ਗੁਲਾਬੀ, ਗੇਰੂਆ, ਜਾਂ ਕਾਲੀਆਂ ਜਾਂ ਬਿੱਲੀਆਂ ਅੱਖੀਆਂ,
ਸਲਾਮਤ ਰਹਿਣ ਜੁਗੋ ਜੁਗ ਮਨਾਂ ਨੂੰ ਮੋਹਣੀਆਂ ਅੱਖੀਆਂ।
ਜੀ ਉਸ ਦੀ ਈਦ ਤਾਂ ਹੁੰਦੀ ਏ ਤੱਕ ਕੇ ਈਦ ਦੇ ਚੰਦ ਨੂੰ,
ਅਸਾਡੀ ਈਦ ਹੁੰਦੀ ਏ, ਜੀ ਤੱਕ ਕੇ ਉਸ ਦੀਆਂ ਅੱਖੀਆਂ।
ਜੋ ਪਲਕਾਂ ਬੰਦ ਕਰ ਕਰ ਕੇ ਮਜ਼ਾ ਦੀਦਾਰ ਦਾ ਮਾਨਣ,
ਬਹੁਤ ਹੀ ਘੱਟ ਤੱਕੀਆਂ ਨੇ ਮੈਂ ਕਰਮਾਂ ਵਾਲੀਆਂ ਅੱਖੀਆਂ।
ਇਹ ਗੋਤੇ ਖਾਂਦੀਆਂ ਸਧਰਾਂ ਨੂੰ ਗੋਤਾਖੋਰ ਕੀ ਸਮਝਣ
ਕਿਵੇਂ ਹਨ ਲੋੜ ਦੇ ਸਾਗਰ’ਚ ਤਰ ਤਰ ਡੁਬਦੀਆਂ ਅੱਖੀਆਂ।
ਇਨ੍ਹਾਂ ਵਿਚ ਤੇਲ ਪਾਈ ਰੱਖਿਓ ਜੀ ਜ਼ਿੰਦਗੀ ਭਰ ਹੀ,
ਨਹੀਂ ਫਿਰ ਜਗਦੀਆਂ, ਇਕ ਵਾਰ ਨੇ ਜਦ ਬੁਝਦੀਆਂ ਅੱਖੀਆਂ।
ਢਹੇ ਜਾਦੂਗਰਾਂ ਦੇ ਚੜ੍ਹਕੇ ਉਹ ਹੀ ਸੁੰਨੀਆਂ ਕਰ ਗਏ,
ਜੋ ਕਹਿੰਦੇ ਹੀ ਨਹੀਂ ਥੱਕਦੇ ਸੀ ਜਾਦੂਗਰਨੀਆਂ ਅੱਖੀਆਂ।
ਜਦੋਂ ਲਾਲੀ ਸਵੇਰੇ ਦੀ ਹੈ ਪਾਉਂਦੀ ਰੜਕ ਆਥਣ ਤੀਕ,
ਉਦੋਂ ਫਿਰ ਸੁਰਮਈ ਜਿਹੀਆਂ ਮਸ਼ਾਲਾਂ ਬਣਦੀਆਂ ਅੱਖੀਆਂ।
ਉਧੇੜਨ ਰੂਹ ਨੂੰ ਸਾਰਾ ਦਿਨ ਤੇ ਰਾਤੀਂ ਬੁਣਦੀਆਂ ਸੁਪਨੇ,
ਕਦੀ ਇਹ ਸੋਚਿਆ ਹੈ ਉਮਰ ਭਰ ਨਈਂ ਸੌਂਦੀਆਂ ਅੱਖੀਆਂ।
ਜਿਨ੍ਹਾਂ ਨੂੰ ਵਕਤ ਦੇ ਫ਼ਰਮਾਨ ਦੀ ਤਾਕਤ ਨਿਗਲ ਜਾਵੇ,
ਨਹੀਂ ਉਹ ਮੇਰੀਆਂ ਅੱਖੀਆਂ ਤੇ ਨਾ ਹੀ ਤੇਰੀਆਂ ਅੱਖੀਆਂ।
ਤੁਸੀਂ ਹੱਸਣ ਦਾ ‘ਪਰਦੇਸੀ’ ਜੀ ਕਰਦੇ ਹੋ ਸਦਾ ਨਾਟਕ,
ਹੈ ਹਾਸਾ ਰੂਹ ਨੂੰ ਭਾਉਂਦਾ ਨਾਲ ਨੇ ਜਦ ਹੱਸਦੀਆਂ ਅੱਖੀਆਂ।
ਫੋਨ +91 9780213351
ਈ ਮੇਲ rajinder.pardesi7@gmail.com