ਅਸ਼ੋਕ ਵਰਮਾ
ਬਠਿੰੰਡਾ, 24 ਅਗਸਤ । ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਕਰੋਨਾ ਦੀ ਆੜ ਹੇਠ ਕਿਸਾਨ ਮਾਰੂ ਖੇਤੀ ਆਰਡੀਨੈਂਸ ਮੜ ਰਹੀ ਕੇਂਦਰ ਦੀ ਮੋਦੀ ਹਕੂਮਤ ਖਿਲਾਫ ਕੱਲ 25 ਅਗਸਤ ਤੋਂ ਪੰਜਾਬ ਦੇ ਪਿੰਡਾਂ ਵਿਚ ਪਹੁੰਚਣ ਵਾਲੇ ਅਕਾਲੀ ਭਾਜਪਾ ਦੇ ਮੰਤਰੀਆਂ, ਸੰਸਦ ਮੈਂਬਰਾਂ ਅਤੇ ਵਿਧਾਇਕਾਂ ਨੂੰ ਪਿੰਡਾ ਵਿੱਚ ਵੜਨ ਤੋਂ ਰੋਕਣ ਲਈ ਸੂਬਾ ਕਮੇਟੀ ਦੇ ਫੈਸਲੇ ਅਨੁਸਾਰ ਜਿਲਾ ਬਠਿੰਡਾ ਦੇ 75 ਪਿੰਡਾਂ ਦੇ ਰਸਤਿਆਂ ਤੇ ਨਾਕੇ ਲਾ ਕੇ ਪਿੰਡਾਂ ਵਿੱਚ ਵੜਨ ਨਹੀਂ ਦਿੱਤਾ ਜਾਵੇਗਾ। ਜਿਲਾ ਕਾਰਜਕਾਰੀ ਪ੍ਰਧਾਨ ਰਾਜਵਿੰਦਰ ਸਿੰਘ ਰਾਜੂ ਨੇ ਪ੍ਰੈਸ ਨੂੰ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੇਂਦਰ ਸਰਕਾਰ ਦੇ ਨੁਮਾਇੰਦਿਆਂ ਲਈ ਪਿੰਡਾਂ ਵਿੱਚ ਕੋਈ ਦਾਖਲਾ ਨਹੀਂ ਦੇ ਲਿਖਤੀ ਬੈਨਰ ਮੁੱਖ ਰਸਤਿਆਂ ਤੇ ਲਟਕਾ ਕੇ ਜਨਤਕ ਨਾਕਾਬੰਦੀ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ ਅਤੇ ਇਨਾਂ ਤੋਂ ਬਿਨਾਂ ਹੋਰ ਵੋਟ ਪਾਰਟੀਆਂ ਵਾਲਿਆ ਤੋਂ ਤਿੱਖੇ ਸਵਾਲ ਪੁੱਛੇ ਜਾਣਗੇ ਕਿ ਕਿਸਾਨ ਮਾਰੂ ਆਰਡੀਨੈਂਸ ਤੇ ਉਹ ਚੁੱਪ ਕਿਉਂ ਹਨ ।
ਉਹਨਾਂ ਦੱਸਿਆ ਕਿ ਦੇ ਸੰਘਰਸ਼ ਦੀਆਂ ਮੁੱਖ ਮੰਗਾਂ ਹਨ ਤਿੰਨੇ ਖੇਤੀ ਆਰਡੀਨੈਂਸ ਅਤੇ ਬਿਜਲੀ ਸੋਧ ਬਿੱਲ 2020 ਰੱਦ ਕੀਤੇ ਜਾਣ, ਜਮੀਨਾਂ ਅਕਵਾਇਰ ਕਾਨੂੰਨ ਚ ਕਿਸਾਨ ਵਿਰੋਧੀ ਸੋਧਾਂ ਦੀ ਤਜਵੀਜ ਦਾ ਖਰੜਾ ਵਾਪਸ ਲਏ ਜਾਣ , ਡੀਜਲ-ਪੈਟ੍ਰੋਲ ਕਾਰੋਬਾਰ ਦਾ ਸਰਕਾਰੀ ਕਰਨ ਕਰਕੇ ਭਾਰੀ ਟੈਕਸ ਵਾਪਸ ਲੈਣ, ਜਮੀਨੀ ਹੱਦਬੰਦੀ ਕਨੂੰਨ ਨੂੰ ਸਖਤੀ ਨਾਲ ਲਾਗੂ ਕਰਕੇ ਫਾਲਤੂ ਜਮੀਨਾਂ ਬੇਜਮੀਨੇ -ਥੁੜ ਜਮੀਨੇ ਕਿਸਾਨਾਂ ਅਤੇ ਖੇਤ ਮਜਦੂਰਾਂ ਵਿੱਚ ਵੰਡੀਆਂ ਜਾਣ । ਕਿਸਾਨਾਂ ਮਜਦੂਰਾਂ ਸਿਰ ਖੜੇ ਸਾਰੇ ਕਰਜੇ ਖਤਮ ਕੀਤੇ ਜਾਣ , ਮੋਨਟੇਕ ਸਿੰਘ ਆਹਲੂਵਾਲੀਆ ਦੀ ਰਿਪੋਰਟ ਪੂਰੀ ਤਰਾਂ ਰੱਦ ਕੀਤੀ ਜਾਵੇ ਲੋਕਪੱਖੀ ਬੁੱਧੀਜੀਵੀ ਪੱਤਰਕਾਰ ਕਲਮਕਾਰਾਂਨੂੰ ਤੁਰੰਤ ਰਿਹਾਅ ਕੀਤਾ ਜਾਵੇ ਅਤੇ ਲੋਕਾਂ ਦੇ ਜਮਹੂਰੀ ਹੱਕਾਂ ਤੇ ਪਾਬੰਦੀਆਂ ਲਾਉਣੀਆਂ ਬੰਦ ਕੀਤੀਆਂ ਜਾਣ।
ਜਿਲਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਨੇ ਦੱਸਿਆ ਕਿ 25ਤਰੀਕ ਨੂੰ ਸੁਰੂ ਹੋ ਰਹੇ ਇੰਨਾ ਪ੍ਰੋਗਰਾਮਾਂ ਦੀ ਵਿਉਂਤਬੰਦੀ ਮੁਤਾਬਕ 26 ਤਰੀਕ ਨੂੰ ਮਾਵਾਂ-ਭੈਣਾਂ ਔਰਤਾਂ ਦੇ ਵੱਡੇ ਇਕੱਠ ਕੀਤੇ ਜਾਣੇ ਹਨ ਅਤੇ 27 ਤਰੀਕ ਨੂੰ ਸਮੁੱਚੇ ਪਿੰਡ ਦੇ ਨੌਜਵਾਨ ਵਿਦਿਆਰਥੀ ਅਗਵਾਈ ਕਰਨਗੇ । ਅਗਲੇ ਦਿਨ28ਅਗਸਤ ਨੂੰ ਸਮੁੱਚੇ ਹੋਰ ਕਾਰੋਬਾਰ ਕਰਨ ਵਾਲੇ ਅਤ ੇਖੇਤ ਮਜਦੂਰ ਵੱਡੀ ਗਿਣਤੀ ਸ਼ਾਮਲ ਕੀਤੇ ਜਾਣਗੇ ਅਤੇ ਅਖੀਰਲੇ ਦਿਨ 29 ਤਰੀਕ ਨੂੰ ਸਮੁੱਚੇ ਪਿੰਡ ਵੱਲੋਂ ਵੱਡਾ ਇਕੱਠ ਕਰਕੇ ਬੋਲੇ ਹਾਕਮਾਂ ਨੂੰ ਸੁਣਵਾਈ ਕੀਤੀ ਜਾਵੇਗੀ ਕਿ ਇਨਾਂ ਮੰਗਾਂ ਨੂੰ ਅਣਗੌਲਿਆਂ ਕੀਤਾ ਤਾਂ ਰਾਜ ਕਰਤਾ ਲੋਕ ਇਥੇ ਰੋਹ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ।