ਇਟਲੀ (ਕੈਂਥ)
?ਇੰਡੀਅਨ ਕਮਿਊਨਿਟੀ ਇਨ ਲਾਸੀਓ ਵੱਲੋਂ ਤੇਰਾਚੀਨਾ ਹਸਪਤਾਲ ਨੂੰ ਦਿੱਤੇ ਮਾਸਕ
?ਸਲੇਰਨੋ ਦੇ ਸਮਾਜ ਸੇਵਕਾਂ ਨੇ ਵੀ ਨਗਰ ਕੋਸਲ ਨੂੰ ਦਿੱਤੀ ਰਾਸ਼ਨ ਸਮੱਗਰੀ


ਇਸ ਗੱਲ ਵਿੱਚ ਕੋਈ ਦੋ ਰਾਵਾਂ ਨਹੀਂ ਕਿ ਦੁਨੀਆਂ ਭਰ ਵਿੱਚ ਪੰਜਾਬੀ ਸਦਾ ਹੀ ਲੋੜਵੰਦਾਂ ਦੀ ਸਹਾਇਤਾ ਕਰਨ ਲਈ ਮੋਹਰੀ ਰਹਿੰਦੇ ਹਨ ਤੇ ਹੁਣ ਜਦੋਂ ਕੋਰੋਨਾਵਾਇਰਸ ਨੇ ਪੂਰੀ ਦੁਨੀਆਂ ਨੂੰ ਆਪਣੇ ਕਹਿਰ ਨਾਲ ਤਬਾਹ ਕਰਨਾ ਸ਼ੁਰੂ ਕੀਤਾ ਹੋਇਆ ਹੈ ਤਾਂ ਅਜਿਹੇ ਬਹੁਤ ਲੋਕ ਦੇਸ਼-ਵਿਦੇਸ਼ ਹਨ ਜਿਹੜੇ ਕਿ ਸਰਕਾਰਾਂ ਵੱਲੋ ਐਲਾਨੇ ਲਾਕਡਾਊਨ ਕਾਰਨ ਆਪਣੇ ਲਈ ਦੋ ਵਕਤ ਦੀ ਰੋਟੀ ਵੀ ਨਹੀਂ ਕਮਾ ਸਕਦੇ ਇਹਨਾਂ ਲੋਕਾਂ ਦੀ ਪੰਜਾਬੀ ਭਾਈਚਾਰਾਂ ਦਿਲ ਖੋਲਕੇ ਮਦਦ ਕਰਨ ਲਈ ਅੱਗੇ ਆਇਆ ਹੈ।ਇਟਲੀ ਵਿੱਚ ਵੀ ਕੋਰੋਨਾਵਾਇਰਸ ਤਬਾਹੀ ਦੀਆਂ ਸਭ ਹੱਦਾਂ ਤੋੜਦਾ ਜਾ ਰਿਹਾ ਹੈ ਤੇ ਹੁਣ ਤੱਕ ਹਜ਼ਾਰਾਂ ਲੋਕਾਂ ਨੂੰ ਦਰਦਨਾਕ ਮੌਤ ਦੇ ਚੁੱਕਾ ਹੈ ।ਇਸ ਤਬਾਹੀ ਨਾਲ ਦੇਸ਼ ਦੀ ਆਰਥਿਕਤਾ ਵੱਡੇ ਪੱਧਰ ਤੇ ਡਮਮਗਾ ਰਹੀ ਹੈ ਤੇ ਇਟਲੀ ਦਾ ਪੰਜਾਬੀ ਭਾਈਚਾਰਾ,ਧਾਰਮਿਕ ਸੰਸਥਾਵਾਂ ਤੇ ਸਮਾਜ ਸੇਵੀ ਸੰਸਥਾਵਾਂ ਇਟਲੀ ਦੀ ਇਸ ਔਖੀ ਘੜ੍ਹੀ ਵਿੱਚ ਵੱਧ ਤੋਂ ਵੱਧ ਸਹਾਇਤਾ ਕਰਨ ਲਈ ਅੱਗੇ ਆ ਰਹੀਆਂ ਹਨ।ਇਸ ਸਲਾਘਾਂਯੋਗ ਕਾਰਜ ਵਿੱਚ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਮਿਸ਼ਨ ਉਪੱਰ ਡੱਟਵਾਂ ਪਹਿਰਾ ਦੇ ਰਹੀ ਸ਼੍ਰੀ ਗੁਰੂ ਰਵਿਦਾਸ ਪ੍ਰਚਾਰ ਸਭਾ ਕਰੇਮੋਨਾ ਵੱਲੋਂ ਸਥਾਨਕ ਰੈੱਡ ਕਰਾਸ ਅਤੇ ਹਸਪਤਾਲ ਨੂੰ 2110 ਯੂਰੋ ਦੀ ਸੇਵਾ ਕੀਤੀ ਗਈ।ਇਸ ਤਰ੍ਹਾਂ ਹੀ ਲਾਸੀਓ ਸੂਬੇ ਦੀ ਸਿਰਮੌਰ ਮਜ਼ਦੂਰ ਜੱਥੇਬੰਦੀ ਇੰਡੀਅਨ ਕਮਿਊਨਿਟੀ ਇਨ ਲਾਸੀਓ ਵੱਲੋਂ ਤੇਰਾਚੀਨਾ ਇਲਾਕੇ ਵਿੱਚ ਰਹਿੰਦੇ ਭਾਰਤੀ ਭਾਈਚਾਰੇ ਦੇ ਸਹਿਯੋਗ ਨਾਲ ਤੇਰਾਚੀਨਾ ਦੇ ਸਰਕਾਰੀ ਹਸਪਤਾਲ ਵਿੱਚ ਮਰੀਜ਼ਾਂ ਲਈ ਵੱਡੀ ਮਾਤਰਾ ਵਿੱਚ ਮਾਸਕ ਦਿੱਤੇ।ਇਸ ਸੰਬਧੀ ਗੁਰਮੁੱਖ ਵਿੱਚ ਹਜ਼ਾਰਾ ਪ੍ਰਧਾਨ ਇੰਡੀਅਨ ਕਮਿਊਨਿਟੀ ਲਾਸੀਓ ਨੇ ਦੱਸਿਆ ਕਿ ਉਹਨਾਂ ਦੀ ਸੰਸਥਾ ਸਦਾ ਹੀ ਮਨੁੱਖਤਾ ਦੇ ਭਲੇ ਲਈ ਕਾਰਜ ਕਰਦੀ ਹੈ ਤੇ ਇਸ ਸਮੇਂ ਜਦੋਂ ਇਟਲੀ ਉਪੱਰ ਮਾੜਾ ਸਮਾਂ ਚੱਲ ਰਿਹਾ ਹੈ ਅਸੀ ਸਮੁੱਚਾ ਭਾਰਤੀ ਭਾਈਚਾਰਾ ਇਟਾਲੀਅਨ ਲੋਕਾਂ ਦੀ ਸੇਵਾ ਵਿੱਚ ਹਾਜ਼ਰ ਹਾਂ।ਉਹਨਾਂ ਇਸ ਗੱਲ ਦਾ ਵੀ ਖੁਲਾਸਾ ਕੀਤਾ ਕਿ ਉਹਨਾਂ ਆਪਣੀ ਸੰਸਥਾ ਵੱਲੋਂ ਸਥਾਨਕ ਸਿਹਤ ਵਿਭਾਗ ਨੂੰ ਇਹ ਅਪੀਲ ਕੀਤੀ ਹੈ ਕਿ ਜੇਕਰ ਲਾਸੀਓ ਸੂਬੇ ਵਿੱਚ ਕਿਸੇ ਨੂੰ ਹਸਪਤਾਲ ਵਿੱਚ ਖੂਨ ਦੀ ਲੋੜ ਪੈਂਦੀ ਹੈ ਤਾਂ ਉਹਨਾਂ ਦੀ ਸੰਸਥਾ ਸੇਵਾ ਵਿੱਚ ਹੈ ਜਿਸ ਕਿਸੇ ਨੂੰ ਵੀ ਅਜਿਹੀ ਕਿਸੇ ਮਦਦ ਦੀ ਲੋੜ ਹੈ ਤਾਂ ਉਹਨਾਂ ਨੂੰ ਜ਼ਰੂਰ ਦੱਸਿਆ ਜਾਵੇ।ਕੋਰੋਨਾ ਸੰਕਟ ਦੌਰਾਨ ਉਹ ਭੱਵਿਖ ਵਿੱਚ ਹੋਰ ਵੀ ਇਟਾਲੀਅਨ ਕਮਿਊਨਿਟੀ ਦੀ ਸੰਸਥਾ ਵੱਲੋਂ ਮਦਦ ਕਰਨਗੇ।ਇਸ ਮੌਕੇ ਉਹਨਾਂ ਨਾਲ ਮੇਅਰ ਤੇਰਾਚੀਨਾ ਤੀਨਤਰੀ ,ਸ੍ਰੀਮਤੀ ਰੋਬੇਰਤਾ ਤੇ ਹਸਪਤਾਲ ਦੇ ਡਾਇਰੈਕਟਰ ਨੂਨਚੀਓ ਤੋਂ ਇਲਾਵਾ ਇੰਡੀਅਨ ਕਮਿਊਨਿਟੀ ਇਨ ਲਾਸੀਓ ਦੇ ਮੈਂਬਰ ਮੌਜੂਦ ਸਨ।ਇਸ ਤੋਂ ਇਲਾਵਾ ਜ਼ਿਲ੍ਹਾ ਸਲੇਰਨੋ ਦੇ ਸ਼ਹਿਰ ਕਪਾਚੋ ਸਥਿਤ ਗੁਰਦੁਆਰਾ ਸਾਹਿਬ ਸ਼੍ਰੀ ਗੁਰੂ ਰਵਿਦਾਸ ਸਭਾ ਦੇ ਪ੍ਰਧਾਨ ਤੇ ਉੱਘੇ ਸਮਾਜ ਸੇਵਕ ਵਿਜੈ ਕੁਮਾਰ ਰਾਜੂ ,ਗਿਆਨ ਚੰਦ ਮਾਹੀ,ਸਤਪਾਲ ਸਲੋਫਰਾ,ਤੇ ਸੁਰਜੀਤਪਾਲ ਆਦਿ ਸਮਾਜ ਸੇਵਕਾਂ ਨੇ ਆਪਣੇ ਵੱਲੋਂ ਨਿੱਜੀ ਤੌਰ ਤੇ ਨਗਰ ਕੌੰਸਲ ਕਪਾਚੋ ਨੂੰ ਰਾਸ਼ਨ ਸਮੱਗਰੀ ਦੀ ਸੇਵਾ ਕੀਤੀ।ਇਟਲੀ ਰਹਿਣ ਬਸੇਰਾ ਕਰਦਾ ਹੋਰ ਵੀ ਭਾਰਤੀ ਭਾਈਚਾਰਾ ਇਟਲੀ ਦੇ ਇਸ ਮੁਸੀਬਤ ਵਾਲੇ ਦੌਰ ਵਿੱਚ ਆਰਥਿਕ ਮਦਦ ਲਈ ਅੱਗੇ ਆ ਰਿਹਾ ਹੈ ਜੋ ਕਿ ਇੱਕ ਬਹੁਤ ਹੀ ਵਧੀਆ ਉਪਰਾਲਾ ਹੈ।