈ ਜਦਕਿ ਫਾਈਰਿੰਗ ਕਰਨ ਵਾਲੇ ਉਸਦੇ ਸਾਥੀ ਕੰਵਰਪਾਲ ਦੀ ਤਲਾਸ਼ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ।