ਸ਼ਹਿਬਾਜ਼ ਖ਼ਾਨ
ਕਿਥੋਂ ਤੱਕ ਹੈ ਜਾਣਾ ਸਾਨੂੰ ਖ਼ਬਰ ਨਹੀਂ,
ਰਸਤਾ ਨਵਾਂ ਪੁਰਾਣਾ ਸਾਨੂੰ ਖ਼ਬਰ ਨਹੀਂ।
ਚਿਹਰੇ ਉੱਤੇ ਚਿਹਰਾ ਲਾ ਕੇ ਬੈਠੇ ਨੇ,
ਕਿਸ ਨੇ ਧੋਖਾ ਖਾਣਾ ਸਾਨੂੰ ਖ਼ਬਰ ਨਹੀਂ।
ਕੋਸ਼ਿਸ਼ ਲੱਖ ਕਰੇਂਦੇ ਪਰ ਕੋਈ ਹੱਲ ਨਹੀਂ,
ਮੁਸ਼ਕਿਲ ਤਾਣਾ ਬਾਣਾ ਸਾਨੂੰ ਖ਼ਬਰ ਨਹੀਂ।
ਦਿਲ ਦੇ ਉੱਤੇ ਨਵੀਆਂ ਸੱਟਾਂ ਲਾਉਂਦੇ ਨੇ,
ਛਿੱਲਦੇ ਜ਼ਖ਼ਮ ਪੁਰਾਣਾ ਸਾਨੂੰ ਖ਼ਬਰ ਨਹੀਂ।
ਖ਼ਵਾਬਾਂ ਦਾ ਇੱਕ ਮਹਿਲ ਉਸਾਰੀ ਬੈਠੇ ਹਾਂ,
ਕਦ ਢੇਰੀ ਕਰ ਜਾਣਾ ਸਾਨੂੰ ਖ਼ਬਰ ਨਹੀਂ।
ਸੁਣਿਆ ਸਾਗਰ ਨੇ ਵੀ ਫ਼ਿਤਰਤ ਬਦਲੀ ਹੈ,
ਡੁੱਬਣਾ ਜਾਂ ਤਰ ਜਾਣਾ ਸਾਨੂੰ ਖ਼ਬਰ ਨਹੀਂ।
ਬੁੱਕਲ ਵਿੱਚ ਉਹ ਖ਼ੰਜਰ ਸਾਂਭੀ ਫਿਰਦਾ ਸੀ,
ਕਾਤਿਲ ਯਾਰ ਨਿਮਾਣਾ ਸਾਨੂੰ ਖ਼ਬਰ ਨਹੀਂ।