ਪੀ.ਐਸ.ਐਮ.ਐਸ.ਯੂ ਦੀ ਸਰਬਸੰਮਤੀ ਨਾਲ ਹੋਈ ਚੋਣ ਵਿਚ ਮੁਹੰਮਦ ਸ਼ਰੀਫ ਪੀ.ਐੱਸ.ਐੱਮ.ਐੱਸ.ਯੂ. ਦੇ ਪ੍ਰਧਾਨ ਅਤੇ ਮਨਪ੍ਰੀਤ ਸਿੰਘ ਜਨਰਲ ਸਕੱਤਰ ਚੁਣੇ ਗਏ
ਮਲੇਰਕੋਟਲਾ, 11 ਅਗਸਤ (ਥਿੰਦ-ਜੌੜਾ)
ਐਸ.ਡੀ.ਐੱਮ. ਦਫ਼ਤਰ ਮਲੇਰਕੋਟਲਾ ਵਿਖੇ ਪੀ.ਐੱਸ.ਐੱਮ.ਐੱਸ.ਯੂ. ਦੇ ਜਿਲਾ ਪ੍ਰਧਾਨ ਵਾਸਵੀਰ ਸਿੰਘ ਭੁੱਲਰ, ਜਿਲਾ ਜਨਰਲ ਸਕੱਤਰ ਰਾਜਵੀਰ ਬੁਡਰੁੱਖਾਂ ਦੀ ਅਗਵਾਈ ਵਿੱਚ ਤਹਿਸੀਲ ਮਲੇਰਕੋਟਲਾ ਦੇ ਸਮੂਹ ਵਿਭਾਗਾਂ ਦੇ ਮਨਿਸਟੀਰੀਅਲ ਮੁਲਾਜਮਾਂ ਵੱਲੋਂ ਇਕੱਤਰਤਾ ਕਰਕੇ ਪੰਜਾਬ ਸਰਕਾਰ ਵੱਲੋਂ ਨਿੱਤ ਦਿਨ ਲਾਗੂ ਕੀਤੇ ਜਾ ਰਹੇ ਮੁਲਾਜਮ ਵਿਰੋਧੀ ਫ਼ੈਸਲਿਆਂ ਦੀ ਨਿੰਦਾ ਕੀਤੀ ਗਈ । ਰੋਸ ਮੁਜ਼ਾਹਰੇ ਨੂੰ ਸੰਬੋਧਨ ਕਰਦਿਆਂ ਸ੍ਰੀ ਵਾਸਵੀਰ ਸਿੰਘ ਨੇ ਕਿਹਾ ਕਿ ਮੁਲਾਜ਼ਮਾਂ ਦੀਆਂ ਡੀ.ਏ. ਦੀਆਂ ਕਿਸ਼ਤਾਂ ਦਾ ਬਕਾਇਆ ਜਾਰੀ ਕਰਨ, ਪੇਅ ਕਮਿਸ਼ਨ ਦੀ ਰਿਪੋਰਟ ਲਾਗੂ ਕਰਨ, 2004 ਤੋਂ ਬਾਅਦ ਭਰਤੀ ਹੋਏ ਮੁਲਾਜਮਾਂ ਲਈ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨਾ, ਕੱਚੇ ਕਾਮਿਆਂ ਨੂੰ ਪੱਕਾ ਕਰਨਾ, ਮੋਬਾਇਲ ਭੱਤੇ ਵਿੱਚ ਕੀਤੀ ਗਈ ਕਟੌਤੀ ਵਾਪਿਸ ਲੈਣੀ, 200 ਪ੍ਰਤੀ ਮਹੀਨਾ ਲਗਾਇਆ ਗਿਆ ਜਜੀਆ ਟੈਕਸ ਵਾਪਿਸ ਲੈਣਾ ਆਦਿ ਮੁੱਖ ਮੰਗਾਂ ਦੀ ਪ੍ਰਾਪਤੀ ਲਈ ਸਮੂਹ ਪੰਜਾਬ ਦੇ ਮੁਲਾਜਮ ਅਤੇ ਪੈਨਸ਼ਨਰ 4 ਅਗਸਤ ਤੋਂ ਲਗਾਤਾਰ ਹੜਤਾਲਾਂ ਅਤੇ ਰੋਸ ਪ੍ਰਦਸ਼ਨ ਕਰ ਰਹੇ ਹਨ।
ਇਸ ਦੇ ਚੱਲਦਿਆਂ ਪੀ.ਐੱਸ.ਐੱਮ.