23.1 C
United Kingdom
Sunday, June 21, 2026

More

    ਅਕਸ ਤੇ ਨੈਣ ਨਕਸ਼

    ਇੰਦਰਜੀਤ ਚੁਗਾਵਾਂ
    ਮਨੁੱਖ ਦੀ ਇਹ ਸਹਿਜ ਪ੍ਰਵਿਰਤੀ ਹੈ ਕਿ ਉਹ ਆਪਣੇ ਆਪ ਨੂੰ ਦੂਸਰੇ ਨਾਲ ਜੋੜਕੇ ਦੇਖਦਾ ਹੈ । ਉਹ ਦੂਸਰੇ ‘ਚੋਂ ਆਪਣਾ ਆਪ ਦੇਖਦਾ ਹੈ। ਜਿਸ ਕਿਸੇ ‘ਚੋਂ ਵੀ ਉਸ ਨੂੰ ਆਪਾ ਲੱਭਦਾ ਹੈ, ਉਹ ਉਸ ਨੂੰ ਆਪਣਾ ਸਮਝਣ ਲੱਗ ਪੈਂਦਾ ਹੈ। ਉਸ ਸ਼ਖਸ ਨਾਲ ਆਪਣੀ ਸਾਂਝ ਨੂੰ ਲੰਮੇਰੀ ਕਰਨਾ ਲੋਚਦਾ ਹੈ ਜਾਂ ਉਸ ਦੇ ਵਿਹਾਰ ਨੂੰ ਆਪਣੇ ਭਾਈਚਾਰੇ ਦੇ ਵਿਹਾਰ ਨਾਲ ਤੋਲਦਾ ਹੈ।

    ਮਿਨੀਏਪਲਸ ਤੋਂ ਵਾਪਸੀ ਵੇਲੇ ਸਾਨੂੰ ਨੇਬਰਾਸਕਾ ਦੇ ਮੈਡੀਸਨ ਤੋਂ ਲੋਡ ਮਿਲਿਆ । ਰਾਤ 10 ਵਜੇ ਦੇ ਕਰੀਬ ਕੈਲੀਫੋਰਨੀਆ ਲਈ ਵਾਪਸੀ ਦਾ ਸਫਰ ਸ਼ੁਰੂ ਹੋਇਆ। ਲੰਮੇ ਸਫਰ ‘ਤੇ ਡ੍ਰਾਈਵਿੰਗ ਕਰਦੇ ਵਕਤ ਟਰੱਕ ਡਰਾਈਵਰ ਨੂੰ ਆਪਣੇ ਆਪ ਨੂੰ ਚੁਸਤ-ਦਰੁਸਤ ਰੱਖਣ ਵਾਸਤੇ ਕੋਈ ਨਾ ਕੋਈ ਰੁਝੇਵਾਂ ਚਾਹੀਦਾ ਹੁੰਦੈ। ਕੋਈ ਪੰਜਾਬ ‘ਚ ਆਪਣੇ ਦੋਸਤਾਂ-ਰਿਸ਼ਤੇਦਾਰਾਂ ਨੂੰ ਫ਼ੋਨ ਲਾ ਲੈਂਦਾ ਹੈ, ਕੋਈ ਵੀਡਿਓ ਲਾ ਕੇ ਗੀਤ ਜਾਂ ਕੁੱਝ ਹੋਰ ਸੁਣਨ ਲੱਗ ਜਾਂਦਾ ਹੈ। ਟਰੱਕ ਡਰਾਈਵਰ ਬਣਕੇ ਮੈਨੂੰ ਹੁਣ ਸਮਝ ਆਈ ਕਿ ਅਮਰੀਕਾ-ਕੈਨੇਡਾ ਤੋਂ ਏਨੀ ਲੰਮੀਆਂ ਫ਼ੋਨ ਕਾਲ ਕਿਉਂ ਹੁੰਦੀਆਂ ਹਨ।

    ਆਪਣੇ ਪਿਛਲੇ ਕਿਸਬ ਕਾਰਨ ਮੇਰੀ ਇਹ ਆਦਤ ਬਣ ਗਈ ਹੈ ਕਿ ਮੈਂ ਲੰਮੀ ਫ਼ੋਨ ਕਾਲ ਨਹੀਂ ਕਰ ਸਕਦਾ। ਖਬਰੀ-ਮੇਜ਼ ਬੇਵਜ੍ਹਾ ਗੱਲ-ਬਾਤ ਦੀ ਇਜਾਜ਼ਤ ਨਹੀਂ ਦਿੰਦਾ। ਇਸੇ ਆਦਤ ਕਾਰਨ ਆਪਣੇ ਆਪ ਨੂੰ ਸਰਗਰਮ ਰੱਖਣ ਲਈ ਮੈਂ ਪਾਕਿਸਤਾਨੀ ਟੀਵੀ ਸ਼ੋਅ ‘ਹਸਬ-ਇ-ਹਾਲ’ ਲਾ ਲੈਂਦਾ ਹਾਂ ਪਰ ਉਹ ਵੀ ਜ਼ਿਆਦਾ ਦੇਰ ਨਹੀਂ ਸੁਣ ਸਕਦਾ । ਉਸ ਤੋਂ ਬਾਅਦ ਮੈਂ ਮਨ ਹੀ ਮਨ ‘ਚ ਆਪਣੇ ਆਪ ਨਾਲ ਗੱਲਾਂ ਕਰਦਾ ਹਾਂ ਜਾਂ ਆਪਣਿਆਂ ਨਾਲ । ਇਸ ਵਾਪਸੀ ਵੇਲੇ ਗੱਲਾਂ ਦੀ ਵਾਰੀ ਵੱਡੀ ਬੇਟੀ ਨਿੰਕ ਦੀ ਸੀ ਜੋ ਮੇਰਾ ਭੋਲੇ-ਪਾਤਸ਼ਾਹ ਹੈ। ਇਹ ਮੌਕਾ ਮੇਲ ਹੀ ਸੀ ਕਿ ਮੈਨੂੰ ਉਹ ਸੱਚਮੁੱਚ ਹੀ ਆ ਮਿਲੀ ।

    ਆਈ-80 ਵੈਸਟ ‘ਤੇ ਨੇਬਰਾਸਕਾ ਦੇ ਸਿਡਨੀ ਸ਼ਹਿਰ ਕੋਲੋਂ ਲੰਘਦੇ ਵੇਲੇ ਸਵੇਰ ਦੇ 9 ਵੱਜ ਚੁੱਕੇ ਸਨ। ਰਸਤੇ ‘ਚ ਰੈੱਸਟ ਏਰੀਆ ਆਇਆ ਤਾਂ ਟਰੱਕ ਪਾਰਕ ਕਰਕੇ ਆਪਣੇ ਸਹਿਯੋਗੀ ਸਤਪਾਲ ਭਾਜੀ ਨੂੰ ਜਗਾਇਆ। ਉਹ ਉੱਠ ਕੇ ਚਾਹ ਬਣਾਉਣ ਲੱਗ ਪਏ ਤੇ ਮੈਂ ਰਫਾ-ਹਾਜਤ ਲਈ ਰੈੱਸਟ ਰੂਮ ਚਲੇ ਗਿਆ। ਵਾਪਸ ਬਾਹਰ ਨਿਕਲਿਆ ਤਾਂ ਪਾਰਕ ‘ਚ ਦੋ ਬੱਚਿਆਂ ਨਾਲ ਉਨ੍ਹਾਂ ਦੀ ਮਾਂ ਖੇਡ ਰਹੀ ਸੀ। ਮੈਨੂੰ ਬੱਚਿਆਂ ‘ਚੋਂ ਆਪਣੇ ਦੋਹਤੇ ਕਰਤਾਰ ਤੇ ਵਰਿਆਮ ਨਜ਼ਰ ਆਏ। ਕੁਦਰਤੀ ਸੀ ਕਿ ਉਨ੍ਹਾਂ ਦੀ ਮਾਂ ‘ਚੋਂ ਮੇਰੀ ਨਿੰਕ ਦੀ ਝਲਕ ਵੀ ਪੈਂਦੀ । ਮੈਂ ਆਪਣੇ ਪੈਰ ਰੋਕ ਨਾ ਸਕਿਆ ਤੇ ਉਨ੍ਹਾਂ ਨੇੜੇ ਚਲੇ ਗਿਆ। ਦੂਰੋਂ ਹੀ ਉਨ੍ਹਾਂ ਵੱਲ ਇਸ਼ਾਰਾ ਕਰਕੇ ਉਨ੍ਹਾਂ ਨਾਲ ਖੇਡਣ ਲੱਗਾ। ਉਨ੍ਹਾਂ ਦੀ ਮਾਂ, ਨਹੀਂ ਨਹੀਂ , ਮੇਰੀ ਨਿੰਕ ਏਨੀ ਖੁਸ਼ ਹੋਈ ਕਿ ਮੇਰੇ ਕੋਲ ਆ ਗਈ। ਇਹ ਦੋਵੇਂ ਬੱਚੇ ਜੌੜੇ ਪੈਦਾ ਹੋਏ ਹਨ। ਏਨੇ ਨੂੰ ਬੱਚਿਆਂ ਦਾ ਬਾਪ ਵੀ ਆ ਗਿਆ। ਦੋਵੇਂ ਮੀਆਂ-ਬੀਵੀ ਜੇਮੀ ਤੇ ਸੂਜਨ, ਮੋਹ ਨਾਲ ਪੂਰੀ ਤਰਾਂ ਲਬਰੇਜ਼ । ਕਲੋਰਾਡੋ ਸੂਬੇ ਦਾ ਇਹ ਜੋੜਾ ਮਸਤੀ ਮਾਰਨ ਲਈ ਨਿਕਲਿਆ ਹੋਇਆ ਸੀ। ਮੈਂ ਉਨ੍ਹਾਂ ਨੂੰ ਕਰਤਾਰ-ਵਰਿਆਮ ਬਾਰੇ ਦੱਸਿਆ ਤੇ ਉਨ੍ਹਾਂ ਦੀਆਂ ਤਸਵੀਰਾਂ ਦਿਖਾਈਆਂ । ਇਜਾਜ਼ਤ ਲੈ ਕੇ ਮੈਂ ਉਨ੍ਹਾਂ ਦੀਆਂ ਤਸਵੀਰਾਂ ਵੀ ਉਤਾਰ ਲਈਆਂ । ਏਨੇ ਨੂੰ ਸਤਪਾਲ ਭਾਜੀ ਨੇ ਇਸ਼ਾਰਾ ਕੀਤਾ ਕਿ ਚਾਹ ਤਿਆਰ ਐ।

