ਕਿਸਾਨ ਯੂਨੀਅਨ ਵੱਲੋਂ ਮੋਰਚੇ ਦਾ ਸ਼ਹੀਦ ਕਰਾਰ
ਅਸ਼ੋਕ ਵਰਮਾ
ਬਠਿੰਡਾ, 23 ਸਤੰਬਰ । ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਖੇਤੀ ਕਾਨੂੰਨਾਂ ’ਚ ਕੀਤੀ ਜਾ ਰਹੀ ਤਬਦੀਲੀ ਖਿਲਾਫ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਪਿੰਡ ਬਾਦਲ ਵਿਖੇ ਲਾਏ ਕਿਸਾਨ ਮੋਰਚੇ ਦੀ ਸਮਾਪਤੀ ਉਪਰੰਤ ਵਾਪਿਸ ਘਰਾਂ ਨੂੰ ਪਰਤਦਿਆਂ ਕਿਸਾਨਾਂ ਦੀ ਮਿੰਨੀ ਬੱਸ ਟਰਾਲੇ ਨਾਲ ਟਕਰਾਉਣ ਦੇ ਸਿੱਟੇ ਵਜੋਂ ਇੱਕ ਕਿਸਾਨ ਦੀ ਮੌਤ ਹੋ ਗਈ ਜਦੋਂਕਿ 17 ਜਖਮੀ ਹੋ ਗਏ ਹਨ। ਮਿ੍ਰਤਕ ਕਿਸਾਨ ਦੀ ਪਛਾਣ ਮੁਖਤਿਆਰ ਸਿੰਘ ਪੁੱਤਰ ਮੋਹਲਾ ਸਿੰਘ ਵਾਸੀ ਕਿਸ਼ਨਗੜ੍ਹ ਵਜੋਂ ਹੋਈ ਹੈ। ਮਿ੍ਰਤਕ ਮੁਖਤਿਆਰ ਸਿੰਘ ਕਿਸਾਨ ਲਹਿਰਾਂ ਨਾਲ ਜੁੜਿਆ ਹੋਇਆ ਸੀ ਤੇ ਉਹ ਆਪਣੇ ਪਿੱਛੇ ਦੋ ਲੜਕੇ ਅਤੇ ਇੱਕ ਬੇਟੀ ਛੱਡ ਗਿਆ ਹੈ। ਜਖਮੀ ਕਿਸਾਨਾਂ ਨੂੰ ਵੱਖ ਵੱਖ ਹਸਪਤਾਲਾਂ ’ਚ ਦਾਖਲ ਕਰਵਾਇਆ ਗਿਆ ਹੈ। ਜਖਮੀਆਂ ਵਿੱਚੋਂ ਦੋ ਕਿਸਾਨਾਂ ਅਮਰਜੀਤ ਸਿੰਘ ਅਤੇ ਮੇਵਾ ਸਿੰਘ ਦੀ ਹਾਲਤ ਗੰਭੀਰ ਹੈ ਜੋ ਬਠਿੰਡਾ ਦੇ ਮੈਕਸ ਹਸਪਤਾਲ ਵਿਖੇ ਦਾਖਲ ਹਨ।
ਇਸ ਸੜਕ ਹਾਦਸੇ ’ਚ ਜਖਮੀ ਹੋਏ ਕਿਸਾਨਾਂ ਦੇ ਇਲਾਜ ’ਚ ਸੁਸਤੀ ਵਰਤਣ ਦੇ ਦੋਸ਼ ਲਾਉਂਦਿਆਂ ਕਿਸਾਨਾਂ ਨੇ ਮਾਨਸਾ ਰੋਡ ਫਲਾਈਓਵਰ ਕੋਲ ਜਾਮ ਲਾ ਦਿੱਤਾ। ਇਸ ਖਬਰ ਫੈਲਦਿਆਂ ਹੀ ਕਿਸਾਨ ਰੋਹ ’ਚ ਆ ਗਏ ਅਤੇ ਮਾਨਸਾ ਜਿਲ੍ਹੇ ਦੇ ਪਿੰਡ ਭੈਣੀ ਬਾਘਾ ਅਤੇ ਗੁਰਨੇ ਕਲਾਂ ਕੋਲ ਵੀ ਸੜਕਾਂ ਜਾਮ ਕਰ ਦਿੱਤੀਆਂ। ਭੜਕੇ ਕਿਸਾਨਾਂ ਨੇ ਆਖਿਆ ਕਿ ਕਿਸਾਨ ਮੁਖਤਿਆਰ ਸਿੰਘ ਮੋਦੀ ਸਰਕਾਰ ਦੀਆਂ ਖੇਤੀ ਤੇ ਲੋਕ ਵਿਰੋਧੀ ਨੀਤੀਆਂ ਕਾਰਨ ਸ਼ਹੀਦ ਹੋਇਆ ਹੈ। ਓਧਰ ਬਠਿੰਡਾ ਵਿਖੇ ਦਿੱਤੇ ਧਰਨੇ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਨੇ ਮਿ੍ਰਤਕ ਕਿਸਾਨ ਦੇ ਪ੍ਰੀਵਾਰ ਨੂੰ ਬਣਦਾ ਮੁਆਵਜਾ, ਸਰਕਾਰੀ ਨੌਕਰੀ ਅਤੇ ਕਰਜਾ ਮੁਆਫ ਕਰਨ ਦੀ ਮੰਗ ਕੀਤੀ ਹੈ। ਕਿਸਾਨਾਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਮਿ੍ਰਤਕ ਕਿਸਾਨ ਦੇ ਮਾਮਲੇ ’ਚ ਕੋਈ ਸੁਣਵਾਈ ਨਾਂ ਕੀਤੀ ਤਾਂ ਉਹ ਸੰਘਰਸ਼ ਤੇਜ ਕਰਨਗੇ।
ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਜਿਲ੍ਹਾ ਮਾਨਸਾ ਦੇ ਪ੍ਰਧਾਨ ਰਾਮ ਸਿੰਘ ਭੈਣੀ ਬਾਘਾ ਅਤੇ ਜਿਲ੍ਹਾ ਬਠਿੰਡਾ ਦੇ ਆਗੂ ਜਗਸੀਰ ਸਿੰਘ ਝੁੰਬਾ ਦਾ ਕਹਿਣਾ ਸੀ ਕਿ ਕੋਟਫੱਤਾ ਦੇ ਨਜ਼ਦੀਕ ਬਠਿੰਡਾ ਮਾਨਸਾ ਕੌਮੀ ਸੜਕ ਮਾਰਗ ’ਤੇ ਇਹ ਟਰਾਲਾ ਸੜਕ ਤੇ ਖੜਾ ਸੀ ਜਿਸ ਨਾਲ ਬੱਸ ਦੀ ਟੱਕਰ ਹੋ ਗਈ। ਉਨਾਂ ਦੱਸਿਆ ਕਿ ਕਿਸਾਨ ਘਰਾਂ ਨੂੰ ਪਰਤ ਰਹੇ ਸਨ ਤਾਂ ਇਹ ਮੰਦਭਾਗੀ ਘਟਨਾਂ ਵਾਪਰ ਗਈ ਜਿਸ ’ਚ ਕਿਸਾਨ ਮੁਖਤਿਆਰ ਸਿੰਘ ਚੱਲ ਵਸਿਆ ਅਤੇ 17 ਜਣੇ ਜਖਮੀ ਹੋ ਗਏ ਹਨ। ਕਿਸਾਨ ਆਗੂ ਨੇ ਦੱਸਿਆ ਕਿ ਹਸਪਤਾਲ ਵਿੱਚ ਜਖਮੀਆਂ ਦੇ ਇਲਾਜ ਦੌਰਾਨ ਢਿੱਲ ਮੱਠ ਕੀਤੀ ਜਾ ਰਹੀ ਸੀ ਜਿਸ ਦੇ ਵਿਰੋਧ ’ਚ ਧਰਨਾ ਲਾਉਣਾ ਪਿਆ ਹੈ। ਉਨਾਂ ਦੱਸਿਆ ਕਿ ਇਲਾਜ ਅਧੀਨ ਕਿਸਾਨਾਂ ਵਿੱਚ ਬਲਕਾਰ ਸਿੰਘ, ਬੂਟਾ ਸਿੰਘ, ਕਾਕਾ ਸਿੰਘ, ਨਿਰਮਲ ਸਿੰਘ,ਜੇਠੂ ਰਾਮ, ਅਮਰਜੀਤ ਸਿੰਘ, ਮੇਵਾ ਸਿੰਘ, ਬਲਵਿੰਦਰ ਸਿੰਘ, ਵਜੀਰ ਸਿੰਘ ਸ਼ਾਮਲ ਹਨ। ਖਬਰ ਲਿਖੇ ਜਾਣ ਤੱਕ ਦੋਵਾਂ ਜਿਲ੍ਹਿਆਂ ’ਚ ਜਾਮ ਜਾਰੀ ਸਨ।
ਪੁਲਿਸ ਕੇਸ ਦਰਜ:ਡੀਐਸਪੀ
ਡੀਐਸਪੀ ਦਿਹਾਤੀ ਦਵਿੰਦਰ ਸਿੰਘ ਦਾ ਕਹਿਣਾ ਸੀ ਕਿ ਸੜਕ ਹਾਦਸੇ ਦੇ ਮਾਮਲੇ ’ਚ ਪੁਲਿਸ ਕੇਸ ਦਰਜ ਕਰ ਲਿਆ ਹੈ ਅਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।