23.7 C
United Kingdom
Sunday, June 21, 2026

More

    ਤਲਵੰਡੀ ਆਕਲੀਆ ’ਚ ਤੰਦਰੁਸਤ ਪੰਜਾਬ ਮੁਹਿੰਮ ਦੇ ਹੱਥ ਸਰਕਾਰੀ ਠੂਠਾ

    ਦੂਸ਼ਤ ਪਾਣੀ ਪੀਣ ਲਈ ਮਜਬੂਰ ਪਿੰਡ  ਦੇ ਲੋਕ
    ਅਸ਼ੋਕ ਵਰਮਾ

    ਮਾਨਸਾ,29 ਅਗਸਤ। ਮਨੁੱਖੀ ਜਿੰਦਗੀ ਲਈ ਜੀਵਨ ਦਾ ਅਧਾਰ ਪਾਣੀ  ਮਾਨਸਾ ਜਿਲੇ ਦੇ ਪਿੰਡ ਤਲਵੰੰਡੀ ਆਕਲੀਆ ਦੇ ਲੋਕਾਂ ਦੀ ਜਾਨ ਦਾ ਖੌਅ ਬਣਿਆ ਹੋਇਆ ਹੈ। ਇਸ ਪਿੰਡ ਵਿਚਲੇ ਜਲ ਘਰ ਨੂੰ ਨਹਿਰੀ ਪਾਣੀ ਸਪਲਾਈ ਕਰਨ ਵਾਲੀਆਂ ਪਾਈਪਾਂ ਬੰਦ ਹੋ ਗਈਆਂ ਹਨ ਜਿੰਨਾਂ ਦਾ ਕੋਈ ਹੱਲ ਨਹੀਂ ਕੱਢਿਆ ਹੈ। ਹੁਣ ਪਿੰਡ ਬਚਾਓ ਮੰਚ ਨੇ ਮਾਮਲੇ ਨੂੰ ਲੈਕੇ ਸੰਘਰਸ਼ ਦੀ ਚਿਤਾਵਨੀ ਦਿੱਤੀ ਹੈ ।ਕਪਤਾਨੀ ਦਾਅਵਿਆਂ ਦੇ ਬਾਵਜੂਦ ਜਲ ਘਰ ਲੋਕਾਂ ਦੀਆਂ ਜਰੂਰਤਾਂ ਪੂਰੀਆਂ ਕਰਨ ‘ਚ ਫੇਲ ਸਾਬਤ ਹੋਇਆ ਹੈ। ਇਸ ਇਲਾਕੇ ਦੇ ਧਰਤੀ ਹੇਠਲੇ ਪਾਣੀ ’ਚ ਹਾਨੀਕਾਰਕ ਤੱਤਾਂ ਦੇ ਮਿਸ਼ਰਣ ਹੋਣ ਕਰਕੇ ਲੋਕਾਂ ਦੀ ਜਿੰਦਗੀ ਦਾਅ ਤੇ ਲੱਗੀ ਹੋਈ ਹੈ। ਪਿੰਡ ਵਾਸੀ ਆਖਦੇ ਹਨ ਕਿ ਲੰਘੀਆਂ ਵਿਧਾਨ ਸਭਾ ਚੋਣਾਂ ਦੌਰਾਨ ਪੀਣ ਵਾਲਾ ਸਾਫ ਸੁਥਰਾ ਪਾਣੀ ਮੁਹੱੲਂੀਆ ਕਰਵਾਉਣ ਦੇ ਜੋ ਵਾਅਦੇ ਕੀਤੇ ਸਨ  ਪੂਰੇ ਨਹੀਂ ਹੋਏ ਜਿਸ ਕਰਕੇ ਲੋਕ ਆਪਣੇ ਹੱਥੀਂ ਜਹਿਰ ਪੀ ਰਹੇ ਹਨ। ਮਹੱਤਵਪੂਰਨ ਤੱਥ ਹੈ ਕਿ ਜਲ ਸਪਲਾਈ ਵਿਭਾਗ ਨੇ ਮਸਲੇ ਦੇ ਹੱਲ ਤੋਂ ਪਿੱਠ ਕਰ ਲਈ ਹੈ।


                          ਸੂਤਰ ਦੱਸਦੇ ਹਨ ਕਿ ਮਸਲਾ ਵੱਡਾ ਨਹੀਂ ਹੈ ਸਿਰਫ ਮਹਿਕਮੇ ਦੀ ਬਾਂਹ ਮਰੋੜਨ ਵਾਲੀ ਨੀਤੀ ਨੇ ਮਸਲੇ ਨੂੰ ਉਲਝਾ ਰੱਖਿਆ ਹੈ । ਪਤਾ ਲੱਗਿਆ ਹੈ ਕਿ ਜਨ ਸਿਹਤ ਵਿਭਾਗ ਨੇ ਪਾਈਪਾਂ ਮੁਰੰਮਤ ਕਰਨ ਲਈ ਪੰਚਾਇਤ ਨੂੰ  ਜਲ ਘਰ ਸੰਭਾਲਣ ਦਾ ਮਤਾ ਪਾਉਣ ਲਈ ਆਖਿਆ ਸੀ ਜਿਸ ਬਾਰੇ ਪੰਚਾਇਤ ਨੇ ਅਸਿਹਮਤੀ ਜਤਾ ਦਿੱਤੀ। ਉਸ ਮਗਰੋਂ ਮਹਿਕਮੇ ਨੇ ਪਾਈਪਾਂ ਠੀਕ ਕਰਨ ਵਾਲੇ ਪਾਸਿਓਂ ਮੂੰਹ ਫੇਰ ਲਿਆ ਹੈ। ਸਰਕਾਰੀ ਸੂਤਰਾਂ ਨੇ ਦੱਸਿਆ ਕਿ ਸਰਕਾਰ ਦਾ ਨਿਯਮ ਹੈ ਕਿ ਜਦੋਂ ਤੱਕ ਪੰਚਾਇਤ ਜਲ ਘਰ ਦਾ ਪ੍ਰਬੰਧ ਆਪਣੇ ਹੱਥਾਂ ’ਚ ਨਹੀਂ ਲੈਂਦੀ ਹੈ ਤਾਂ ਉਦੋਂ ਤੱਕ ਮਹਿਕਮਾ ਕੋਈ ਕਾਰਵਾਈ ਨਹੀਂ ਕਰਦਾ ਹੈ। ਲੋਕ ਆਖਦੇ ਹਨ ਕਿ ਕਪਾਹ ਦੀ ਪੈਦਾਵਾਰ ਵਾਲੇ ਇਸ ਖੇਤਰ ਦੇ ਪਾਣੀ ‘ਚ ਭਾਰੇਪਾਣ ਅਤੇ ਖਾਰੇਪਣ ਦੀ ਮਾਤਰਾ ਵੱਧ ਹੈ । ਇਸੇ ਤਰਾਂ ਮੈਗਨੀਸ਼ੀਅਮ, ਕਲੋਰਾਈਡ ਅਤੇ ਹੱਡੀਆਂ ਤੇ ਬੁਰਾ ਪ੍ਰਭਾਵ ਪਾਉਣ ਵਾਲੇ ਫਲੋਰਾਈਡ ਸਮੇਤ ਹੋਰ ਵੀ ਕਈ ਤਰਾਂ ਦੇ ਖਤਰਨਾਕ ਤੱਤ ਤੈਅ ਮਾਪਦੰਡਾਂ ਤੋਂ ਕਾਫੀ ਜਿਆਦਾ ਹਨ।
                                     ਪਿੰਡ ਵਾਸੀ ਭੁਪਿੰਦਰ ਬਿੱਟੂ ਨੇ ਆਖਿਆ ਕਿ ਬੇਸ਼ੱਕ ਪੰਜਾਬ ਸਰਕਾਰ ਵੱਲੋਂ ‘ਤੰਦਰੁਸਤ ਪੰਜਾਬ’ ਮੁਹਿੰਮ ਚਲਾ ਕੇ ਲੋਕਾਂ ਨੂੰ ਚੰਗੀਆਂ ਸਿਹਤ ਸਹੂਲਤਾਂ ਅਤੇ ਪੀਣ ਵਾਲਾ ਸਾਫ ਪਾਣੀ ਮੁਹੱਈਆ ਕਰਵਾਉਣ ਦੇ ਅਨੇਕਾਂ ਦਾਅਵੇ ਕੀਤੇ ਜਾਂਦੇ ਹਨ ਪਰ ਇਨਾਂ ਦਾਅਵਿਆਂ ਦੀ ਪੋਲ ਵਾਟਰ ਵਰਕਸ ਨੂੰ ਪਾਣੀ ਸਪਲਾਈ ਕਰਨ ਵਾਲੀਆਂ ਪਾਈਪਾਂ ਖੋਲ ਰਹੀਆਂ ਹਨ। ਉਨਾਂ ਆਖਿਆ  ਕਿ ਉਹ ਤਾਂ ਪਹਿਲਾਂ ਹੀ ਸਿਹਤ ਸਮੱਸਿਆਵਾਂ ’ਚ ਘਿਰੇ ਹੋਏ ਹਨ ਉੱਪਰੋਂ ਪਾਣੀ ਰੂਪੀ ਨਵੀਂ ਮੁਸਂਬਤ ਆਣ ਖੜੀ ਹੋਈ ਹੈ। ਨੌਜਵਾਨ ਆਗੂ ਸਿਕੰਦਰ ਸਰਾਂ,ਜਗਮਨ ਅਤੇ ਤਰਸੇਮ ਸਿੰਘ ਨੇ ਦੱਸਿਆ ਕਿ ਉਹ ਸਾਫੇ ਸੁਥਰੇ ਪਾਣੀ ਦੀ ਪੂਰਤੀ ਦਾ ਦਰਦ ਹੰਢਾ ਰਹੇ ਹਨ ਪਰ ਉਨਾਂ ਦੇ ਦੁੱਖ ਸੁਨਣ ਵਾਲਾ ਕੋਈ ਨਹੀਂ ਹੈ। ਉਨਾਂ ਆਖਿਆ ਕਿ ਪਿੰਡ ਵਾਸੀਆਂ  ਨੂੰ ਸਿਵਾਏ ਦੇ ਲਾਰਿਆਂ ਦੇ ਕੁੱਝ ਵੀ ਹਾਸਲ ਨਹੀਂ ਹੋਇਆ ਹੈ। ਅਜਿਹੇ ਹਾਲਾਤਾਂ ਦਰਮਿਆਨ ਮਾੜੇ ਪਾਣੀ ਦਾ ਨਤੀਜਾ ਆਮ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ।
      ਮਹਿਕਮੇ ਨੂੰ ਪਤਾ ਹੋਣ ਦੇ ਬਾਵਜੂਦ ਕਾਰਵਾਈ ਨਹੀਂ
    ਪਿੰਡ ਬਚਾਓ ਮੰਚ ਦੇ ਅਹੁਦੇਦਾਰ ਗੁਰਵਿੰਦਰ ਸਿੰਘ ਅਤੇ ਗੁਲਾਬ ਸਿੰਘ ਦਾ ਕਹਿਣਾ ਸੀ ਕਿ  ਜਲ ਘਰ ਨੂੰ ਨੇੜਿਓਂ ਲੰਘਦੇ ਸੂਏ ’ਚੋਂ ਪਾਣੀ ਸਪਲਾਈ ਲਈ ਕਰੀਬ ਅੱਧਾ ਕਿਲੋਮੀਟਰ ਤੱਕ ਪਾਈਆਂ ਹੋਈਆਂ ਜ਼ਮੀਨਦੋਜ਼ ਪਾਈਪਾਂ ਪਿਛਲੇ ਲੰਬੇ ਸਮੇਂ ਤੋਂ ਬਿਲਕੁਲ ਬੰਦ ਪਈਆਂ ਹਨ ਜਿੰਨਾਂ ਬਾਰੇ ਮਹਿਕਮਾ ਜਾਣੂੰ ਹੈ ਪਰ ਕੋਈ ਕਾਰਵਾਈ ਨਹੀਂ ਕਰ ਰਿਹਾ ਹੈ।  ਉਨਾਂ ਦੱਸਿਆ ਕਿ ਪਾਈਪਾਂ ਬੰਦ ਹੋਣ ਕਾਰਨ ਨਹਿਰੀ ਪਾਣੀ ਜਲ ਘਰ ਦੀਆਂ ਟੈਂਕੀਆਂ ਤੱਕ ਹੀ ਨਹੀਂ ਆ ਰਿਹਾ ਤਾਂ ਟੂਟੀਆਂ ਰਾਹੀਂ ਹੁਣ ਧਰਤੀ ਹੇਠਲਾ ਪਾਣੀ ਸਪਲਾਈ ਕੀਤਾ ਜਾ ਰਿਹਾ ਹੈ ਜਿਸ ਕਰਕੇ ਲੋਕਾਂ ’ਚ ਬਿਮਾਰੀਆਂ ਫੈਲਣ ਦਾ ਡਰ ਬਣਿਆ ਹੋਇਆ ਹੈ। ਮੰਚ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਸਮੱਸਿਆ ਦਾ ਹੱਲ ਨਾਂ ਕੀਤਾ ਤਾਂ ਪਿੰਡ ਵਾਸੀ ਸੰਘਰਸ਼ ਵਿੱਢਣਗੇ ਜਿਸ ਦੇ ਸਿੱਟਿਆਂ ਪ੍ਰਤੀ ਸਰਕਾਰ ਜਿੰਮੇਵਾਰ ਹੋਵੇਗੀ।