    ਉਨ੍ਹਾਂ ਤੋਂ ਵਿਦਾ ਲੈਣੀ ਪੈਣੀ ਸੀ। ਮੈਂ ਉਨ੍ਹਾਂ ਨੂੰ ਦੁਆ ਦਿੰਦਿਆ ਕਿਹਾ,” ਮੈਨੂੰ ਇਜਾਜ਼ਤ ਦਿਓ ! ਤੁਹਾਡੀ ਜੋੜੀ ਸਲਾਮਤ ਰਹੇ ! ਇਨ੍ਹਾਂ ਬੱਚਿਆਂ ਦਾ ਖਿਆਲ ਰੱਖਿਓ, ਇਹ ਹੁਣ ਤੁਹਾਡੇ ਨਹੀਂ ਰਹੇ, ਮੇਰੇ ਹੋ ਗਏ ਹਨ!” ਉਹ ਏਨੇ ਜ਼ਿਆਦਾ ਖੁਸ਼ ਹੋਏ ਕਿ ਜੇਮੀ ਦਾ ਜੀ ਕਰੇ ਕਿ ਮੈਨੂੰ ਜੱਫੀ ‘ਚ ਘੁੱਟ ਲਵੇ। ਕਹਿਣ ਲੱਗਾ,” ਉਹ ਮੇਰਿਆ ਰੱਬਾ ! ਏਸ ਮਹਾਮਾਰੀ ਨੇ ਸਭ ਕੁੱਝ ਤਬਾਹ ਕਰਕੇ ਰੱਖ ਦਿੱਤੈ!”

    ਮੈਂ ਸਮਝ ਸਕਦਾ ਸੀ ਉਸ ਦੇ ਵਲਵਲੇ ਨੂੰ ! ਪਰ ਇਹ ਵਲਵਲਾ ਸ਼ਾਇਦ ਕਾਫ਼ੀ ਨਹੀਂ ਸੀ ! ਮੇਰੇ ਲਈ ਇੱਕ ਹੋਰ ਅਚੰਭਾ ਅਜੇ ਬਾਕੀ ਸੀ। ਉਹ ਸੀ ਸੂਜਨ ਦੇ ਲਫ਼ਜ਼ ! ਕਹਿਣ ਲੱਗੀ,” ਮੈਨੂੰ ਤੂੰ ਬਹੁਤ ਸੋਹਣਾ ਲੱਗਿਐਂ ! ਤੇਰੀਆਂ ਅੱਖਾਂ ਬਹੁਤ ਸੈਕਸੀ ਹਨ ! ਮੈਨੂੰ ਤਾਂ ਤੇਰੇ ਨਾਲ ਪਿਆਰ ਹੋ ਗਿਐ !” ਉਸ ਨੇ ਜੇਮੀ ਵੱਲ ਸ਼ਰਾਰਤੀ ਅੰਦਾਜ਼ ਨਾਲ ਦੇਖਿਆ , ਜਿਸ ਦਾ ਜੁਆਬ ਸੀ,”ਬਿਨਾ ਸ਼ੱਕ ! ਤੇਰੀ ਪਸੰਦ ਦੀ ਮੈਂ ਕਦਰ ਕਰਦਾਂ ! ”

    ਇਸ ਜੋੜੇ ਦਾ ਇਹ ਵਿਹਾਰ ਮੇਰੇ ਲਈ ਇੱਕ ਅਜੀਬ ਜਿਹਾ ਮਾਹੌਲ ਸਿਰਜ ਗਿਆ ! ਮੈਂ ਇੱਕਦਮ ਪੰਜਾਬ ਪਹੁੰਚ ਗਿਆ ! ਮੇਰੇ ਬਾਬਾ ਨਾਨਕ ਦੀ ਧਰਤੀ ਪੰਜਾਬ ! ਪੀਰਾਂ-ਫਕੀਰਾਂ ਦੀ ਧਰਤੀ ਪੰਜਾਬ ! ਮੇਰੀ ਜੰਮਣ ਭੋਇੰ ਪੰਜਾਬ !

    ਮੇਰੇ ਖ਼ਬਰੀ-ਮੇਜ਼ ‘ਤੇ ‘ਅਣਖ ਦੇ ਨਾਂਅ ‘ਤੇ ਕਤਲ’ ਕਰ ਦਿੱਤੀਆਂ ਖ਼ਬਰਾਂ ਦਾ ਹੜ੍ਹ ਸੀ ਜਿਨ੍ਹਾਂ ‘ਚੋ ਇੱਕ ਖ਼ਬਰ ਸੂਜਨ ਦੀ ਵੀ ਸੀ ! ਅਜਿਹਾ ਨਿਰਛੱਲ, ਬੇਬਾਕ ਤੇ ਸਾਫ਼-ਸਪੱਸ਼ਟ ਜਜ਼ਬਾਤ ਪ੍ਰਗਟਾਵਾ ਕਦੇ ਸੁਪਨੇ ‘ਚ ਵੀ ਨਹੀਂ ਸੋਚ ਸਕਦੇ ਅਸੀਂ ਤਾਂ ! ਕੋਈ ਕੁਆਰੀ ਕੰਜਕ ਅਜਿਹਾ ਕਰ ਬੈਠੇ ਤਾਂ ਪਹਿਲਾਂ ਤਾਂ ਉਸ ਦਾ ਅੰਦਰ ਵਾੜ ਕੇ ਛੱਲੀ-ਕੁਟਾਪਾ ਕਰਾਂਗੇ, ਫੇਰ ਸੰਬੰਧਤ ਮੁੰਡੇ ਦੇ ਖ਼ਾਤਮੇ ਦੀਆਂ ਵਿਓਂਤਾਂ ਘੜਾਂਗੇ ਤੇ ਆਪਣੇ ਘਰ ਪੈਦਾ ਹੋਈ ਬਲਾ ਦੇ ਜਲਦੀ ਤੋਂ ਜਲਦੀ ਹੱਥ ਪੀਲੇ ਕਰਕੇ ਉਸ ਨੂੰ ਨਰੜਨ ਦਾ ਜੁਗਾੜ ਕਰਾਂਗੇ ! ਵਿਆਹ ਤੋਂ ਬਾਅਦ ਅਜਿਹਾ ਵਿਹਾਰ ਤਾਂ ਕਿਸੇ ਵੀ ਕੀਮਤ ‘ਤੇ ਪ੍ਰਵਾਨ ਨਹੀਂ! ਕਿਸੇ ਤੀਵੀਂ ‘ਚ ਏਨੀ ਜੁਰਅਤ ਕਿ ਆਪਣੇ ‘ਪਤੀ-ਪਰਮੇਸ਼ਰ’ ਦੇ ਸਾਹਮਣੇ ਆਪਣੇ ਦਿਲ ਦੀ ਗੱਲ ਕਰ ਜਾਵੇ, ਸਿਰ ਨਾ ਲਾਹ ਦਵਾਂਗੇ !

    ਮੈਨੂੰ ਆਪਣੇ ਹੱਥ ਖ਼ੂਨ ਨਾਲ ਲੱਥ-ਪੱਥ ਨਜ਼ਰ ਆਏ। ਚੁਫੇਰੇ ਸੁੰਨ ਪਸਰੀ ਪਈ ਸੀ । ਕੋਈ ਹਾਅ ਦਾ ਨਾਅਰਾ ਨਹੀਂ ਸੁਣਾਈ ਦੇ ਰਿਹਾ ਸੀ ! ਸ਼ਾਇਦ ਬੇਸੁੱਧ ਹੋ ਜਾਂਦਾ ਜੇ ਸੂਜਨ ਦੇ ਇਹ ਲਫ਼ਜ਼ ਕੰਨੀਂ ਨਾ ਪੈਂਦੇ,”ਆਪਣਾ ਖਿਆਲ ਰੱਖੀਂ !” ਜੇਮੀ ਦੇ ਵੀ ਬੋਲ ਵੀ ਨਾਲ ਹੀ ਸਨ,” ਪੂਰੇ ਧਿਆਨ ਨਾਲ ਡਰਾਈਵ ਕਰਿਓ, ਸੁਰੱਖਿਅਤ ਘਰ ਪਹੁੰਚੋ !”

    ਮੈਂ ਉਨ੍ਹਾਂ ਵੱਲ ਹੱਥ ਹਿਲਾਉਂਦਾ ਆਪਣੇ ਟਰੱਕ ਵੱਲ ਹੋ ਤੁਰਿਆ । ਮੇਰੀਆਂ ਅੱਖਾਂ ‘ਚ ਬੱਦਲੀ ਘਿਰ ਆਈ ਸੀ । ਵਰ੍ਹਦਿਆਂ ਕੋਈ ਦੇਖ ਨਾ ਲਵੇ, ਨੀਵੀਂ ਪਾ ਸੰਭਲ਼ ਕੇ ਬੜੀ ਮੁਸ਼ਕਲ ਨਾਲ ਟਰੱਕ ‘ਚ ਜਾ ਵੜਿਆ !
    ਮਨ ਹੀ ਮਨ ‘ਚ ਮੇਰੇ ਹੱਥ ਉੱਪਰ ਵੱਲ ਉੱਠ ਗਏ !
    ਇਹ ਹੱਥ ਇਨ੍ਹਾਂ ਦੋ ਮਾਸੂਮਾਂ ਲਈ ਉੱਠੇ ਸਨ ਜਾਂ ਕਰਤਾਰ-ਵਰਿਆਮ ਲਈ, ਇਹ ਹੱਥ ਸੂਜਨ ਲਈ ਉੱਠੇ ਸਨ ਜਾਂ ਆਪਣੀ ਨਿੰਕ ਲਈ, ਇਹ ਹੱਥ ਸਿਰਫ ਆਪਣੀਆਂ ਧੀਆਂ ਵਾਸਤੇ ਉੱਠੇ ਸਨ ਜਾਂ ਸਮੁੱਚੇ ਪੰਜਾਬ ਦੀਆਂ ਧੀਆਂ ਵਾਸਤੇ ਜਾਂ ਇਹ ਹੱਥ ਬਾਬਾ ਨਾਨਕ ਤੋਂ ਮੁਆਫ਼ੀ ਲਈ ਉੱਠੇ ਸਨ, ਕੁੱਝ ਵੀ ਕਹਿ ਨਹੀਂ ਸਕਦਾ ਪਰ ਹੱਥ ਉੱਠੇ ਜ਼ਰੂਰ ਸਨ !

    ਆਓ ਯਾਰੋ, ਆਪਣੀਆਂ ਧੀਆਂ ਦੇ ਜਜ਼ਬਾਤਾਂ ਦੀ ਵੀ ਕਦਰ ਕਰਨਾ ਸਿੱਖੀਏ !
    ਜਜ਼ਬਾਤਾਂ ਦੇ ਇਨ੍ਹਾਂ ਸਿਵਿਆਂ ਦਾ ਸੇਕ ਹੁਣ ਹੋਰ ਬਰਦਾਸ਼ਤ ਨਹੀਂ ਹੁੰਦਾ !

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!