3.5 C
United Kingdom
Sunday, March 8, 2026

More

    ਸ਼ਹੀਦੀ ਦਿਵਸ ਜਾਂ ਜਨਮ ਦਿਹਾੜੇ ਤੇ ਹੀ ਯਾਦ ਕਰਦੇ ਨੇ ਸ਼ਹੀਦ ਭਗਤ ਸਿੰਘ ਨੂੰ ਲੋਕ

    ਅਸ਼ੋਕ ਵਰਮਾ
    ਬਠਿੰਡਾ, 28 ਸਤੰਬਰ। ਆਪਣੇ ਰਾਜ ’ਚ ਸੂਰਜ ਨਾਂ ਛੁਪਣ ਦਾ ਦਾਅਵਾ ਕਰਨ ਵਾਲੇ ਅੰਗਰੇਜਾਂ ਤੋਂ ਹਿੰਦੋਸਤਾਨ ਨੂੰ ਅਜ਼ਾਦ ਕਰਵਾਉਣ ਲਈ ਲੜੀ ਗਈ ਜੰਗੇ ਅਜਾਦੀ ਦੌਰਾਨ ਫਾਂਸੀ ਦੇ ਰੱਸੇ ਨੂੰ ਚੁੰਮ ਕੇ ਦੁਨੀਆਂ ਭਰ ’ਚ ਨਿਵੇਕਲੀ ਸ਼ਹਾਦਤ ਦੇਣ ਵਾਲੇ ਸ਼ਹੀਦੇ-ਆਜਮ ਸਰਦਾਰ ਭਗਤ ਸਿੰਘ ਦੇ ਪਾਏ ਪੂਰਨਿਆਂ ’ਤੇ ਚੱਲਣ ਦਾ ਦਾਅਵਾ ਕਰਨ ਵਾਲੇ ਜਿਆਦਾਤਰ ਲੋਕ ਸ਼ਹੀਦ ਦੀ ਵਿਚਾਰਧਾਰਾ ਤੋਂ ਅਣਜਾਣ ਹਨ। ਦੇਖਣ ’ਚ ਆਇਆ ਹੈ ਕਿ ਅਜਿਹੇ ਲੋਕ ਇਸ ਮਹਾਨ ਸ਼ਹੀਦ ਨੂੰ ਕੇਵਲ  ਸ਼ਹੀਦੀ ਦਿਹਾੜੇ ’ਤੇ ਜਾਂ ਫਿਰ ਜਨਮ ਦਿਵਸ ਮੌਕੇ ਹੀ ਯਾਦ ਕਰਦੇ ਹਨ। ਇਹੋ ਹਾਲ ਸਿਆਸੀ ਧਿਰਾਂ ਦਾ ਹੈ ਜੋਕਿ ਭਗਤ ਸਿੰਘ ਦੇ ਸੁਪਨਿਆਂ ਦਾ ਸੰਸਾਰ ਸਿਰਜਣ ਦੀ ਗੱਲ ਤਾਂ ਕਰਦੇ ਹਨ ਪਰ ਹਕੀਕਤ ਇਸ ਦੇ ਉਲਟ ਹੈ । ਪੰਜਾਬ ਦੇ ਸਿਆਸੀ ਨਕਸ਼ੇ ਤੇ ਹਰ ਰਾਜਨੀਤੀਵਾਨ ਨੇ ਖਟਕੜ ਕਲਾਂ ਜਾਕੇ ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਤਹਿਤ ਵੱਡੀਆਂ ਤਬਦੀਲੀਆਂ ਲਿਆਉਣ ਦੇ ਵਾਅਦਿਆਂ ਦੀ ਰੌਸ਼ਨੀ ’ਚ ਵੋਟਾਂ ਤਾਂ ਮੰਗੀਆਂ ਪਰ  ਚੋਣਾਂ ਉਪਰੰਤ ਲੀਡਰ ਚੁੱਪ ਵੱਟ ਗਏ।
