ਅਸ਼ੋਕ ਵਰਮਾ
ਬਠਿੰਡਾ,23 ਅਗਸਤ।ਪੰਜਾਬ ਖੇਤ ਮਜਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ ਨੇ ਉਨਾਂ ਫਾਈਨਾਸ਼ ਕੰਪਨੀਆਂ ’ਤੇ ਪਰਚੇ ਦਰਜ ਕਰਨ ਦੀ ਮੰਗ ਕੀਤੀ ਹੈ,ਜਿਹੜੀਆਂ ਨੇ ਸ਼ਨਾਖਤ ਕਰਨ ਦੇ ਨਾਂ ਤੇ ਔਰਤਾਂ ਕੋਲੋਂ ਧੋਖੇ ਨਾਲ ਕਰਜਾ ਦੇਣ ਵੇਲੇ ਉਨਾਂ ਤੋਂ ਪ੍ਰੋਨੋਟ ਤੇ ਬੈਂਕ ਚੈਕ ਲੈ ਰੱਖੇ ਹਨ ਅਤੇ ਉਨਾਂ ਉਪਰ ਕੇਸ ਦਰਜ ਕਰਵਾਉਣ ਦਾ ਚੱਕਰ ਚਲਾ ਰੱਖਿਆ ਹੈ । ਇਸਦੇ ਨਾਲ ਹੀ ਉਨਾਂ ਕਿਹਾ ਕਿ 31 ਅਗਸਤ ਤੱਕ ਕਿਸ਼ਤਾਂ ਦੀ ਉਗਰਾਹੀ ਕਰਨ ’ਤੇ ਰੀਜਰਵ ਬੈਂਕ ਵੱਲੋਂ ਲਾਈ ਰੋਕ ਦੇ ਬਾਵਜੂਦ ਕੰਪਨੀਆਂ ਸ਼ਰੇਆਮ ਕਿਸ਼ਤਾਂ ਦੀ ਉਗਰਾਹੀ ਕਰਨ ਲਈ ਘਰੇਲੂ ਸਮਾਨ ਜਬਤ ਕਰਨ ਤੇ ਕੇਸ ਦਰਜ ਕਰਵਾਉਣ ਦੀਆਂ ਧਮਕੀਆਂ ਦੇ ਰਹੀਆਂ ਹਨ । ਇਹ ਵਿਚਾਰਾਂ ਦਾ ਪ੍ਰਗਟਾਵਾ ਅੱਜ ਪਿੰਡ ਲਹਿਰਾ ਮੁਹੱਬਤ ਤੇ ਧੂਰਕੋਟ ਲਹਿਰਾ ਵਿੱਚ ਮਜਦੂਰਾਂ ਦੇ ਇਕੱਠਾਂ ਨੂੰ ਸਬੋਧਨ ਕਰਦੇ ਹੋਏ, ਪੰਜਾਬ ਖੇਤ ਮਜਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ ਨੇ ਕੀਤਾ । ਉਨਾਂ ਕਿਹਾ ਕਿ 25 ਅਗਸਤ ਨੂੰ ਜੱਥੇਬੰਦੀ ਵੱਲੋਂ ਬਠਿੰਡਾ ਵਿਖੇ ਮਨਪ੍ਰੀਤ ਸਿੰਘ ਬਾਦਲ ਦੀ ਰਿਹਾਇਸ ਅੱਗੇ ਔਰਤਾਂ ਦੇ ਫਾਇਨਾਸ ਕੰਪਨੀਆਂ ਤੋਂ ਲਏ ਕਰਜਿਆਂ ਸਮੇਤ ਸਾਰੇ ਕਰਜਿਆਂ ਨੂੰ ਮਾਫ ਕਰਵਾਉਣ, 10-10 ਮਰਲੇ ਦੇ ਪਲਾਟ ਲੈਣ,ਘਰੇਲੂ ਬਿਜਲੀ ਦੀ ਮਾਫੀ ਅਤੇ ਪੁਟੇ ਮੀਟਰ ਲਗਵਾਉਣ,ਕੱਟੇ ਨੀਲੇ ਕਾਰਡ ਚਾਲੂ ਕਰਵਾਉਣ ਅਤੇ ਜਮੀਨੀ ਸੁਧਾਰ ਕਾਨੂੰਨ ਲਾਗੂ ਕਰਵਾਉਣ ਰਾਹੀ ਫਾਲਤੂ ਨਿਕਲਦੀਆਂ ਜਮੀਨਾਂ ਦੀ ਵੰਡ ਖੇਤ ਮਜਦੂਰਾਂ ਤੇ ਕਿਸਾਨਾਂ ਵਿੱਚ ਕਰਵਾਉਣ ਆਦਿ ਮੰਗਾਂ ਦੀ ਪ੍ਰਾਪਤੀ ਲਈ ਧਰਨਾ ਲਾਇਆ ਜਾਵੇਗਾ । ਉਨਾਂ ਕਿਹਾ ਕਿ ਕੇਂਦਰ ਦੀ ਮੋਦੀ ਤੇ ਪੰਜਾਬ ਦੀ ਕੈਪਟਨ ਸਰਕਾਰ ਖੇਤ ਮਜਦੂਰਾਂ ਨਾਲ ਕੀਤੇ ਵਾਅਦਿਆਂ ਤੋਂ ਮੁਕਰਕੇ ਲੋਕਾਂ ਤੇ ਆਏ ਦਿਨ ਆਰਥਿਕ ਬੋਝ ਪਾ ਰਹੀਆਂ ਹਨ । ਸਰਕਾਰ ਵੱਲੋਂ ਮਜਦੂਰ ਵਿਰੋਧੀ ਤੇ ਕਾਰਪੋਰੇਟ ਘਰਾਣਿਆਂ ਨੂੰ ਹੋਰ ਵੀ ਲਾਭ ਦੇਣ ਲਈ ਲਾਗੂ ਕੀਤੀਆਂ ਜਾ ਰਹੀਆਂ ਨੀਤੀਆਂ ਨੇ ਮਜਦੂਰਾਂ ਦੀ ਜਿੰਦਗੀ ਨੂੰ ਨਰਕ ਬਣਾ ਦਿੱਤਾ ਹੈ । ਉਹ ਕਰਜਿਆਂ ਤੇ ਤੰਗੀਆਂ ਕਾਰਨ ਖੁਦਕਸ਼ੀਆਂ ਕਰਨ ਲਈ ਮਜਬੂਰ ਹਨ । ਉਨਾਂ ਕਿਹਾ ਕਿ ਜੇਕਰ ਸਰਕਾਰ ਨੇ ਮਜਦੂਰਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਉਸ ਨੂੰ ਮਜਦੂਰਾਂ ਦੇ ਤਿੱਖੇ ਰੋਹ ਦਾ ਸਾਹਮਣਾ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ । ਲਹਿਰਾ ਮੁਹੱਬਤ ਵਿੱਚ ਦੋ ਮਜਦੂਰ ਵਿਹੜਿਆਂ ਵਿੱਚ ਕਮੇਟੀਆਂ ਵੀ ਚੁਣੀਆਂ ਗਈਆਂ । ਇਨਾਂ ਕਮੇਟੀਆਂ ਵਿੱਚ ਜਸਪਾਲ ਕੌਰ,ਜਸਵੰਤ ਕੌਰ,ਸੁਖਜੀਤ ਕੌਰ,ਚਰਨਜੀਤ ਕੌਰ, ਅਮਨਦੀਪ ਕੌਰ,ਸੁਨੀਤਾ ਰਾਣੀ,ਬਲਜੀਤ ਕੌਰ,ਜਸਮੇਲ ਕੌਰ,ਕੁਲਵਿੰਦਰ ਕੌਰ,ਪਰਮਜੀਤ ਕੌਰ,ਜਸਵੀਰ ਕੌਰ ਤੇ ਮਨਦੀਪ ਕੌਰ ਸਮੇਤ ਸਮੇਤ ਨੌ ਮਰਦ ਮੈਬਰਾਂ ਦੀ ਚੋਣ ਕੀਤੀ ਗਈ । ਹਾਜਰ ਮੈਂਬਰਾਂ ਵੱਲੋਂ 25 ਦੇ ਧਰਨੇ ਵਿੱਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਗਿਆ ।