8.9 C
United Kingdom
Saturday, April 19, 2025

More

    ਕਿਹੜਾ ਖਿਲੇਰਾ ਤੇ ਕਿਹੜੇ ਫੋਨ?

    -ਜਨਮੇਜਾ ਸਿੰਘ ਜੌਹਲ

    -ਜਨਮੇਜਾ ਸਿੰਘ ਜੌਹਲ

    ਜਦ ਪਹਿਲੇ ਦਿਨ ਕ੍ਰਫਿਊ ਲੱਗਿਆ ਤਾਂ ਚਾਅ ਜਿਹਾ ਸੀ , ਇਸਤੋਂ ਪਹਿਲੋਂ ਅੱਸੀਵਿਆਂ ਚ ਲੱਗੇ ਕ੍ਰਫਿਊ ਦੀ ਯਾਦ ਫਿੱਕੀ ਪੈ ਚੁੱਕੀ ਸੀ । ਫੇਰ ਅਚਾਨਕ ਇਹ ਕੁਝ ਦਿਨਾਂ ਲਈ ਵੱਧ ਗਿਆ ਤੇ ਨਾਲ ਹੀ ਵਿਹਲ ਵੀ ਵੱਧ ਗਿਆ । ਖਿਆਲ ਆਇਆ ਕੇ ਕਿਉਂ ਨਾ ਸਮਾਨ ਨਾਲ ਤੁੰਨੇ ਪਏ ਸਟੋਰ ਦੀ ਛਾਂਟੀ ਹੀ ਕਰ ਲਈ ਜਾਵੇ । ਲਓ ਜੀ ਸਾਰਾ ਸਮਾਨ ਕੱਢ ਕਿ ਵਿਦੇਸ਼ ਚੱਲੇ ਗਏ ਬੱਚਿਆਂ ਦੇ ਕਮਰੇ ਵਿਚ ਸੁੱਟ ਲਿਆ । ਇਕ ਦੋ ਦਿਨ ਰੋਜ਼ ਟਾਇਮ ਲਾ ਕੇ ਦੋ ਕੁਇੰਟਲ ਰੱਦੀ ਕੱਢ ਦਿੱਤੀ ਪਰ ਸਮਾਨ ਤਾਂ ਅਜੇ ਵੀ ਮਣਾਂ ਮੂੰਹੀ ਪਿਆ ਸੀ। ਉਧਰੋਂ ਕਰਫਿਊ ਦੇ ਦਿਨ ਵੀ ਵੱਧ ਗਏ ਤੇ ਆਪਣੇ ਵਿਚ ਵੀ ਸੁਸਤੀ ਕਰੋਨੇ ਵਾਂਗ ਵੜ੍ਹ ਗਈ । ਕਮਰੇ ਵੱਲ ਜਾਣ ਨੂੰ ਤਾਂ ਛੱਡੋ, ਦੇਖਣ ਨੂੰ ਦਿੱਲ ਨਾ ਕਰੇ । ਅੱਜ ਸਵੇਰੇ ਪੱਕਾ ਧਾਰ ਲਿਆ ਕਿ ਇਹ ਕੰਮ ਕਰਨਾ ਹੀ ਕਰਨਾ । ਕਰਦੇ ਕਰਾਉਂਦੇ ਦੁਪਹਿਰ ਹੋ ਗਈ । ਸਕੀਮ ਇਹ ਬਣੀ ਬਈ ਰੋਟੀ ਖਾ ਕਿ ਥੋੜਾ ਸੁਸਤਾਅ ਕਿ ਫੱਟੇ ਚੱਕ ਦੇਣੇ ਆ । ਉਹ ਸਮਾਂ ਵੀ ਆਖਰ ਆ  ਹੀ ਗਿਆ। ਪੂਰੀ ਰਫ਼ਤਾਰ ਨਾਲ ਕਾਗਜ਼ ਛਾਂਟਣੇ ਸ਼ੁਰੂ ਕਰ ਦਿੱਤੇ। ਜਦੇ ਇਕ ਫੋਨ ਆ ਗਿਆ, ‘ ਭਾਜੀ ਕਰਫਿਊ ਦੀ ਫੋਟੋਗਰਾਫੀ ਕਰਨ ਚੱਲੀਏ , ਸੜਕਾਂ ਖਾਲੀ ਪਈਆਂ ਨੇੰ’ ।’ ਨਹੀੰ ਰਣਜੋਧ, ਮੈਂ ਮਈਅਤ ਦੀਆਂ ਫੋਟੋਆਂ ਨਹੀਂ ਖਿੱਚਦਾ, ਮੈਂ ਧੜਕਦੇ, ਭੁੜਕਦੇ ਜੀਵਨ ਦਾ ਹੀ ਆਸ਼ਕ ਹਾਂ’। ਫੋਨ ਬੰਦ ਹੋ ਗਿਆ ਤੇ ਮੈਂ ਫਿਰ ਕਾਗਜ਼ਾਂ ਚ ਗੁੱਮ ਗਿਆ। ਜਦ ਨੂੰ ਫੋਨ ਫੇਰ ਆ ਗਿਆ, ‘ ਹੈਲੋ ਜਨਮੇਜੇ , ਕੀ ਕਰਦਾ? ਮੈਂ ਪਾਤਰ ਬੋਲਦਾਂ”ਸਾਸਰੀ ਕਾਲ ਜੀ, ਬਸ ਆ ਪੁਰਾਣੇ ਮਾਲ ਨਾਲ ਮੱਥਾ ਮਾਰਦਾ”ਐਦਾਂ ਕਰ ਇਹ ਸਾਰੇ ਖਲਾਰੇ ਦੀਆਂ ਫੋਟੋਆਂ ਖਿੱਚ ਲੈ , ਆਪਾਂ  ‘ਰੂਮ ਆਰਟ’ ਦੇ ਸਿਰਲੇਖ ਥੱਲੇ ਆਰਟ ਕੌਂਸਿਲ ਵਲੋਂ ਨੁਮਾਇਸ਼ ਲਾਵਾਂਗੇ’।’ ਜਨਾਬ ਤੁਹਾਨੂੰ ਪਤਾ ਤਾਂ ਹੈ, ਮੈਂ ਕਲਾ ਲਈ ਸਰਕਾਰੀ ਸਰਪਰਸਤੀ ਦੇ ਵਿਰੁਧ ਹਾਂ, ਇਕ ਵਾਰੀ ਇਸ ਭੈੜੇ ਤਜੁਰਬੇ ਚੋਂ ਲੰਘ ਚੁੱਕਾ ਹਾਂ, ਮੈਨੂੰ ਤਾਂ ਲੋਕਾਂ ਦਾ ਹੀ ਸਾਥ ਨਹੀਂ ਮੁੱਕਦਾ’। ਨਰਾਜ਼ ਜਿਹੇ ਹੋਕੇ ਉਹਨਾਂ ਫੋਨ ਬੰਦ ਕਰ ਦਿੱਤਾ। ਮੈਨੂੰ ਵੀ ਲੱਗਿਆ ਕੇ ਮੈਂ ਕੁਝ ਜ਼ਿਆਦਾ ਹੀ ਬੋਲ ਗਿਆਂ । ਪਰ ਮੇਰਾ ਕੰਮ ਤਾਂ ਹਾਲੇ ਪਿਆ ਸੀ । ਕੁਝ ਸਮੇਂ ਬਾਅਦ ਹੀ ਫੋਨ ਫੇਰ ਵੱਜ ਪਿਆ, ਇਸ ਵਾਰ ਗੁਰਭਜਨ ਸੀ, ‘ ਪ੍ਰੇਤ ਆਤਮਾ ਕੀ ਕਰ ਰਹੀ ਹੈ ?”ਕਰਨਾ ਕੀ ਆ ਸਟੋਰ ਦਾ ਸਮਾਨ ਖਿਲਾਰੀ ਬੈਠਾਂ, ਸਾਂਭਣ ਦੀ ਕੋਸ਼ਿਸ਼ ਕਰ ਰਿਹਾਂ ”ਓਏ ਸਾਂਭਣ ਨੂੰ ਰਹਿਣ ਦੇ। ਇਵੇਂ ਹੀ ਰੱਖ, ਇਹ ਸਾਰਾ ਸੀਨ ਤੇਰੀ ਯਾਦਗਾਰ ਦਾ ਹਿੱਸਾ ਬਣੂ, ਨਾਲੇ ਜਿਹੜਾ ਤੇਰੇ ਨਾਮ ਤੇ ਅਵਾਰਡ ਸ਼ੁਰੂ ਕਰਾਂਗੇ ਉਸਤੇ ਇਹ ਫੋਟੋ ਲਾਵਾਂਗੇ ” ਮੈਂ ਤਾਂ ਇਨਾਮਾਂ ਅਵਾਰਡਾਂ ਤੋਂ ਬਚਦਾ ਰਿਹਾਂ, ਜਾਂ ਦੇਣ ਵਾਲੇ ਕਤਰਾਉਂਦੇ ਰਹੇ, ਤੂੰ ਇਹ ਕੰਮ ਨਾ ਕਰੀਂ ” ਮੂਰਖ ਹੈ ਤੂੰ , ਤੈਨੂੰ ਨੀ ਕਦੇ ਆਉਣੀ ਦੁਨੀਅਦਾਰੀ ਦੀ ਸਮਝ’।ਉਹਨੇ ਫੋਨ ਕੱਟਤਾ।ਮੈਂ ਸੋਚਿਆ ਹੁਣ ਬਥੇਰੀ ਬੇਇਜ਼ਤੀ ਜਿਹੀ ਹੋ ਗਈ ਮੇਰੀ, ਹੁਣ ਫੋਨ ਹੀ ਨਹੀਂ ਚੁੱਕਣਾ । ਆਪਾਂ ਫੇਰ ਜੁੱਟ ਗਏ। ਕੁਝ ਖਤ ਸਾਂਭ ਲਏ, ਕੁਝ ਯਾਦਾਂ ਦੇ ਸਫੇ ਦਿਲ ਕਰੜਾ ਕਰਕੇ ਪਾੜ ਦਿੱਤੇ। ਜਵਾਨੀ ਦੀਆਂ ਫੋਟੋਆਂ ਤੇ ਰਸ਼ਕ ਕੀਤਾ। ਅਚਾਨਕ ਫੇਰ ਫੋਨ ਦੀ ਘੰਟੀ ਵੱਜੀ। ਇਸ ਵਾਰ ਇਹ ਵੱਜਦੀ ਵੀ ਉੱਚੀ ਸੀ, ਪਰ ਮੇਰਾ ਇਰਾਦਾ ਵੀ ਪੱਕਾ ਸੀ ਕਿ ਚੁੱਕਣਾ ਨਹੀਂ । ਤਦੇ ਘਰਵਾਲੀ ਦੀ ਉੱਚੀ ਆਵਾਜ਼ ਆਈ।’ ਫੋਨ ਕਿਉਂ ਨਹੀਂ ਚੁੱਕਦੇ, ਕਦ ਦੀ ਟੈਂ ਟੈਂ ਹੋਈ ਜਾਂਦੀ ਆ’ ਮੈਂ ਕੀ ਦੱਸਦਾ ਵੀ ਕਿਉਂ ਨਹੀਂ ਚੱਕਣਾ, ਪਰ ਜਵਾਬ ਤਾਂ ਦੇਣਾ ਹੀ ਪੈਣਾ ਸੀ । ਮੈਂ ਅੱਖਾਂ ਮੱਲਦੇ ਹੋਏ ਨੇ ਕਿਹਾ, ‘ ਬਥੇਰੇ ਚੱਕ ਲਏ, ਹੁਣ ਖਿਲੇਰਾ ਸਾਂਭ ਕੇ ਹੀ ਚੁਕੂੰ।” ਕਿਹੜਾ ਖਿਲੇਰਾ ਤੇ ਕਿਹੜੇ ਫੋਨ? ਮੈਨੂੰ ਤਾਂ ਘੰਟਾ ਹੋ ਗਿਆ ਘੁਰਾੜੇ ਸੁੱਣਦੀ ਨੂੰ ‘।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!