17 C
United Kingdom
Monday, June 22, 2026

More

    ਜੰਡਾਂਵਾਲ਼ੇ ਬਰੋਟੇ ਹੇਠ ਲੋਕ ਅਰਪਣ ਹੋਈ ਪੁਸਤਕ “ਇਸ਼ਕ ਬੰਦਗੀ ਹੈ”

    ਬਰਨਾਲਾ (ਪੰਜ ਦਰਿਆ ਬਿਊਰੋ)
    ਪੁਸਤਕਾਂ ਨੂੰ ਲੋਕ ਅਰਪਣ ਕਰਨ ਹਿੱਤ ਵੱਡੇ ਵੱਡੇ ਹੋਟਲਾਂ, ਪੈਲੇਸਾਂ ‘ਚ ਸਮਾਗਮ ਹੁੰਦੇ ਤਾਂ ਦੇਖੇ ਹੋਣਗੇ ਪਰ ਪੁਸਤਕ “ਇਸ਼ਕ ਬੰਦਗੀ ਹੈ” ਦਾ ਲੋਕ ਅਰਪਣ ਸਮਾਗਮ ਬਰੋਟੇ ਦੀ ਛਾਂ ਹੇਠ ਮੰਜਿਆਂ ‘ਤੇ ਬੈਠ ਕੇ ਹੋਇਆ। ਸਰਕਾਰੀ ਪ੍ਰਾਇਮਰੀ ਸਕੂਲ ਜੰਡਾਂਵਾਲ਼ਾ ਰੋਡ ਵਿਖੇ ਸਾਹਿਤ ਚਰਚਾ ਮੰਚ ਬਰਨਾਲਾ ਵੱਲੋਂ ਕਰਵਾਏ ਇਸ ਸਾਦੇ ਤੇ ਨਿਵੇਕਲੇ ਸਮਾਗਮ ਦੌਰਾਨ ਪੰਜਾਬੀ ਸ਼ਾਇਰ ਗੁਰਜੰਟ ਸਿੰਘ ਬਰਨਾਲਾ ਦੁਆਰਾ ਰਚਿਤ ਮਹਾਂ ਕਾਵਿ “ਇਸ਼ਕ ਬੰਦਗੀ ਹੈ” (ਕਿੱਸਾ ਹੀਰ ਰਾਂਝਾ) ਉੱਪਰ ਵਿਚਾਰ ਚਰਚਾ ਕੀਤੀ ਗਈ।

    ਇਸ ਸਮਾਗਮ ਦੀ ਪ੍ਰਧਾਨਗੀ ਸਾਬਕਾ ਪਾਰਲੀਮਾਨੀ ਸਕੱਤਰ ਸੰਤ ਬਲਬੀਰ ਸਿੰਘ ਘੁੰਨਸ ਨੇ ਕੀਤੀ। ਉਹਨਾਂ ਆਪਣੇ ਸੰਬੋਧਨ ਦੌਰਾਨ ਗੁਰਜੰਟ ਸਿੰਘ ਬਰਨਾਲਾ ਨੂੰ ਮਿਹਨਤ ਭਰੇ ਕਾਰਜ ਲਈ ਵਧਾਈ ਪੇਸ਼ ਕੀਤੀ। ਬੁਲਾਰਿਆਂ ਵਿੱਚੋਂ ਨਾਵਲਕਾਰ ਓਮ ਪ੍ਰਕਾਸ਼ ਗਾਸੋ, ਡਾ. ਜੋਗਿੰਦਰ ਸਿੰਘ ਨਿਰਾਲਾ, ਬੂਟਾ ਸਿੰਘ ਚੌਹਾਨ, ਡਾ. ਸੁਰਿੰਦਰ ਭੱਠਲ, ਤੇਜਾ ਸਿੰਘ ਤਿਲਕ, ਕਹਾਣੀਕਾਰ ਭੋਲਾ ਸਿੰਘ, ਜਗਸੀਰ ਸਿੰਘ ਸੰਧੂ ਆਦਿ ਵੱਲੋਂ ਗੁਰਜੰਟ ਸਿੰਘ ਬਰਨਾਲਾ ਦੀ ਲਿਖਣ ਸ਼ੈਲੀ ਦੀ ਰੱਜਵੀਂ ਤਾਰੀਫ਼ ਕਰਦਿਆਂ ਉਹਨਾਂ ਦੇ ਇਸ ਕਾਰਜ ਨੂੰ ਇਤਿਹਾਸਕ ਕਾਰਜ ਦੱਸਿਆ। ਸਮੁੱਚੇ ਸਮਾਗਮ ਦੌਰਾਨ ਮੰਚ ਸੰਚਾਲਕ ਦੇ ਫ਼ਰਜ਼ ਡਾ. ਭੁਪਿੰਦਰ ਸਿੰਘ ਬੇਦੀ ਤੇ ਮੇਜਰ ਸਿੰਘ ਸਹੌਰ ਨੇ ਬਾਖੂਬੀ ਨਿਭਾਏ। ਲੇਖਕ ਗੁਰਜੰਟ ਸਿੰਘ ਬਰਨਾਲਾ ਨੇ ਆਪਣੀ ਪੁਸਤਕ ਸੰਬੰਧੀ ਬੋਲਦਿਆਂ ਕਿਹਾ ਕਿ ਉਹਨਾਂ ਨੂੰ ਖੁਦ ਵੀ ਪਤਾ ਨਹੀਂ ਲੱਗਿਆ ਕਿ ਉਹ ਵੀਹ ਮਹੀਨੇ ਕਿਹੜੀ ਲਗਨ ਨਾਲ ਇਸ ਪੁਸਤਕ ਨੂੰ ਸੰਪੂਰਨਤਾ ਵੱਲ ਲਿਜਾਣ ਲਈ ਲੱਗੇ ਰਹੇ। ਉਹਨਾਂ ਇਸ ਵਿਲੱਖਣ ਤੇ ਸਾਦੇ ਸਮਾਗਮ ਦਾ ਆਯੋਜਨ ਕਰਨ ਅਤੇ ਸ਼ਾਮਿਲ ਹੋਣ ਲਈ ਆਏ ਸੱਜਣਾਂ ਦਾ ਹਾਰਦਿਕ ਧੰਨਵਾਦ ਕੀਤਾ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!