ਜਲੰਧਰ – (ਤੇਜਿੰਦਰ ਮਨਚੰਦਾ) ਵਿਸ਼ਵ ਪ੍ਰਸਿੱਧ ਸ਼ਾਇਰ ਜਨਾਬ ਰਾਹਤ ਇੰਦੌਰੀ ਸਾਹਿਬ ਦਿਲ ਦੀ ਧੜਕਣ ਰੁਕਣ ਨਾਲ ਅਪਣੇ ਚਹੇਤਿਆਂ ਨੂੰ ਸਦਾ ਲਈ ਅਲਵਿਦਾ ਆਖ ਗਏ. ਉਨ੍ਹਾਂ ਦੇ ਅਚਾਨਕ ਤੁਰ ਜਾਣ ਤੇ ਗਹਿਰਾ ਦੁੱਖ ਪ੍ਰਗਟ ਕਰਦਿਆਂ ਸਾਹਿਤ, ਕਲਾ ਅਤੇ ਸੱਭਿਆਚਾਰਕ (ਮੰਚ ਰਜਿ) ਦੇ ਪ੍ਰਧਾਨ ਅਤੇ ਪ੍ਰਸਿੱਧ ਸ਼ਾਇਰ ਰਾਜਿੰਦਰ ਪਰਦੇਸੀ ਨੇ ਕਿਹਾ ਕਿ ਰਾਹਤ ਇੰਦੌਰੀ ਸਾਹਿਬ ਉਰਦੂ ਜੁਬਾਨ ਦੇ ਉਸਤਾਦ ਸ਼ਾਇਰ ਸਨ. ਕਾਰੋਨਾ ਵਾਇਰਸ ਦੇ ਸ਼ੁਰੂਆਤੀ ਲੱਛਣ ਆਉਣ ਕਾਰਨ ਉਹ ਇੰਦੌਰ ਦੇ ਅਰਬਿੰਦੋ ਹਸਪਤਾਲ ਵਿਖੇ ਦਾਖਲ ਹੋਏ ਸਨ, ਜਿੱਥੇ ਦਿਲ ਦੀ ਧੜਕਣ ਰੁਕਣ ਕਾਰਨ ਉਹ ਸਰੀਰਕ ਤੌਰ ਤੇ ਹਮੇਸ਼ਾ ਲਈ ਜੁਦਾ ਹੋ ਗਏ ਪਰ ਉਨ੍ਹਾਂ ਦੇ ਚਰਚੇ ਸਾਹਤਿਕ ਸ਼ਫਾਂ ਵਿਚ ਤੇ ਰੌਸ਼ਨ ਖਿਆਲ ਲੋਕਾਂ ਵਿਚ ਹਮੇਸ਼ਾ ਹੁੰਦੇ ਰਹਿਣਗੇ. ਰਾਹਤ ਇੰਦੌਰੀ ਦਾ ਜਨਮ ਜਨਵਰੀ 1950 ਨੂੰ ਹੋਇਆ ਸੀ. 70 ਵਰ੍ਹਿਆਂ ਦੇ ਰਾਹਤ ਇੰਦੌਰੀ ਭਾਰਤ ਦੇ ਨਾਲ ਨਾਲ ਵਿਸ਼ਵ ਭਰ ਵਿਚ ਮਕਬੂਲ ਸਨ.ਉਹ ਸ਼ਿਅਰਾਂ ਵਿਚ ਬੜੀ ਬੇਬਾਕੀ ਨਾਲ ਅਪਣੀ ਗੱਲ ਰੱਖਦੇ ਸਨ. ਉਨ੍ਹਾਂ ਦੇ ਅਨੇਕਾਂ ਸ਼ਿਅਰ ਲੋਕਾਂ ਨੂੰ ਜ਼ੁਬਾਨੀ ਯਾਦ ਹਨ.
” ਹੌਸਲੇ ਜ਼ਿੰਦਗੀ ਕੇ ਦੇਖਤੇ ਹੈਂ
ਚਲੀਏ ਕੁਛ ਦੇਰ ਜੀਅ ਕੇ ਦੇਖਤੇ ਹੈਂ.
ਨੀਂਦ ਪਿਛਲੀ ਸਦੀ ਸੇ ਜ਼ਖ਼ਮੀ ਹੈ,
ਖ਼ਵਾਬ ਅਗਲੀ ਸਦੀ ਕੇ ਦੇਖਤੇ ਹੈਂ”.
