ਰਜਨੀ ਵਾਲੀਆ
ਮੈਂ ਆਪਣੇ ਮਨ ਨੂੰ ਇੱਕ ਗੱਲ ਸਮਝਾਈ ਏ,
ਸਮਝਾਈ ਏ ਹਰ ਹਾਲ ਚ ਰਾਜੀ ਰਹਿਣਾ ਏ |
ਅਸਾਂ ਨਾਲ ਦੁੱਖਾਂ ਦੇ ਘੁਲ-ਮਿਲ ਜਾਣੈਂ ,
ਇਹਨਾਂ ਦੇ ਨੇੜੇ ਹੋ-ਹੋ ਬਹਿਣਾ ਏ |
ਮੈਂ ਆਪਣੇ ਮਨ ਨੂੰ ਇੱਕ ਗੱਲ ਸਮਝਾਈ ਏ,
ਸਮਝਾਈ ਏ ਹਰ ਹਾਲ ਚ ਰਾਜੀ ਰਹਿਣਾ ਏ |
ਠੋਕਰ ਲੱਗੀ ਤੇ ਦੁੱਖ ਬਣਿਆ,
ਇਸ ਦੁੱਖ ਨੇਂ ਡਾਢੀ ਪੀੜ ਦਿੱਤੀ |
ਇਸਨੇ ਸਾਹਾਂ ਵਿੱਚ ਟੀਸ ਜਿਹੀ,
ਸਦਾ ਲਈ ਕਿਉਂ ਬੀੜ ਦਿੱਤੀ|
ਕਾਮਯਾਬ ਹੋਵਣ ਦੇ ਲਈ,
ਠੋਕਰ ਤਾਂ ਵੱਡੀ ਗਹਿਣਾ ਏ |
ਮੈਂ ਆਪਣੇ ਮਨ ਨੂੰ ਇੱਕ ਗੱਲ ਸਮਝਾਈ ਏ,
ਸਮਝਾਈ ਏ ਹਰ ਹਾਲ ਚ ਰਾਜੀ ਰਹਿਣਾ ਏ |
ਜਿਵੇਂ ਬਰਸਾਤਾਂ ਵਿੱਚ ਬੂੰਦਾ-ਬਾਂਦੀ,
ਸਦਾ ਜੋ਼ਰੋ-ਜੋ਼ਰੀ ਹੁੰਦੀ ਏ |
ਉਵੇਂ ਵਿੱਚ ਸੰਤਾਪ ਦੇ ਮੇਰੀਏ,
ਜਾਨੇ ਜਾਨ ਵੀ ਪੋਰੀ-ਪੋਰੀ ਹੁੰਦੀ ਏ |
ਦੀਦਿਆ ਵਿੱਚੋਂ ਹੰਝੂਆਂ ਨੇ ਵੀ,
ਵਾਂਗ ਵਹਿਣ ਦੇ ਵਹਿਣਾ ਏ |
ਮੈਂ ਆਪਣੇ ਮਨ ਨੂੰ ਇੱਕ ਗੱਲ ਸਮਝਾਈ ਏ,
ਸਮਝਾਈ ਏ ਹਰ ਹਾਲ ਚ ਰਾਜੀ ਰਹਿਣਾ ਏ |
ਕਿੰਨੇ ਘਾਟੇ ਜਿੰਦ ਨੇਂ ਅੱਜ,
ਤੱਕ ਖਾ-ਖਾ ਸੁਰਤ ਭੁਲਾਈ ਏ |
ਅਸਾਂ ਤਾਂ ਆਪਣੀਂ ਜਿੰਦਗੀ ਦੇ ,
ਵਿੱਚ ਪੀੜ ਹੀ ਪੀੜ ਹੰਢਾਈ ਏ |
ਫੁੱਲ ਨਾ ਤੋੜੀਂ ਤੋੜਨੋਂ ਪਹਿਲਾਂ,
ਹੱਥ ਕੰਢਿਆਂ ਨਾਲ ਖਹਿਣਾ ਏ |
ਮੈਂ ਆਪਣੇ ਮਨ ਨੂੰ ਇੱਕ ਗੱਲ ਸਮਝਾਈ ਏ,
ਸਮਝਾਈ ਏ ਹਰ ਹਾਲ ਚ ਰਾਜੀ ਰਹਿਣਾ ਏ |
ਜਿੰਦੇ ਤੂੰ ਸਦਾ ਹੀ ਮੈਨੂੰ ਝੋਰਾ,
ਦਿੱਤਾ ਜਾਂ ਫਿਰ ਦਿੱਤੀ ਚਾਰ ਦੀਵਾਰੀ |
ਸ਼ਬਦਾਂ ਦੇ ਤਸੀਹੇ ਦਿੱਤੇ ਤੇ,
ਰੂਹ ਨੂੰ ਦਿੱਤੀ ਡਰ ਦੀ ਬੀਮਾਰੀ |
ਮੁੱਕ ਗਿਆ ਬਰਦਾਸ਼ਤ ਕਰਨਾ,
ਹੁਣ ਨਹੀ ਬਣ-ਬਣ ਢਹਿਣਾ ਏ |
ਮੈਂ ਆਪਣੇ ਮਨ ਨੂੰ ਇੱਕ ਗੱਲ ਸਮਝਾਈ ਏ,
ਸਮਝਾਈ ਏ ਹਰ ਹਾਲ ਚ ਰਾਜੀ ਰਹਿਣਾ ਏ |
ਦਿਲ ਮੇਰੇ ਦੇ ਵਰਕੇ ਨੇ ਤਾਂ,
ਹਰ ਇੱਕ ਸਾਂਭ ਕੇ ਰੱਖ ਲਿਆ ਨਾਮ |
ਮਨਾ ਸੁਰਖ ਸਵੇਰ ਤੂੰ ਹੋਣ ਨਾ ਦਿੱਤੀ,
ਮੇਰੀ ਕਰਕੇ ਰੱਖੀ ਹਮੇਸ਼ਾ ਸ਼ਾਮ |
ਵਕਤ ਨਾ ਸਰਿਆ ਤੇਰੇ ਕੋਲੋ,
ਆਸਾਂ ਹੋਈਆਂ ਸੁਦੈਣਾਂ ਏ |
ਮੈਂ ਆਪਣੇ ਮਨ ਨੂੰ ਇੱਕ ਗੱਲ ਸਮਝਾਈ ਏ,
ਸਮਝਾਈ ਏ ਹਰ ਹਾਲ ਚ ਰਾਜੀ ਰਹਿਣਾ ਏ
ਰਜਨੀ ਕੀ ਕਰਦੀ ਫਿਰ ਦੱਸਦੇ,
ਇਹ ਤਾਂ ਕਰਨਾ ਪੈਣਾਂ ਸੀ |
ਖੁਸੀ਼ ਤੇ ਮੇਰਾ ਵੀ ਹੱਕ ਬਣਦੈ,
ਦੁੱਖ ਨੂੰ ਵੀ ਤਾਂ ਹਰਨਾ ਪੈਣਾਂ ਸੀ |
ਮੇਰੇ ਹਰ ਇੱਕ ਸੁਪਨੇ ਨੇ ਤਾਂ,
ਭੁੱਜਣ ਨੂੰ ਭੱਠ ਚ ਪੈਣਾ ਏ |
ਮੈਂ ਆਪਣੇ ਮਨ ਨੂੰ ਇੱਕ ਗੱਲ ਸਮਝਾਈ ਏ,
ਸਮਝਾਈ ਏ ਹਰ ਹਾਲ ਚ ਰਾਜੀ ਰਹਿਣਾ ਏ