24.1 C
United Kingdom
Wednesday, June 24, 2026

More

    ਇਨਕਲਾਬੀ ਜੋਸ਼ੋ ਖਰੋਸ਼ ਨਾਲ ਮਨਾਇਆ ਸ਼ਹੀਦ ਭਗਤ ਸਿੰਘ ਦਾ ਜਨਮ ਦਿਵਸ

      ਅਸ਼ੋਕ ਵਰਮਾ
    ਬਠਿੰਡਾ, 28 ਸਤੰਬਰ :
    ਸ਼ਹੀਦ ਇ ਆਜ਼ਮ ਭਗਤ ਸਿੰਘ ਦਾ 114ਵਾਂ ਜਨਮ ਦਿਹਾੜਾ, ਸੰਗਤ ਮੰਡੀ ਵਿਖੇ ਦਿਹਾਤੀ ਮਜ਼ਦੂਰ ਸਭਾ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ-ਹਰਿਆਣਾ  ਅਤੇ ਜਮਹੂਰੀ ਕਿਸਾਨ ਸਭਾ ਦੇ ਕਾਰਕੁੰਨਾਂ ਵਲੋਂ ਜੋਸ਼ੋ ਖਰੋਸ਼ ਨਾਲ ਮਨਾਇਆ ਗਿਆ। ਉਕਤ ਕਾਰਕੁੰਨਾਂ ਨੇ ਪ੍ਰਭਾਵਸ਼ਾਲੀ ਜਨ ਸਭਾ ਕਰਨ ਪਿੱਛੋਂ ਸਥਾਨਕ ਬਾਜ਼ਾਰਾਂ ਵਿੱਚ ਮਾਰਚ ਵੀ ਕੀਤਾ।ਜਨ ਸਭਾ ਨੂੰ ਸੰਬੋਧਨ ਕਰਦਿਆਂ ਮਿੱਠੂ ਸਿੰਘ ਘੁੱਦਾ, ਪ੍ਕਾਸ਼ ਸਿੰਘ ਨੰਦਗੜ੍ਹ, ਗੁਰਜੰਟ ਸਿੰਘ ਰਾਜ ਪਾਲ ਸਿੰਘ ਟਿਵਾਣਾ ਅਤੇ ਗੁਰਮੀਤ ਸਿੰਘ ਜੈ ਸਿੰਘ ਵਾਲਾ ਨੇ ਕਿਹਾ ਕਿ ਜਵਾਨੀ ਅਤੇ ਕਿਸਾਨੀ ਨੂੰ ਬਚਾਉਣ ਲਈ ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਤੋਂ ਸੇਧ ਲੈਂਦਿਆਂ ਵਿਸ਼ਾਲ ਏਕਤਾ ਉਸਾਰ ਕੇ ਤਿੱਖੇ ਜਨ ਸੰਗਰਾਮ ਵਿੱਢਣਾ ਵਰਤਮਾਨ ਦੌਰ ਦੀ ਸਭ ਤੋਂ ਵੱਡੀ ਚੁਣੌਤੀ ਹੈ।ਉਨ੍ਹਾਂ  ਕਿਹਾ ਕਿ ਸ਼ਹੀਦ ਇ ਆਜ਼ਮ ਭਗਤ ਸਿੰਘ ਅਤੇ ਹੋਰਨਾਂ ਲੱਖਾਂ ਸ਼ਹੀਦਾਂ ਦੀਆਂ ਲਾਸਾਨੀ ਸ਼ਹਾਦਤਾਂ ਤੇ ਅਦੁੱਤੀ ਕੁਰਬਾਨੀਆਂ ਸਦਕਾ ਹਾਸਲ ਹੋਈ ਆਜ਼ਾਦੀ ਅਜੋਕੇ ਦੌਰ ਦੀਆਂ ਕੇਂਦਰੀ ਅਤੇ ਸੂਬਾ ਸਰਕਾਰਾਂ ਵੱਲੋਂ ਲਾਗੂ ਕੀਤੀਆਂ ਜਾ ਰਹੀਆਂ ਨਵਉਦਾਰਵਾਦੀ ਨੀਤੀਆਂ ਕਾਰਣ ਗੰਭੀਰ ਖਤਰੇ ਵਿੱਚ ਹੈ। ਉਕਤ ਨੀਤੀਆਂ ਸਦਕਾ  ਸ਼ਹੀਦਾਂ ਵੱਲੋਂ ਖਦੇੜਿਆ ਗਿਆ ਸਾਮਰਾਜ ਦੇਸ਼ ਦੇ ਕੁਦਰਤੀ ਖਜ਼ਾਣਿਆਂ ਅਤੇ ਲੋਕਾਈ ਦੀ ਅੱਜ ਉਸ ਤੋਂ ਵੀ ਭੈੜੀ ਤੇ ਤਿੱਖੀ ਲੁੱਟ ਕਰ ਰਿਹਾ ਹੈ। ਜਨਤਕ ਆਗੂਆਂ ਨੇ ਸੁਤੰਤਰਤਾ ਸੰਗਰਾਮ ਦੇ ਸ਼ਹੀਦਾਂ ਦੇ ਪਵਿੱਤਰ ਲਹੂ ਦੀ ਆਹੂਤੀ ਨਾਲ ਕਾਇਮ ਹੋਈ ਲੋਕਾਂ ਦੀ ਏਕਤਾ ਨੂੰ ਫਿਰਕੂ ਕਤਾਰਬੰਦੀ ਰਾਹੀਂ ਖੇਰੂੰ-ਖੇਰੂੰ ਕਰਨ ਦੀਆਂ  ਸਾਜ਼ਿਸ਼ਾਂ ‘ਚ ਗਲਤਾਨ ਮੋਦੀ ਸਰਕਾਰ ਦੀ ਜੋਰਦਾਰ ਨਿੰਦਾ ਕਰਦਿਆਂ ਇਸ ਦੇ ਫਿਰਕੂ-ਫਾਸੀ ਅਜੰਡੇ ਵਿਰੁੱਧ ਲੋਕ ਸੰਗਰਾਮ ਤਿੱਖਾ ਕਰਨ ਦਾ ਅਹਿਦ ਲਿਆ। ਇਸ ਮੌਕੇ ਪ੍ਰਣ ਕੀਤਾ ਗਿਆ ਕਿ ਦੇਸ਼ ਦੇ ਕਿਸਾਨਾਂ ਵੱਲੋਂ ਮੋਦੀ ਸਰਕਾਰ ਦੇ ਕਾਲੇ ਕਾਨੂੰਨਾਂ ਖਿਲਾਫ਼ ਲੜੇ ਜਾ ਰਹੇ ਹੱਕੀ ਸੰਗਰਾਮ ਦੀ ਮੁਕੰਮਲ ਹਿਮਾਇਤ ਕੀਤੀ ਜਾਵੇ ਗੀ ਅਤੇ 1 ਅਕਤੂਬਰ ਤੋਂ ਸ਼ੁਰੂ ਹੋ ਰੇਲ ਚੱਕਾ ਜਾਮ ਵਿੱਚ ਵਧ ਚੜ੍ਹ ਕੇ ਸ਼ਮੂਲੀਅਤ ਕੀਤੀ ਜਾਵੇਗੀ।
    ਲੁੱਟ ਖਸੁੱਟ ਰਹਿਤ, ਜਾਤੀ ਪਾਤੀ ਅਤੇ ਲਿੰਗ ਆਧਾਰਿਤ ਵਿਤਕਰੇ ਤੋਂ ਮੁਕਤ , ਵਿਗਿਆਨਕ ਅਤੇ ਅਗਾਂਹਵਧੂ ਨਜ਼ਰੀਆ ਵਿਕਸਤ ਕਰਨ ਵਾਲਾ, ਸਮੁੱਚੀ ਵਸੋਂ ਨੂੰ ਏਕਤਾ ਦੀ ਲੜੀ ਵਿੱਚ ਪ੍ਰੋਣ ਵਾਲਾ ਸਮਾਜ ਸਿਰਜਣ ਲਈ ਸੰਘਰਸ਼ ਕਰਨ ਦਾ ਅਹਿਦ ਕਰਦਿਆਂ ਸਮੁੱਚੇ ਸਮਾਜ ਨੂੰ ਸ਼ਹੀਦ  ਭਗਤ ਸਿੰਘ ਦੇ ਜਨਮ ਦਿਵਸ ਦੀਆਂ ਕ੍ਰਾਂਤੀਕਾਰੀ ਮੁਬਾਰਕਾਂ ਪੇਸ਼ ਕੀਤੀਆਂ ਗਈਆਂ। 

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!