ਅਸ਼ੋਕ ਵਰਮਾ
ਬਠਿੰਡਾ,14 ਸਤੰਬਰ। ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੀ ਅਗਵਾਈ ਹੇਠ ਅਨਾਜ ਮੰਡੀ ਭਗਤਾ ਭਾਈ ਵਿਖੇ ਕੀਤੀ ਜਿਲਾ ਪੱਧਰੀ ਰੋਹ ਭਰਪੂਰ ਕਾਨਫਰੰਸ ਵਿੱਚ ਬੁਲਾਰਿਆਂ ਨੇ ਖੇਤੀ ਆਰਡੀਨੈਂਸਾਂ ਦੇ ਮਾਰੂ ਪ੍ਰਭਾਵਾਂ ਅਤੇ ਬਿਜਲੀ ਸੋਧ ਬਿੱਲ ਸਮੇਤ ਵੱਖ ਵੱਖ ਮੁੱਦਿਆਂ ਨਾਲ ਜੁੜੇ ਤੱਥ ਰੱਖੇ। ਕਿਸਾਨ ਬੁਲਾਰਿਆਂ ਨੇ ਖੇਤੀ ਜਿਣਸਾਂ ਦੀ ਵਿੱਕਰੀ,ਵਪਾਰ ਦੇ ਦੀ ਤਬਾਹੀ, ਮਜਦੂਰਾਂ ਦੀ ਆਰਥਿਕਤਾ ਅਤੇ ਦੁਕਾਨਦਾਰਾਂ ਦੇ ਕੰਮ ਧੰਦੇ ਠੱਪ ਹੋਣ ਸਬੰਧੀ ਫਿਕਰ ਜਾਹਰ ਕੀਤੇ। ਬੁਲਾਰਿਆਂ ਨੇ ਇੱਕ ਦਿਨ ਦੀ ਨਹੀਂ ਇਸ ਲੜਾਈ ਨੂੰ ਲੰਮੀ ਦੱਸਦਿਆਂ ਕਿਸਾਨਾਂ ਨੂੰ ਸੰਘਰਸ਼ ਲਈ ਕਮਰਕਸੇ ਕਸ ਲੈਣ ਦਾ ਸੱਦਾ ਵੀ ਦਿੱਤਾ। ਕਿਸਾਨਾਂ ਨੂੰ ਸੰਬੋਧਨ ਕਰਦਿਆਂ ਬੀ ਕੇ ਯੂ (ਕ੍ਰਾਂਤੀਕਾਰੀ) ਦੇ ਸੂਬਾ ਪ੍ਰਧਾਨ ਸੁਰਜੀਤ ਸਿੰਘ ਫੂਲ ਨੇ ਕਿਹਾ ਕਿ ਪਾਰਲੀਮੈਂਟ ਵਿੱਚ ਵਿਰੋਧੀ ਧਿਰ ਬਿਲਕੁਲ ਨਾਕਾਮ ਹੋ ਚੁੱਕੀ ਹੈ ਜਦੋਂਕਿ ਔਕੜਾਂ ਤੇ ਆਰਥਿਕ ਤੰਗੀਆਂ ਦੇ ਬਾਵਜੂਦ ਦੇਸ਼ ਦਾ ਕਿਸਾਨ ਵਿਰੋਧੀ ਧਿਰ ਦੀ ਭੁਮਿਕਾ ਅਦਾ ਕਰ ਰਿਹਾ ਹੈ। ਉਨਾਂ ਸਪਸ਼ਟ ਕੀਤਾ ਕਿ ਕਿਸਾਨ ਖੇਤੀ ਆਰਡੀਨੈਂਸ ਸਮੇਤ ਕਾਲੇ ਕਾਨੂੰਨ ਰੱਦ ਕਰਕੇ ਹੀ ਹਟਣਗੇ ਚਾਹੇ ਇਸ ਲਈ ਜਿੰੀਆਂ ਮਰਜੀ ਕੁਰਬਾਨੀਆਂ ਕਰਨੀਆਂ ਪੈਣ।