ਐਸ. ਯੂ. ਪੰਜਾਬ ਦੇ ਫ਼ੈਸਲੇ ਅਨੁਸਾਰ ਮਨਿਸਟੀਰਅਲ ਮੁਲਾਜਮ 5 ਅਗਸਤ ਤੋਂ 14 ਅਗਸਤ ਤੱਕ ਕਲਮ ਛੋੜ ਹੜ੍ਹਤਾਲ ਕਰਨਗੇ ਅਤੇ ਅਗਰ ਇਸ ਸਮੇਂ ਦੌਰਾਨ ਸਰਕਾਰ ਵੱਲੋਂ ਮੁਲਾਜਮ ਮੰਗਾਂ ਦਾ ਨਿਪਟਾਰਾ ਨਾ ਕੀਤਾ ਗਿਆ ਤਾਂ 18 ਅਗਸਤ ਨੂੰ ਮੁਲਾਜਮ ਦਫ਼ਤਰਾਂ ਦਾ ਬਾਈਕਾਟ ਕਰਕੇ ਸੰਘਰਸ਼ ਨੁੰ ਹੋਰ ਤਿੱਖਾ ਕਰਨ ਲਈ ਮਜਬੂਰ ਹੋਣਗੇ। ਸਮੂਹ ਆਗੂਆਂ ਵੱਲੋਂ ਆਪਣੇ ਸੰਬੋਧਨ ਦੌਰਾਨ ਸਰਕਾਰ ਨੂੰ ਲੰਮੇ ਹੱਥੀਂ ਲੈਂਦਿਆਂ ਮੁਲਾਜਮਾਂ ਦੀਆਂ ਮੰਗਾਂ ਤੁਰੰਤ ਮੰਨਣ ਲਈ ਕਿਹਾ ਗਿਆ ਅਤੇ ਅਜਿਹਾ ਨਾ ਕਰਨ ਦੀ ਸੂਰਤ ਵਿੱਚ ਇਸ ਦੇ ਨਤੀਜੇ ਭੁਗਤਣ ਲਈ ਤਿਆਰ ਰਹਿਣ ਲਈ ਚਿਤਾਵਨੀ ਦਿੱਤੀ ਗਈ। ਇਸ ਮੌਕੇ ਸੀ.ਪੀ.ਐਫ. ਯੂਨੀਅਨ ਜ਼ਿਲ੍ਹਾ ਸੰਗਰੂਰ ਅਤੇ ਦਾ ਰੈਵੇਨਿਊ ਪਟਵਾਰ ਯੂਨੀਅਨ ਦੇ ਪ੍ਰਧਾਨ ਸ੍ਰੀ ਦੀਦਾਰ ਸਿੰਘ ਛੋਕਰਾਂ ਨੇ ਵੀ ਇਸ ਸੰਘਰਸ਼ ਨੂੰ ਆਪਣਾ ਸਮਰਥਨ ਦੇਣ ਦਾ ਐਲਾਨ ਕੀਤਾ। ਇਸ ਰੋਸ ਪ੍ਰਦਰਸ਼ਨ ਤੋਂ ਬਾਅਦ ਤਹਿਸੀਲ ਮਲੇਰਕੋਟਲਾ ਦੀ ਚੋਣ ਸਰਬਸੰਮਤੀ ਨਾਲ ਕੀਤੀ ਗਈ ਜਿਸ ਵਿੱਚ ਸ੍ਰੀ ਅੰਮਿ੍ਰਤਪਾਲ ਸਿੰਘ ਪੰਨੂ, ਸੀਨੀਅਰ ਸਹਾਇਕ ਨੂੰ ਚੇਅਰਮੈਨ, ਸ੍ਰੀਜਸਬੀਰ ਸਿੰਘ, ਸੁਪਰਡੰਟ, ਐਸ.ਡੀ. ਐਮ. ਦਫਤਰ, ਮਾਲੇਰਕੋਟਲਾ ਨੂੰ ਮੁੱਖ ਸਲਾਹਕਾਰ, ਮੁਹੰਮਦ ਸ਼ਰੀਫ (ਪੀ.ਡਬਲਿਊ.ਡੀ.), ਪ੍ਰਧਾਨ, ਦਲਵੀਰ ਸਿੰਘ, ਸੀਨੀਅਰ ਮੀਤ ਪ੍ਰਧਾਨ, ਮਨਪ੍ਰੀਤ ਸਿੰਘ (ਐਸ.ਡੀ.ਐਮ.ਦਫ਼ਤਰ) ਜਨਰਲ ਸਕੱਤਰ, ਸੰਦੀਪ ਕੌਰ ਸੋਹੀ, ਐਕਸਾਈਜ ਵਿਭਾਗ ਵਿੱਤ ਸਕੱਤਰ, ਹਿਤੇਸ਼ ਕੁਮਾਰ ਸਹਾਇਕ ਖ਼ਜਾਨਚੀ, ਕਮਲਵੀਰ ਸਿੰਘ ਸੰਧੂ ਪਬਲਿਕ ਹੈਲਥ ਪ੍ਰੈੱਸ ਸਕੱਤਰ, ਚੁਣਿਆ ਗਿਆ. ਇਸ ਰੋਸ ਮੁਾਜਹਰੇ ਦੌਰਾਨ ਸੀ.ਪੀ.ਐੱਫ ਕਰਮਚਾਰੀ ਯੂਨੀਅਨ ਅਤੇ ਦਾ ਰੈਵਿਨਿਊ ਪਟਵਾਰ ਯੂਨੀਅਨ ਦੇ ਜਿਲਾ ਪ੍ਰਧਾਨ ਦੀਦਾਰ ਸਿੰਘ ਛੋਕਰਾ, ਪ੍ਰਵੀਨ ਕੁਮਾਰ ਪਬਲਿਕ ਹੈਲਥ ਵਿਭਾਗ, ਵਿੱਕੀਵਰਮਾ, ਮਨਜੀਤ ਸਿੰਘ, ਚਮਕੌਰ ਸਿੰਘ, ਕ੍ਰਿਸ਼ਨ ਕੁਮਾਰ, ਰਾਕੇਸ਼ ਸ਼ਰਮਾ ਆਦਿ ਮੁਲਾਜਮ ਆਗੂ ਹਾਜਿਰ ਰਹੇ।