ਇੱਕ ਸ਼ੱਕੀ ਮਰੀਜ ਦੀ ਵੀ ਗਈ ਜਾਨ
ਅਸ਼ੋਕ ਵਰਮਾ
ਬਠਿੰਡਾ,2 ਸਤੰਬਰ। ਬਠਿੰਡਾ ’ਚ ਅੱਜ ਕਰੋਨਾ ਕਾਰਨ ਇੱਕ ਮਰੀਜ ਦੀ ਮੌਤ ਹੋ ਗਈ ਜਦੋਂਕਿ ਇੱਥ ਸ਼ੱਕੀ ਮਰੀਜ ਦੀ ਜਾਨ ਵੀ ਜਾਂਦੀ ਰਹੀ ਹੈ। ਨੌਜਵਾਨ ਵੈਲਫੇਅਰ ਸੁਸਾਇਟੀ ਦੇ ਵਲੰਟੀਅਰਾਂ ਨੇ ਦੋਵਾਂ ਮਿਤਕਾਂ ਦਾ ਪ੍ਰਸ਼ਾਸ਼ਨ ਦੀ ਹਾਜਰੀ ’ਚ ਅੰਤਮ ਸਸਕਾਰ ਕਰ ਦਿੱਤਾ ਹੈ। ਜਾਣਕਾਰੀ ਅਨੁਸਾਰ ਗੁਰਬਖਸ ਸਿੰਘ ਵਾਸੀ ਬਾਜਕ ਨੂੰ ਲੱਤ ਦੀ ਇਨਫੈਕਸ਼ਨ ਕਾਰਨ ਬਠਿੰਡਾ ਸਿਵਲ ਹਸਪਤਾਲ ਲਿਆਂਦਾ ਗਿਆ। ਸ਼ੱਕ ਪੈਣ ਤੇ ਉਸਦਾ ਟੈਸਟ ਕੀਤਾ ਤਾਂ ਉਹ ਕਰੋਨਾਂ ਪਾਜ਼ਿਟਿਵ ਪਾਇਆ ਗਿਆ ਜਿਸ ਨੂੰ ਇਲਾਜ ਲਈ ਫਰੀਦਕੋਟ ਰੈਫਰ ਕਰ ਦਿੱਤਾ । ਜਦੋਂ ਉਸ ਨੂੰ ਫਰੀਦਕੋਟ ਲਿਜਾਇਆ ਜਾ ਰਿਹਾ ਸੀ ਤਾਂ ਰਸਤੇ ’ਚ ਉਸ ਦੀ ਮੌਤ ਹੋ ਗਈ। ਇਸੇ ਤਰਾਂ ਹੀ ਸੰਸਥਾ ਨੇ ਅੱਜ ਸਨੀ ਕੁਮਾਰ ਵਾਸੀ ਸਿਰਕੀ ਬਜ਼ਾਰ ਦਾ ਬਕਾਇਦਾ ਪੀਪੀ ਕਿੱਟਾਂ ਪਾਕੇ ਤਹਿਸੀਲਦਾਰ ਸੁਖਬੀਰ ਸਿੰਘ ਬਰਾੜ ਦੀ ਹਾਜਰੀ ’ਚ ਅੰਤਮ ਸਸਕਾਰ ਕੀਤਾ ਹੈ। ਸਨੀ ਕੁਮਾਰ ਨੂੰ ਵੀ ਸਾਹ ਦੀ ਦਿੱਕਤ ਸੀ ਜਿਸ ਕਰਕੇ ਉਸ ਨੂੰ ਸ਼ੱਕੀ ਮੰਨਿਆ ਜਾ ਰਿਹਾ ਹੈ।
ਓਧਰ ਅੱਜ ਬਠਿੰਡਾ ਜਿਲੇ ’ਚ ਕਰੋਨਾ ਦੇ 107 ਨਵੇਂ ਮਰੀਜ ਸਾਹਮਣੇ ਆਏ ਹਨ। ਜ਼ਿਲੇ ਅੰਦਰ ਕੋਵਿਡ-19 ਤਹਿਤ 39455 ਸੈਂਪਲ ਲਏ ਗਏ, ਜਿਨਾਂ ਵਿਚੋਂ ਕੁੱਲ 2835 ਪਾਜੀਟਿਵ ਕੇਸ ਆਏ, ਇਨਾਂ ਵਿਚੋਂ 1639 ਕਰੋਨਾ ਪੀੜਤ ਵਿਅਕਤੀ ਠੀਕ ਹੋ ਕੇ ਆਪੋ-ਆਪਣੇ ਘਰ ਪਰਤ ਗਏ। ਇਸ ਸਮੇਂ ਜ਼ਿਲੇ ਵਿੱਚ ਕੁੱਲ 787 ਕੇਸ ਐਕਟਿਵ ਹਨ ਤੇ 371 ਕੇਸ ਹੋਰ ਜ਼ਿਲਿਆ ਵਿੱਚ ਸ਼ਿਫਟ ਹੋ ਚੁੱਕੇ ਹਨ ਇਸ ਤੋਂ ਇਲਾਵਾ ਹੁਣ ਤੱਕ ਜ਼ਿਲੇ ਅੰਦਰ 38 ਕਰੋਨਾ ਪ੍ਰਭਾਵਿਤ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ਼੍ਰੀ ਬੀ. ਸ਼੍ਰੀਨਿਵਾਸਨ ਨੇ ਸਾਂਝੀ ਕੀਤੀ। ਡਿਪਟੀ ਕਮਿਸ਼ਨਰ ਨੇ ਅੱਗੇ ਹੋਰ ਦੱਸਿਆ ਕਿ ਬੀਤੇ 24 ਘੰਟਿਆਂ ਦੌਰਾਨ ਪਾਜੀਟਿਵ 107, ਨੈਗੇਟਿਵ 360 ਤੇ ਕਰੋਨਾ ਪ੍ਰਭਾਵਿਤ 34 ਮਰੀਜ਼ ਠੀਕ ਹੋਣ ਉਪਰੰਤ ਆਪੋ ਆਪਣੇ ਘਰ ਵਾਪਸ ਪਰਤੇ ਗਏ। ਡਿਪਟੀ ਕਮਿਸ਼ਨਰ ਨੇ ਜਿਲਾ ਵਾਸੀਆਂ ਨੂੰ ਅਪੀਲ ਕੀਤੀ ਕਿ ਕਰੋਨਾ ਵਾਇਰਸ ਤੋਂ ਬਚਣ ਲਈ ਇੱਕ ਦੂਜੇ ਤੋਂ ਆਪਸੀ ਦੂਰੀ ਬਣਾ ਕੇ ਰੱਖਣ ਤੇ ਆਪਣੇ ਮੂੰਹ ‘ਤੇ ਮਾਸਕ ਜ਼ਰੂਰ ਪਾਉਣ। ਉਨਾਂ ਕਿਹਾ ਕਿ ਇਸਦੇ ਨਾਲ ਹੀ ਆਪਣੇ ਹੱਥਾਂ ਨੂੰ ਵਾਰ-ਵਾਰ ਸਾਬਣ ਨਾਲ ਧੋਣ ਜਾਂ ਸੈਨੇਟਾਈਜ਼ਰ ਨਾਲ ਜ਼ਰੂਰ ਸਾਫ਼ ਕਰਨ।