2 C
United Kingdom
Saturday, March 7, 2026

More

    ਨਗਰ ਨਿਗਮ ਚੋਣਾਂ: ਨੰਗੇ ਧੜ ਸੰਸਾਰ ਜਿੱਤਣ ਤੁਰੇ ਨੌਜਵਾਨ

    ਅਸ਼ੋਕ ਵਰਮਾ
    ਬਠਿੰਡਾ, 22 ਸਤੰਬਰ। ਮੌਜੂਦਾ ਸਿਆਸੀ ਖਿਲਾਰੇ ਦੌਰਾਨ ਜਿੱਥੇ ਚੋਣਾਂ ਲੜਨਾ ਲੱਖਾਂ ਕਰੋੜਾਂ ਦਾ ਸੌਦਾ ਮੰਨਿਆ ਜਾਂਦਾ ਹੈ ਉੱਥੇ ਹੀ ਬਠਿੰਡਾ ਦੀਆਂ ਨਗਰ ਨਿਗਮ ਚੋਣਾਂ ਵਿੱਚ ਭਾਗ ਲੈਣ ਲਈ ਕੁੱਝ ਅਜਿਹੇ ਨੌਜਵਾਨ ਸਾਹਮਣੇ ਆਏ ਹਨ ਜਿੰਨਾਂ ਕੋਲ ਗੁਆਉਣ ਲਈ ਬਹੁਤਾ ਕੁੱਝ ਨਹੀਂ ਪਰ ਜਿੱਤਣ ਲਈ ਸੰਸਾਰ ਪਿਆ ਹੈ। ਬਠਿੰਡਾ ਦੇ ਭਲੇ ਲਈ ਬਣੇ ਇੰਨਾਂ ਨੌਜਵਾਨਾਂ ਦੇ ਕਾਫਲੇ ’ਚ ਕਈ ਸਰਦੇ ਪੁੱਜਦੇ ਪ੍ਰੀਵਾਰ ,ਕਾਰੋਬਾਰੀ ਅਤੇ ਹੋਰ ਕੰਮ ਧੰਦੇ ਵਾਲੇ ਵੀ ਸ਼ਾਮਲ ਹਨ ਜਿੰਨਾਂ ਨੇ ਕੁੱਝ ਚੰਗਾ ਕਰਨ ਤੇ ਸ਼ਹਿਰ ਨੂੰ ਸੁਆਰਨ ਲਈ ਇਸ ਮੁਹਿੰਮ ’ਚ ਕੁੱਦਣ ਦਾ ਫੈਸਲਾ ਲਿਆ ਹੈ। ਜਾਣਕਾਰੀ ਅਨੁਸਾਰ ਸ਼ਹਿਰ ਦੇ ਕਈ ਨੌਜਵਾਨਾਂ ਨੇ ‘ਬਠਿੰਡਾ ਸੋਸ਼ਲ ਗਰੁੱਪ’ ਬਣਾਇਆ ਹੈ ਜੋ ਅਗਾਮੀ ਨਗਰ ਨਿਗਮ ਚੋਣਾਂ ’ਚ ਭਾਗ ਲਵੇਗਾ। ਇਸ ਗਰੁੱਪ ਨੇ ਅੱਜ ਸਿਆਸੀ ਵੰਡੀਆਂ ਤੋਂ ਉੱਪਰ ਉੱਠ ਕੇ ਮੁੱਦਿਆਂ ਤੇ ਅਧਾਰਿਤ ਚੋਣਾਂ ਲੜਨ ਦੀ ਗੱਲ ਆਖੀ ਹੈ।
                          ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਬਠਿੰਡਾ ਦੀ ਸਿਆਸਤ ’ਚ ਸਿਹਤਮੰਦ ਤਬਦੀਲੀਆਂ ਕਰਨ ਦੇ ਦਾਅਵੇ ਨਾਲ ਮੈਦਾਨ ’ਚ ਉਤਰਨ ਦਾ ਫੈਸਲਾ ਕਰਨ ਵਾਲੇ ਸਮਾਜ ਸੇਵੀ ਗੁਰਵਿੰਦਰ ਸ਼ਰਮਾ, ਗੁਰਪ੍ਰੀਤ ਆਰਟਿਸਟ, ਖੂਨਦਾਨੀ ਬੀਰਬਲ ਬਾਂਸਲ ਉਰਫ ਬੀਰੂ ਬਾਂਸਲ, ਗੁਰਵੀਰ ਕੌਰ ਅਤੇ ਡਾ ਤਰਸੇਮ ਗਰਗ ਆਦਿ ਨੇ ਕਿਹਾ ਕਿ ਉਨਾਂ ਦਾ ਮੁੱਖ ਮੁੱਦਾ ਸ਼ਹਿਰ ਦੀਆਂ ਸਮੱਸਿਆਵਾਂ ਹੋਣਗੀਆਂ ਜਿੰਨਾਂ ਨੂੰ ਹੱਲ ਕਰਨ ’ਚ ਪਿਛਲੇ ਦਸ ਸਾਲ ਦੌਰਾਨ ਆਈਆਂ ਸਰਕਾਰਾਂ ਅਤੇ ਨਗਰ ਨਿਗਮ ਫੇਲ ਰਿਹਾ ਹੈ। ਇੰਨਾਂ ਦਿੱਕਤਾਂ ’ਚ ਸਭ ਤੋਂ ਅਹਿਮ ਪੀਣ ਵਾਲੇ ਸਾਫ ਸੁਥਰੇ ਪਾਣੀ ਦੀ ਘਾਟ ਅਤੇ ਸੀਵਰੇਜ਼ ਦੇ ਮਾੜੇ ਪ੍ਰਬੰਧ ਹਨ ਜਿੰਨਾਂ ਕਰਕੇ ਸ਼ਹਿਰ ਵਾਸੀ ਅਕਸਰ ਪ੍ਰੇਸ਼ਾਨ ਰਹਿੰਦੇ ਹਨ। ਮਹੱਤਵਪੂਰਨ ਤੱਥ ਹੈ ਕਿ ਨਗਰ ਨਿਗਮ ਨੇ ਸਾਲ 2015 ’ਚ ਸ਼ਹਿਰ ਵਾਸੀਆਂ ਨੂੰ ਸੌ ਫੀਸਦੀ ਪਾਣੀ ਤੇ ਸੀਵਰੇਜ਼ ਸੁਵਿਧਾ ਮੁਹੱਈਆ ਕਰਵਾਉਣ ਲਈ ਇੱਕ ਪ੍ਰਾਈਵੇਟ ਕੰਪਨੀ ਨੂੰ 288 ਕਰੋੜ ਰੁਪਏ ਦਾ ਪ੍ਰਜੈਕਟ ਸੌਂਪਿਆ ਜਿਸ ਦੀ ਮਿਆਦ ਲੰਘਿਆਂ ਵੀ ਕਾਫੀ ਸਮਾਂ ਹੋ ਗਿਆ ਪਰ ਲੋਕਾਂ ਦੇ ਦੋਵੇਂ ਬੁਨਿਆਦੀ ਮਸਲੇ ਜਿਓਂ ਦੇ ਤਿਓਂ ਹਨ।  
                          ਅੱਜ ਵੀ ਬਠਿੰਡਾ ਦੇ ਵੱਡੀ ਗਿਣਤੀ ਮੁਹੱਲਿਆਂ ’ਚ ਪੀਣ ਵਾਲੇ ਪਾਣੀ ਲਈ ਟੈਂਕਰਾਂ ਤੋਂ ਇਲਾਵਾ ਉਨਾਂ ਨਲਕਿਆਂ ਦਾ ਸਹਾਰਾ ਹੈ ਜਿੰਨਾਂ ਤੇ ਨਿਗਮ ਕਈ ਵਰੇ ਪਹਿਲਾਂ ਪਾਣੀ ਮਾੜਾ ਹੋਣ ਦੇ ਪੋਸਟਰ ਲਾ ਚੁੱਕਿਆ ਹੈ। ਮਾਮਲੇ ਦਾ ਗੰਭੀਰ ਪਹਿਲੂ ਹੈ ਕਿ ਧਰਤੀ ਹੇਠਲਾ ਪਾਣੀ ਮਾੜਾ ਹੈ ਜਿਸ ਨਾਲ ਬਿਮਾਰੀਆਂ ਲੱਗਣ ਦਾ ਖਤਰਾ ਹੈ। ਇਸੇ ਤਰਾਂ ਹੀ ਸ਼ਹਿਰ ਦੀਆਂ ਸੜਕਾਂ ਤੇ ਫਿਰਦਾ ਗੰਦਾ ਪਾਣੀ ਹੁਣ ਤਾਂ ਨਾਸੂਰ ਬਣ ਗਿਆ ਹੈ। ਪਿਛਲੀਆਂ ਨਗਰ ਨਿਗਮ ਚੋਣਾਂ ਦੌਰਾਨ ਵੀ ਲੰਮੇ ਚੌੜੇ ਵਾਅਦੇ ਕਰਕੇ ਸ਼ਹਿਰ ਦੇ ਦੁੱਖ ਕੱਟਣ ਦੇ ਸੁਪਨੇ ਦਿਖਾਏ ਸਨ ਜਿੰਨਾਂ ਨੂੰ ਵੀ ਪੂਰਾ ਨਹੀਂ ਕੀਤਾ ਜਾ ਸਕਿਆ ਹੈ। ਇਸੇ ਤਰਾਂ ਹੀ ਬਰਸਾਤੀ ਪਾਣੀ ਅਤੇ ਅਵਾਰਾ ਪਸ਼ੂਆਂ ਦਾ ਮਸਲਾ ਵੀ ਕਿਸੇ ਸਿਆਸੀ ਧਿਰ ਦਾ ਏਜੰਡਾ ਨਹੀਂ ਬਣ ਸਕਿਆ ਹੈ। ਪਸ਼ੂਆਂ ਨੇ ਜੇਕਰ ਅਕਾਲੀ ਭਾਜਪਾ ਗੱਠਜੋੜ ਦੇ ਰਾਜ ’ਚ ਲੋਕਾਂ ਨੂੰ ਮੌਤ ਵੰਡੀ ਹੈ ਤਾਂ ਕਾਂਗਰਸ ਦੇ ਰਾਜ ’ਚ ਵੀ ਕਈ ਲੋਕਾਂ ਦੀਆਂ ਜਾਨਾਂ ਲਈਆਂ ਹਨ।
                     ਇਸੇ ਤਰਾਂ ਹੀ ਬਰਸਾਤੀ ਪਾਣੀ ਨੇ ਕਦੇ ਕਿਸੇ ਦਾ ਸਿਆਸੀ ਲਿਹਾਜ ਨਹੀਂ ਕੀਤਾ ਹੈ। ਨਗਰ ਸੁਧਾਰ ਟਰੱਸਟ ਦੇ ਕਾਂਗਰਸੀ ਚੇਅਰਮੈਨ ਦੀ ਰਿਹਾਇਸ਼ ਵਾਲੀ  ਵੀਰ ਕਲੋਨੀ ਅਕਾਲੀ ਦਲ ਦੇ ਰਾਜ ਭਾਗ ’ਚ ਵੀ ਪਾਣੀ ਦਾ ਸਮੁੰਦਰ ਬਣਦੀ ਰਹੀ ਹੈ ਤਾਂ ਕਾਂਗਰਸ ਦੇ ਰਾਜ ’ਚ ਵੀ ਪਾਣੀ ਦੀਆਂ ਛੱਲਾਂ ਜਿਓਂ ਦੀਆਂ ਤਿਓਂ ਹਨ। ਇਸੇ ਤਰਾਂ ਹੀ ਆਈਜੀ, ਐਸਐਸਪੀ ਅਤੇ ਡੀਸੀ ਜਿਹੇ ਆਹਲਾ ਅਫਸਰਾਂ ਦੀਆਂ ਕੋਠੀਆਂ, ਪਰਸ ਰਾਮ ਨਗਰ,ਸਿਰਕੀ ਬਜਾਰ, ਮਾਲ ਰੋਡ, ਪਾਵਰ ਹਾਊਸ ਰੋਡ ,ਅਮਰੀਕ ਸਿੰਘ ਰੋਡ ਅਤੇ ਸਮੇਤ ਦਰਜਨਾਂ ਇਲਾਕੇ ਪਾਣੀ ਦਾ ਸੰਤਾਪ ਹੰਢਾਉਂਦੇ ਚਲੇ ਆ ਰਹੇ ਹਨ। ਸੋਸ਼ਲ ਗਰੁੱਪ ਦੇ ਏਜੰਡੇ ਵਿੱਚ ਸ਼ਹਿਰ ’ਚ ਹੁੰਦੀਆਂ ਚੋਰੀਆਂ ਅਤੇ ਆਮ ਆਦਮੀ ਤੇ ਔਰਤਾਂ ਦੀ ਸੁਰੱਖਿਆ ਦਾ ਮੁੱਦਾ ਹੈ।
                      ਗਰੁੱਪ ਦਾ ਕਹਿਣਾ ਹੈ ਕਿ ਸਰਕਾਰਾਂ ਨੂੰ ਆਮ ਆਦਮੀ ਦੀ ਪਹਿਰੇਦਾਰ ਬਣਨਾ ਅਤੇ ਗੈਰ ਸਮਾਜੀ ਅਨਸਰਾਂ ਨਾਲ ਸਖਤੀ ਨਾਲ ਨਜਿੱਠਣਾ ਚਾਹੀਦਾ ਹੈ। ਉਨਾਂ ਆਖਿਆ ਕਿ ਉਹ ਸ਼ਹਿਰ ਵਾਸੀਆਂ ਦੀ ਅਵਾਜ ਬਣਨਗੇ ਕਿ ਸਰਕਾਰ ਅਜਿਹਾ ਮਹੌਲ ਪੈਦਾ ਕਰੇ  ਜਿਸ ’ਚ ਕਿਸੇ ਧੀਅ ਭੈਣ ਜਾਂ ਆਮ ਨਾਗਰਿਕ ਨੂੰ ਸੜਕ ਤੇ ਜਾਂਦਿਆਂ ਭੈਅ ਮਹਿਸੂਸ ਨਾਂ ਹੋਵੇ।  ਪ੍ਰੈਸ ਕਾਨਫਰੰਸ ਦੌਰਾਨ ਸ਼ਹਿਰ ਦੀਆਂ ਸੜਕਾਂ ਦੀ ਮਾੜੀ ਹਾਲਤ, ਬਾਰਸ਼ ਕਾਰਨ ਖਸਤਾਹਾਲ ਹੋਏ ਸੜਕ ਮਾਰਗ, ਗਲੀਆਂ ਦੀ ਦੁਰਦਸ਼ਾ ,ਸ਼ਹਿਰ ਦੇ ਬਾਹਰੀ ਇਲਾਕਿਆਂ ਚੋਂ ਸਹੂਲਤਾਂ ਗਾਇਬ, ਹਰਿਆਲੀ ਦੀ ਘਾਟ ਅਤੇ ਵਿਗੜਿਆ ਵਾਤਾਰਵਨ ਵਰਗੇ ਮੁੱਦਿਆਂ ਨੂੰ ਤਰਜੀਹੀ ਮੁੱਦੇ ਦੱਸਿਆ ਗਿਆ। ਗਰੁੱਪ ਆਗੂਆਂ ਨੇ ਆਖਿਆ ਕਿ ਇੰਨਾਂ ਮਸਲਿਆਂ ਨੂੰ ਹੱਲ ਨਾਂ ਕਰਨ ਕਰਕੇ ਸ਼ਹਿਰ ਵਾਸੀ ਮਾੜੇ ਦਿਨ ਕੱਟਣ ਲਈ ਮਜਬੂਰ ਹਨ।
                ਸਮਾਜਸੇਵੀ ਬਣੇ ਨਗਰ ਨਿਗਮ
    ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਗੁਰਵਿੰਦਰ ਸ਼ਰਮਾ ਤੇ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਸੋਸ਼ਲ ਗਰੁੱਪ ਸਮੱਸਿਆਵਾਂ ਨੂੰ ਹੱਲ ਕਰਨ ਦਾ ਉਪਰਾਲਾ ਹੈ। ਉਨਾਂ ਆਖਿਆ ਕਿ ਗਰੁੱਪ ਨਗਰ ਨਿਗਮ ਚੋਣਾਂ ’ਚ ਹਿੱਸਾ ਲਵੇਗਾ  ਤੇ ਪੜੇ ਲਿਖੇ, ਬੁੱਧੀਜੀਵੀ ,ਸਮਾਜਸੇਵੀ  ਅਤੇ ਇਮਾਨਦਾਰ ਉਮੀਦਵਾਰ ਖੜੇ ਕੀਤੇ ਜਾਣਗੇ। ਉਨਾਂ ਆਖਿਆ ਕਿ ਉਨਾਂ ਦਾ ਮਕਸਦ ਸਿਆਸੀ ਸੋਚ ਤੋਂ ਉੱਪਰ ਉੱਠ ਕੇ ਨਿਰੋਲ ਸਮਾਜ ਸੇਵਾ ਵਾਲਾ ਨਗਰ ਨਿਗਮ ਬਣਾਇਆ ਜਾਏ ਤਾਂ ਜੋ ਸ਼ਹਿਰ ਵਾਸੀਆਂ ਨੂੰੂ ਦਰਪੇਸ਼ ਵੱਖ ਵੱਖ ਸਮੱਸਿਆਵਾਂ ਦੂਰ ਕੀਤੀਆਂ ਜਾ ਸਕਣ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!