     ਜਿੰਦਗੀ ਦੀ ਤਲਾਸ਼ ਕਿੱਥੋਂ:ਸਰਾਂ
    ਪਿੰਡ ਬਚਾਓ ਮੰਚ ਤਲਵੰਡੀ ਆਕਲੀਆ ਦੇ ਆਗੂ ਕੁਲਦੀਪ ਸਿੰਘ ਸਰਾਂ ਦਾ ਕਹਿਣਾ ਸੀ ਕਿ ਪਿੰਡ ਦੇ ਲੋਕ ਜਹਿਰੀਲੇ ਪਾਣੀ ਨਾਲ ਗੰਭੀਰ ਬੀਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ। ਉਨਾਂ ਕਿਹਾ ਕਿ ਇਸ ਇਲਾਕੇ ਦਾ ਧਰਤੀ ਹੇਠਲਾ ਪਾਣੀ ਇਨਸਾਨ ਤਾਂ ਕੀ ਜਾਨਵਰਾਂ ਦੇ ਪੀਣ ਲਾਇਕ ਵੀ ਨਹੀਂ ਹੈ। ਉਨਾਂ ਆਖਿਆ ਕਿ ਜਦੋਂ ਘਰ ਦੇ ਪਾਣੀ ਵਿੱਚ ਹੀ ਜਹਿਰ ਆ ਰਿਹਾ ਹੋਵੇ ਤਾਂ ਜ਼ਿੰਦਗੀ ਦੀ ਉਮੀਦ ਕਿੱਥੋਂ ਤਲਾਸ਼ ਕੀਤੀ ਜਾ ਸਕਦੀ ਹੈ । ਉਨਾਂ ਮੰਗ ਕੀਤੀ ਕਿ ਸਰਕਾਰ ਫੌਰੀ ਤੌਰ ਤੇ ਜਲ ਘਰ ਦੀਆਂ ਪਾਈਪਾਂ ਦਾ ਮਸਲਾ ਹੱਲ ਕਰੇ।
      ਮਤਾ ਨਾ ਪਾਉਣ ਕਰਕੇ ਮੁਰੰਮਤ ਰੁਕੀ:ਜੇਈ
    ਜਲ ਸਪਲਾਈ ਵਿਭਾਗ ਦੇ ਜੇਈ ਰੁਪਿੰਦਰ ਜਿੰਦਲ ਦਾ ਕਹਿਣਾ ਸੀ ਕਿ ਪੰਚਾਇਤ ਨੂੰ ਜਲ ਘਰ ਸੰਭਾਲਣ ਲਈ ਮਤਾ ਪਾਉਣ ਵਾਸਤੇ ਕਿਹਾ ਸੀ ਜੋ ਪਾਇਆ ਨਹੀਂ ਗਿਆ ਹੈ। ਉਨਾਂ ਆਖਿਆ ਕਿ ਇਸੇ ਕਾਰਨ ਹੀ ਪਾਈਪਾਂ ਦੀ ਮੁਰੰਮਤ ਦਾ ਅਸਟੀਮੇਟ ਨਹੀਂ ਬਣਾਇਆ ਗਿਆ ਹੈ। ਉਨਾਂ ਦੱਸਿਆ ਕਿ ਸਰਕਾਰ ਦੇ ਆਦੇਸ਼ਾਂ ਮੁਤਾਬਕ ਪੰਚਾਇਤ ਨੂੰ ਮਤਾ ਪਾਉਣਾ ਹੋਵੇਗਾ ਫਿਰ ਹੀ ਮੁਰੰਮਤ ਕਰਵਾਈ ਜਾ ਸਕੇਗੀ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!