                   ਬਠਿੰਡਾ ਦੇ ਆਰੀਆ ਸਮਾਜ ਚੌਂਕ ਸਥਿਤ ਸ਼ਹੀਦ ਭਗਤ ਸਿੰਘ ਦੇ ਬੁੱਤ ਤੇ ਵੀ ਸਾਲ ’ਚ ਦੋ ਵਾਰ ਵੱਡੀ ਗਿਣਤੀ ਆਮ ਲੋਕ, ਪੁਲਿਸ ਅਧਿਕਾਰੀ, ਸਮਾਜ ਸੇਵੀ ਸੰਸਥਾਵਾਂ, ਸਿਆਸਤਦਾਨ ਆਦਿ ਸ਼ਰਧਾਂਜਲੀ ਭੇਂਟ ਕਰਦੇ ਹਨ। ਹੈਰਾਨੀਜਨਕ ਤੱਥ ਇਹ ਹੈ ਕਿ ਦੋਵਾਂ ਸਮਾਗਮਾਂ ਤੋਂ ਬਾਅਦ ’ਚ ਸਭ ਕੁੱਝ ਆਮ ਵਾਂਗ ਹੋ ਜਾਂਦਾ ਹੈ । ਜਦੋਂ ਇਸ ਪੱਤਰਕਾਰ ਨੇ ਕੁੱਝ ਨੌਜਵਾਨਾਂ ਨੂੰ ਸ਼ਹੀਦ ਭਗਤ ਸਿੰਘ ਬਾਰੇ ਪੁੱਛਿਆ ਤਾਂ ਉਹ ਕੇਵਲ ਐਨਾਂ ਕੁ ਹੀ ਦੱਸ ਸਕੇ ਕਿ ਸ਼ਹੀਦ ਭਗਤ ਸਿੰਘ ਪੰਜਾਬ ਦਾ ਰਹਿਣ ਵਾਲਾ ਸੀ ਅਤੇ ਅੰਗਰੇਜਾਂ ਨੇ ਉਸ ਨੂੰ ਅਜ਼ਾਦੀ ਦੀ ਲੜਾਈ ਦੌਰਾਨ ਫਾਂਸੀ ਲਾ ਕੇ ਸ਼ਹੀਦ ਕਰ ਦਿੱਤਾ ਸੀ।  ਇਸ ਤੋਂ ਅੱਗੇ ਉਨਾਂ ਕੇਵਲ ਭਗਤ ਸਿੰਘ ਵੱਲੋਂ  ਤੁਰਲੇ ਵਾਲੀ ਪੱਗ ਬੰਨਣ ਦੀ ਗੱਲ ਦੱਸੀ ਜਦੋਂ ਕਿ  ਸ਼ਹੀਦ ਭਗਤ ਸਿੰਘ ਵੱਲੋਂ ਲਿਖੀਆਂ ਜਾਂ ਉਸ ਬਾਰੇ ਛਾਪੀਆਂ ਗਈਆਂ ਪੁਸਤਕਾਂ ਬਾਰੇ ਕਿਸੇ ਨੂੰ ਕੋਈ ਵੀ ਜਾਣਕਾਰੀ ਨਹੀਂ ਸੀ। ਉੱਂਜ ਕਈ ਲੜਕਿਆਂ ਨੇ ਮੁਲਕ ’ਚ ਬਣੇ ਹਾਲਾਤਾਂ ਦੀ ਰੌਸ਼ਨੀ ’ਚ ਸ਼ਹੀਦ ਦੇ ਵਿਚਾਰਾਂ ਨੂੰ ਸਾਰਥਿਕ ਵੀ ਦੱਸਿਆ।
                               ਇੰਨਾਂ ਨੌਜਵਾਨਾਂ ਨੇ ਦੱਸਿਆ ਕਿ ਅੰਗਰੇਜਾਂ ਨੇ ਪੰਜਾਬ ਦੇ ਲੋਕਾਂ ਨਾਲ ਭਿੜਨ ਦੀ ਜੁਰਅਤ ਕੀਤੀ ਸੀ ਜਿਸਦਾ ਭਗਤ ਸਿੰਘ ਨੇ ਕਰਾਰਾ ਜਵਾਬ ਦਿੱਤਾ ਸੀ ਜੋਕਿ ਪੰਜਾਬੀਆਂ ਲਈ ਵੱਡੇ ਮਾਣ ਵਾਲੀ ਗੱਲ ਹੈ। ਕੁੱਝ ਵਿਅਕਤੀ ਤਾਂ ਸ਼ਹੀਦ ਭਗਤ ਸਿੰਘ ਦੇ ਪਿਤਾ ਦਾ ਸਹੀ ਨਾਂ ਨਹੀ ਦੱਸ ਸਕੇ ਅਤੇ ਇਨਾਂ ਨੂੰ ਮਾਤਾ ਦਾ ਨਾਮ ਵੀ ਪਤਾ ਨਹੀਂ ਸੀ। ਕਿਸੇ ਨੇ ਇਹ ਵੀ ਨਹੀਂ ਦੱਸਿਆ ਕਿ ਸ਼ਹੀਦ ਦੀ ਮਾਂ ਨੂੰ ਰਾਜਮਾਤਾ ਦਾ ਸਨਮਾਨ ਵੀ ਦਿੱਤਾ ਗਿਾਆ ਸੀ ਅਤੇ ਇਹ  ਲੋਕ  ਅਸੈਂਬਲੀ ’ਚ ਬੰਬ ਸੁੱਟ ਕੇ ਗਿ੍ਰਫਤਾਰੀਆਂ ਦੇਣ ਵਾਲੀ ਗੱਲ ਤੋਂ ਵੀ ਅਣਜਾਣ ਸਨ। ਉਨਾਂ ਆਖਿਆ ਕਿ ਜੋ ਸ਼ਹੀਦ ਭਗਤ ਸਿੰਘ ਕਰ ਗਿਆ ਉਸ ਦੇ ਚਲਦਿਆਂ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਸ਼ਹੀਦ ਨੂੰ ਸ਼ਰਧਾਂਜਲੀ ਭੇਂਟ ਕਰੀਏ । ਸ਼ਹੀਦ ਭਗਤ ਸਿੰਘ ਵਰਗੀ ਪੱਗ ਬੰਨਣ ਵਾਲੇ ਨੌਜਵਾਨਾਂ ਨਾਲ ਕੀਤੀ ਗਈ ਗੱਲਬਾਤ ਤੋਂ ਇਹੋ ਪ੍ਰਭਾਵ ਮਿਲਿਆ ਕਿ ਉਨਾਂ ਨੂੰ ਭਗਤ ਸਿੰਘ ਦੇ ਸੁਫਨਿਆਂ ਅਤੇ ਉਦੇਸ਼ਾਂ ਬਾਰੇ ਕੋਈ ਜਾਣਕਾਰੀ ਨਹੀਂ ਹੈ।

                   ਵਿਚਾਰਾਂ ਨੂੰ ਅਪਨਾਉਣ ਦੀ ਲੋੜ:ਸੇਵੇਵਾਲਾ
    ਪੰਜਾਬ ਖੇਤ ਮਜਦੂਰ ਯੂਨੀਅਨ ਦੇ ਸੂਬਾ ਜਰਨਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਦਾ ਕਹਿਣਾ ਸੀ ਕਿ ਸ਼ਹੀਦ ਭਗਤ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨਾ ਸਾਡੇ ਲਈ ਜਰੂਰੀ ਹੈ ਪਰ ਤਸਵੀਰ ਜਾਂ ਬੁੱਤ ਨਾਲ ਮੋਹ ਕਰਨ ਨਾਲੋਂ ਬਰਾਬਰੀ ਦੇ ਸਮਾਜ ਦੀ ਸਿਰਜਣਾ ਲਈ ਉਸ ਦੇ ਵਿਚਾਰਾਂ ਨੂੰ ਅਪਨਾਉਣ ਦੀ ਲੋੜ ਹੈ। ਉਨਾਂ ਆਖਿਆ ਕਿ ਇਸ ਵਿੱਚ ਨਵੀਂ ਪੀੜੀ  ਦਾ ਕੋਈ ਕਸੂਰ ਨਹੀਂ  ਬਲਕਿ ਸਾਮਰਾਜੀ ਮੁਲਕਾਂ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਨਿੱਜੀਕਰਨ, ਅਤੇ ਕਾਰਪੋਰੇਟ ਪੱਖੀ ਨੀਤੀਆਂ ਲਾਗੂ ਕਰਨ ਵਾਲੇ ਪੂੰਜੀਵਾਦੀ ਰਾਜ ਪ੍ਰਬੰਧ ਦਾ ਸਾਰਾ ਜੋਰ ਇਸ ਗੱਲ ’ਤੇ ਲੱਗਿਆ ਹੋਇਆ ਹੈ ਕਿ ਨਵੀਂ ਪੀੜੀ ਭਗਤ ਸਿੰਘ ਦੀ ਵਿਚਾਰਧਾਰਾ ਜਾਣ ਹੀ ਨਾ ਸਕੇ । ਉਨਾਂ ਨੇ ਆਖਿਆ ਕਿ ਅੱਜ ਵੀ ਸ਼ਹੀਦ ਭਗਤ ਸਿੰਘ ਬਾਰੇ ਛਪੀਆਂ ਕਿਤਾਬਾਂ ਵੱਡੀ ਗਿਣਤੀ ’ਚ ਵਿਕਦੀਆਂ ਹਨ ਪਰ ਦੁੱਖ ਦੀ ਗੱਲ ਹੈ ਕਿ ਲੋਕਾਂ ਦੀ ਸੋਚ ’ਚ ਅਜੇ ਤੱਕ ਕੋਈ ਵੱਡਾ ਬਦਲਾਅ ਨਹੀਂ ਆਇਆ ਹੈ।

                 ਸ਼ਹੀਦ ਦਾ ਸੁਨੇਹਾ ਘੱਟ ਦਿਸਦਾ:ਜਮਹੂਰੀ ਆਗੂ
    ਜਮਹੂਰੀ ਅਧਿਕਾਰ ਸਭਾ ਦੇ ਜਿਲਾ ਪ੍ਰਧਾਨ ਸੇਵਾਮੁਕਤ ਪਿ੍ਰੰਸੀਪਲ ਬੱਗਾ ਸਿੰਘ ਅਤੇ ਪ੍ਰੈਸ ਸਕੱਤਰ ਡਾ ਅਜੀਤਪਾਲ ਸਿੰਘ  ਦਾ ਕਹਿਣਾ ਸੀ ਕਿ ਦੇਸ਼ ਭਗਤ ਪ੍ਰੀਵਾਰ ਵਿੱਚ ਜਨਮੇ ਸ਼ਹੀਦ ਭਗਤ ਸਿੰਘ ਨੇ ਸੁਰਤ ਸੰਭਾਲਦਿਆਂ ਹੀ ਅਜਾਦੀ ਦਾ ਅਜਿਹਾ ਸਪਨਾ ਦੇਖਿਆ ਜਿਸ ਨੂੰ ਸਾਕਾਰ ਕਰਨ ਦੀ ਖਾਤਰ ਦੂਸਰਿਆਂ ਲਈ ਰਾਹ ਦਸੇਰਾ ਬਣਕੇ ਖੁਦ ਕੁਰਬਾਨ ਹੋ ਗਿਆ।   ਉਨਾਂ ਆਖਿਆ ਕਿ ਹਰ ਵਰੇ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਜਾਂ ਜਨਮ ਦਿਵਸ ਮੌਕੇ ਸਮਾਗਮ ਕਰਵਾਏ ਜਾਂਦੇ ਹਨ ਪ੍ਰੰਤੂ ਹੈਰਾਨੀ ਵਾਲੀ ਗੱਲ ਹੈ ਕਿ ਸ਼ਹੀਦ ਦਾ ਸੁਨੇਹਾ ਅਮਲੀ ਰੂਪ ’ਚ ਬਹੁਤਾ ਨਜਰ ਨਹੀਂ ਆਉਂਦਾ ਹੈ। ਉਨਾਂ ਸਮੂਹ ਪੰਜਾਬੀਆਂ ਨੂੰ ਭਗਤ ਸਿੰਘ ਦੇ ਵਿਚਾਰਾਂ ਦੀ ਰੌਸ਼ਨੀ ’ਚ ਅਸਲ ਅਜਾਦੀ ਲਈ ਸੰਘਰਸ਼ ਦੀ ਲੋੜ ਤੇ ਜੋਰ ਵੀ ਦਿੱਤਾ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!