-ਸਹਿਰ ਦੇ ਹਸਪਤਾਲਾਂ ‘ਚ ਨਿਰੰਤਰ ਪਹੁੰਚਾਏ ਜਾ ਰਹੇ ਹਨ ਪੀਜ਼ੇ
ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)
ਸਕਾਟਲੈਂਡ ਦੇ ਸਿੱਖ ਨੌਜ਼ਵਾਨਾਂ ਵੱਲੋਂ ਵੱਖਰੀ ਮਿਸਾਲ ਪੇਸ਼ ਕਰਦਿਆਂ ਸਿਹਤ ਕਾਮਿਆਂ ਲਈ ਕਈ ਦਿਨਾਂ ਤੋਂ ਬਿਨਾ ਨਾਗਾ ਪੀਜ਼ੇ ਬਣਾ ਕੇ ਉਹਨਾਂ ਦੇ ਕੰਮ ਸਥਾਨਾਂ ‘ਤੇ ਪਹੁੰਚਾਉਣ ਦੀਆਂ ਸੇਵਾਵਾਂ ਨਿਭਾਈਆਂ ਜਾ ਰਹੀਆਂ ਹਨ। ਗੁਰੂ ਸਾਹਿਬਾਨਾਂ ਵੱਲੋਂ ਦਰਸਾਏ ਲੰਗਰ ਦੇ ਸੰਕਲਪ ਨੂੰ ਅਮਲੀ ਜਾਮਾ ਪਹਿਨਾਉਂਦਿਆਂ ਗਲਾਸਗੋ ਦੇ ਸੇਵਾਦਾਰਾਂ ਵੱਲੋਂ ਮਹਾਂਮਾਰੀ ਦੇ ਦੌਰ ਵਿੱਚ ਸਿਹਤ ਕਾਮਿਆਂ ਦੀ ਭੁੱਖ ਤੇਹ ਦਾ ਖਿਆਲ ਰੱਖਣਾ ਭਾਈ ਘਨਈਆ ਜੀ ਦੇ ਵਾਰਸ ਹੋਣ ਦਾ ਸੁਨੇਹਾ ਦੇ ਰਿਹਾ ਹੈ।
ਸਕਾਟਲੈਂਡ ਦੇ ਸਭ ਤੋਂ ਵੱਡੇ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਸਿੰਘ ਸਭਾ ਸੈਂਟਰਲ ਦੀ ਪ੍ਰਬੰਧਕੀ ਕਮੇਟੀ ਦੇ ਵਿਸ਼ੇਸ਼ ਸਹਿਯੋਗ ਨਾਲ ਨੌਜਵਾਨਾਂ ਵੱਲੋਂ ਹਰ ਰੋਜ ਪੀਜ਼ੇ ਬਣਾਉਣ ਦੀ ਸੇਵਾ ਸ਼ੁਰੂ ਹੋ ਜਾਂਦੀ ਹੈ ਤੇ ਗਰਮਾ ਗਰਮ ਪੀਜ਼ੇ ਮਾਨਵਤਾ ਦੀ ਸੇਵਾ ‘ਚ ਜੁਟੇ ਸਿਹਤ ਕਾਮਿਆਂ ਦੇ ਮੂੰਹ ਦੀ ਬੁਰਕੀ ਬਣਾ ਕੇ ਆਪੋ ਆਪਣੇ ਘਰਾਂ ਨੂੰ ਚਾਲੇ ਪਾ ਦਿੰਦੇ ਹਨ। ਨੌਜਵਾਨਾਂ ਵੱਲੋਂ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਹਰ ਰੋਜ਼ ਗਲਾਸਗੋ ਰਾਇਲ ਬੱਚਿਆਂ ਦੇ ਹਸਪਤਾਲ, ਗਾਰਟਨੈਵਲ ਜਨਰਲ ਹਸਪਤਾਲ ਵਿਖੇ ਪੀਜ਼ੇ ਪਹੁੰਚਾਏ ਜਾਂਦੇ ਹਨ। ਇਸ ਦੇ ਨਾਲ ਹੀ ਉਹਨਾ ਵੱਲੋਂ ਸਹਿਰ ਦੇ ਵੱਖ ਵੱਖ ਹਸਪਤਾਲਾਂ ਕੁਈਨ ਐਲਿਜ਼ਾਬੈਥ ਯੂਨੀਵਰਸਿਟੀ ਹਸਪਤਾਲ, ਰਾਇਲ ਇਨਫਰਮਰੀ, ਗਾਰਟਨੈਵਲ ਜਨਰਲ ਅਤੇ ਰਾਇਲ ਅਲੈਗਜੈਂਡਰੀਆ ਹਸਪਤਾਲ ਪੇਜ਼ਲੀ ਦੇ ਸਿਹਤ ਕਾਮਿਆਂ ਲਈ ਵੀ ਪੀਜ਼ੇ ਪਹੁੰਚਾਏ ਜਾ ਰਹੇ ਹਨ।
ਇਹਨਾਂ ਸੇਵਾਦਾਰ ਨੌਜਵਾਨਾਂ ਨੇ “ਪੰਜ ਦਰਿਆ” ਨਾਲ ਗੱਲਬਾਤ ਕਰਦਿਆਂ ਕਿਹਾ ਕਿ ਫਰੰਟਲਾਈਨ ਕਾਮੇ ਆਪਣੀ ਜਾਨ ਜ਼ੋਖ਼ਮ ਵਿੱਚ ਪਾ ਕੇ ਮਾਨਵਤਾ ਦੀ ਸੇਵਾ ਵਿੱਚ ਰੁੱਝੇ ਹੋਏ ਹਨ। ਸਾਡਾ ਫਰਜ਼ ਬਣਦਾ ਹੈ ਕਿ ਇਸ ਦੇਸ਼ ਦੇ ਜ਼ਿੰਮੇਵਾਰ ਨਾਗਰਿਕ ਹੋਣ ਦਾ ਸਬੂਤ ਦਿੰਦਿਆਂ, ਭਾਈ ਘਨਈਆ ਜੀ ਦੀ ਸਿੱਖਿਆ ‘ਤੇ ਚਲਦਿਆਂ ਕੋਰੋਨਾਵਾਇਰਸ ਖਿਲਾਫ਼ ਜੰਗ ਲੜ ਰਹੇ ਜੁਝਾਰੂ ਸਿਹਤ ਕਾਮਿਆਂ ਦੇ ਖਾਣ ਪੀਣ ਦੀ ਚਿੰਤਾ ਦੂਰ ਕਰੀਏ
ਦੇਸ਼ ਭਰ ਵਿੱਚ ਹੋ ਰਹੀ ਹੈ ਤਾਰੀਫ਼
ਸਕਾਟਲੈਂਡ ਦੇ ਇਹਨਾਂ ਨੌਜਵਾਨਾਂ ਦੇ ਕਾਰਜਾਂ ਦੀ ਦੇਸ਼ ਵਿਦੇਸ਼ ਵਿੱਚ ਚਰਚਾ ਹੋ ਰਹੀ ਹੈ। ਲੰਡਨ ਤੋਂ ਪ੍ਰਸਿੱਧ ਨਾਵਲਕਾਰ ਸ਼ਿਵਚਰਨ ਜੱਗੀ ਕੁੱਸਾ, ਉੱਘੀ ਸ਼ਾਇਰਾ ਕੁਲਵੰਤ ਢਿੱਲੋਂ, ਸਾਹਿਤਕਾਰ ਡਾ: ਤਾਰਾ ਸਿੰਘ ਆਲਮ, ਲੇਖਕ ਬਲਵਿੰਦਰ ਚਾਹਲ ਮਾਧੋਝੰਡਾ ਆਦਿ ਨੇ “ਪੰਜ ਦਰਿਆ” ਰਾਹੀਂ ਇਹਨਾਂ ਉੱਦਮੀ ਨੌਜਵਾਨਾਂ ਨੂੰ ਸਲਾਮ ਭੇਜੀ ਹੈ, ਜੋ ਮੋਰਚਿਆਂ ‘ਚ ਲੜ ਰਹੇ ਫੌਜੀਆਂ ਨੂੰ ਭੋਜਨ ਖੁਆਉਣ ਵਾਂਗ ਸਿਹਤ ਕਾਮਿਆਂ ਲਈ ਭੋਜਨ ਪਹੁੰਚਾ ਰਹੇ ਹਨ।