ਸਾਹਿਤ, ਕਲਾ ਅਤੇ ਸੱਭਿਆਚਾਰਕ ਮੰਚ ਦੇ ਸੀਨੀਅਰ ਉਪ ਪ੍ਰਧਾਨ ਪ੍ਰੋ ਮੋਹਨ ਸਪਰਾ, ਜਨ ਸਕੱਤਰ ਡਾ.ਕੰਵਲ ਭੱਲਾ, ਸਕੱਤਰ ਜਗਦੀਸ਼ ਰਾਣਾ ਅਤੇ ਖਜਾਨਚੀ ਸ੍ਰੀਮਤੀ ਅਕਵੀਰ ਕੌਰ ਨੇ ਕਿਹਾ ਕਿ ਭਾਰਤ ਭਰ ਵਿਚ ਅਨੇਕਾਂ ਨਵੇਂ ਸ਼ਾਇਰ ਰਾਹਤ ਇੰਦੌਰੀ ਸਾਹਿਬ ਦੀ ਸ਼ਾਇਰੀ ਤੋਂ ਪ੍ਰਭਾਵਿਤ ਹੋ ਕੇ ਲਿਖਦੇ ਰਹੇ ਹਨ. ਉਨ੍ਹਾਂ ਦੀ ਸ਼ਾਇਰੀ ਹਮੇਸ਼ਾ ਲੋਕ ਦਿਲਾਂ ਵਿਚ ਵੱਸਦੀ ਰਹੇਗੀ.
ਸਭੀ ਕਾ ਖੂਨ ਸ਼ਾਮਿਲ ਹੈ ਯਹਾਂ ਕੀ ਮਿੱਟੀ ਮੇੰ,
ਕਿਸੀ ਕੇ ਬਾਪ ਕਾ ਹਿੰਦੁਸਤਾਨ ਥੋੜ੍ਹੀ ਹੈ.
ਜਸਪਾਲ ਜੀਰਵੀ,ਸੰਧੂ ਵਰਿਆਣਵੀ,
ਮੱਖਣ ਮਾਨ, ਆਸ਼ੀ ਈਸਪੁਰੀ, ਸੁਜਾਨ ਸਿੰਘ ਸੁਜਾਨ, ਸੁਰਿੰਦਰ ਮਕਸੂਦਪੁਰੀ, ਦੀਪਿਕਾ ਅਰੋੜਾ, ਗੁਲਸ਼ਨ ਸ਼ਰਮਾ, ਸੰਗਤ ਰਾਮ, ਸੁਰਿੰਦਰ ਢੰਡਾ, ਨੱਕਾਸ਼ ਚਿੱਤੇਵਾਣੀ, ਨਕਸ਼ ਵਰਿਆਣਵੀ, ਮਨਵਿੰਦਰ ਸੰਧੂ, ਮਨਜੀਤ ਕੌਰ, ਸੁਮਨਦੀਪ, ਜਿੰਗਾ ਸਿੰਘ, ਤਜਿੰਦਰ ਮਨਚੰਦਾ, ਪਰਮਦਾਸ ਹੀਰ ਆਦਿ ਸ਼ਾਇਰਾਂ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਰਾਹਤ ਇੰਦੌਰੀ ਸਾਹਿਬ ਸਾਹਿਤਕ ਮਹਫਿਲਾਂ ਦੀ ਸ਼ਾਨ ਸਨ. ਉਨ੍ਹਾਂ ਦਾ ਸ਼ਿਅਰ ਕਹਿਣ ਦਾ ਢੰਗ ਸਭ ਤੋਂ ਨਿਰਾਲਾ ਸੀ. ਬਹੁਤ ਸਾਰੀਆਂ ਹਿੰਦੀ ਫਿਲਮਾਂ ਲਈ ਗੀਤ ਲਿਖਣ ਵਾਲੇ ਰਾਹਤ ਇੰਦੌਰੀ ਸਾਹਿਬ ਨੇ ਅਪਣੀ ਮੌਤ ਬਾਰੇ ਪਹਿਲਾਂ ਹੀ ਕਿਹਾ ਸੀ.
ਦੋ ਗਜ਼ ਹੀ ਸਹੀ, ਯੇ ਮੇਰੀ ਮਿਲਕੀਅਤ ਤੋ ਹੈ,
ਏ ਮੌਤ ਤੂਨੇ ਮੁਝਕੋ ਜ਼ਮੀੰਦਾਰ ਕਰ ਦੀਆ.
ਮੈੰ ਮਰ ਜਾਊਂ ਤੋ ਮੇਰੀ ਅਲਗ ਪਹਿਚਾਨ ਲਿਖ ਦੇਨਾ.
ਲਹੂ ਸੇ ਮੇਰੀ ਪੈਸ਼ਾਨੀ ਪੇ,ਹਿੰਦੁਸਤਾਨ ਲਿਖ ਦੇਨਾ