ਜੱਥੇਬੰਦੀ ਦੇ ਜਿਲਾ ਪ੍ਰਧਾਨ ਪ੍ਰਸ਼ੋਤਮ ਨੇ ਕਿਹਾ ਕਿ ਆਰਡੀਨੈਂਸ ਲਾਗੂ ਹੋਣ ਨਾਲ ਕਿਸਾਨ ਹੀ ਨਹੀਂ ਸਮੁੱਚਾ ਦੇਸ਼ ਕਾਰਪੋਰੇਟ ਘਰਾਣਿਆਂ ਦੇ ਰਹਿਮੋਕਰਮ ਤੇ ਰਹਿ ਜਾਵੇਗਾ ਅਤੇ ਰਾਜਨੀਤਿਕ ਸਿਸਟਮ ਵਿੱਚ ਕੰਪਨੀਆਂ ਗਲਬਾ ਅਖ਼ਤਿਆਰ ਕਰ ਲੈਣਗੀਆਂ। ਮਜ਼ਦੂਰ ਆਗੂ ਕੁਲਵੰਤ ਸਿੰਘ ਸੇਲਵਰਾ ਨੇ ਕਿਹਾ ਕਿ ਜੇ ਬਿਜਲੀ ਐਕਟ ਸੋਧ ਬਿੱਲ ਲਾਗੂ ਹੋ ਜਾਂਦਾ ਹੈ ਤਾਂ 75 ਪ੍ਰਤੀਸਤ ਪੇਂਡੂ ਮਜ਼ਦੂਰਾਂ ਲਈ ਬਿਜਲੀ ਪਹੁੰਚ ਤੋਂ ਬਾਹਰ ਹੋ ਜਾਵੇਗੀ। ਟੈਕਨੀਕਲ ਸਰਵਿਸ ਯੂਨੀਅਨ ਦੇ ਸਰਕਲ ਸਕੱਤਰ ਨਛੱਤਰ ਸਿੰਘ ਨੇ ਕਿਹਾ ਕਿ ਬਿਜਲੀ ਸੋਧ ਬਿੱਲ ਦੇ ਲਾਗੂ ਹੋਣ ਨਾਲ ਬਿਜਲੀ ਉਤਪਾਦਨ ਅਤੇ ਵੰਡ ਉੱਤੇ ਪ੍ਰਾਈਵੇਟ ਬਿਜਲੀ ਕੰਪਨੀਆਂ ਦਾ ਏਕਾਧਿਕਾਰ ਕਾਇਮ ਹੋ ਜਾਵੇਗਾ ਅਤੇ ਬਿਜਲੀ ਮੁਲਾਜ਼ਮਾਂ ਸਮੇਤ ਸਮੁੱਚੇ ਬਿਜਲੀ ਖਪਤਕਾਰ ਇਸ ਦਾ ਖਮਿਆਜਾ ਭੁਗਤਣਗੇ ।
ਚਾਰ ਘੰਟੇ ਦੇ ਕਰੀਬ ਚੱਲੀ ਇਸ ਕਾਨਫਰੰਸ ਦੌਰਾਨ ਜਿਲਾ ਸਕੱਤਰ ਗੁਰਮੇਲ ਸਿੰਘ ਜੰਡਾਂਆਲਾ, ਸੂਬਾ ਕਮੇਟੀ ਮੈਂਬਰ ਸੁਰਮੁੱਖ ਸਿੰਘ ਅਜਿੱਤ ਗਿੱਲ, ਜਰਨੈਲ ਸਿੰਘ ਧਿੰਗੜ ,ਗੁਰਪ੍ਰੀਤ ਸਿੰਘ ਭਗਤਾ ਤੀਰਥ ਰਾਮ ਸੇਲਵਰਾ , ਮਜਦੂਰ ਆਗੂ ਕੌਰ ਸਿੰਘ ਸਿਧਾਣਾ, ਲੋਕ ਸੰਗਰਾਮ ਮੋਰਚਾ ਦੇ ਆਗੂ ਲੋਕ ਰਾਜ ਮਹਿਰਾਜ , ਬਿਜਲੀ ਮੁਲਾਜਮ ਆਗੂ ਨਰਿੰਦਰ ਪਾਲ ਸਿੰਘ ਸਟੇਟ ਮੀਤ ਪ੍ਰਧਾਨ( ਟੀਐੱਸਯੂ ਹਰਜੀਤ ਸਿੰਘ ਕਨਵੀਨਰ ਇਨਕਲਾਬੀ ਗਰੁੱਪ ਮਖੂ (ਟੀਐੱਸਯੂ) ਨੇ ਸੰਬੋਧਨ ਕੀਤਾ । ਕਾਨਫਰੰਸ ਦੌਰਾਨ ਸਟੇਜ ਸੰਚਾਲਨਰਣਜੀਤ ਸਿੰਘ ਮੰਡੀ ਕਲਾਂ ਨੇ ਕੀਤਾ।