ਜਦ ਵੀ ਅਸੀਂ ਕਿਤੇ ਪੰਜਾਬੀ ਸੱਭਿਆਚਾਰ ਦਾ ਵਾਰਤਾਲਾਪ ਛੇੜਦੇ ਹਾਂ ਤਾਂ ਸਾਡਾ ਮਾਣਮੱਤਾ ਪੇਂਡੂ ਸੱਭਿਆਚਾਰ ਸਾਡੇ ਮੂਹਰੇ ਚੱਟਾਨ ਵਾਂਗ ਆ ਖੜ੍ਹਦਾ ਹੈ ਤੇ ਫਿਰ ਉਸ ਤੋਂ ਪਾਸਾ ਵੱਟ ਕੇ ਅੱਗੇ ਲੰਘਣਾ ਸੌਖਾ ਕੰਮ ਨਹੀਂ। ਦਰਅਸਲ ਪੰਜਾਬੀ ਸੱਭਿਆਚਾਰ ਦਾ ਜਨਮ-ਦਾਤਾ ਹੀ ਸਾਡਾ ਪੇਂਡੂ ਸੱਭਿਆਚਾਰ ਤੇ ਸਮਾਜਿਕ ਰਸਮੋ-ਰਿਵਾਜ ਤੇ ਪੁਰਾਤਨ ਰੀਤਾਂ ਹਨ। ਸਮਾਜਿਕ ਮਨੋਰੰਜਨ ਕਰਨ ਲਈ ਸਾਡੇ ਪੰਜਾਬੀ ਸੱਭਿਆਚਾਰ ਕੋਲ ਅਮੁੱਕ ਤੇ ਲਾ-ਜਵਾਬ ਪੇਸ਼ਕਾਰੀ ਵਾਲਾ ਇਕ ਵਿਸ਼ਾਲ ਖ਼ਜ਼ਾਨਾ ਮੌਜੂਦ ਹੈ।
ਮੁਟਿਆਰਾਂ ਦਾ ਗਿੱਧਾ, ਬੋਲੀਆਂ, ਢੋਲ ਦੀ ਤਾਲ ਤੇ ਭੰਗੜਾ ਪਾਉਣਾ, ਡਰਾਮੇ, ਨਾਟਕ ਖੇਡਣੇ, ਨਕਲਾਂ ਤੇ ਕਾਮੇਡੀ ਕਰਨ ਦੇ ਨਾਲ-ਨਾਲ ਪੰਜਾਬੀ ਸੱਭਿਆਚਾਰ ਦਾ ਪਹਿਲਾ ਮਜ਼ਬੂਤ ਥੰਮ੍ਹ ਪੰਜਾਬੀ ਗੀਤਕਾਰੀ, ਲੋਕ ਕਥਾਵਾਂ, ਕਲੀਆਂ, ਲੋਕ-ਤੱਥ ਤੇ ਗਾਇਕੀ ਪੰਜਾਬ ਦੇ ਸੱਭਿਆਚਾਰ ਵਿਚ ਇਕ ਵਿਲੱਖਣ ਸਥਾਨ ਰੱਖਦੀ ਹੈ, ਜਿਸਨੂੰ ਸਮੇਂ-ਸਮੇਂ ਅਨੁਸਾਰ ਗਾਇਕਾਂ ਤੇ ਲੇਖਕਾਂ ਨੇ ਨਿਰੰਤਰ ਤੋਰੀ ਰੱਖਿਆ ਹੈ।
ਜਿਨ੍ਹਾਂ ਲੇਖਕਾਂ ਤੇ ਗਾਇਕਾਂ ਕੋਲ ਗੀਤ-ਸੰਗੀਤ ਦਾ ਗੂੜ੍ਹ-ਗਿਆਨ, ਦੂਰ-ਅੰਦੇਸ਼ੀ ਸੋਚ ਤੇ ਸਮਾਜਿਕ ਕਦਰਾਂ-ਕੀਮਤਾਂ ਦੇ ਸਤਿਕਾਰ ਦੀ ਸੂਝ-ਬੂਝ ਹੁੰਦੀ ਹੈ, ਉਹ ਆਪਣੀਆਂ ਲਿਖਤਾਂ ਤੇ ਗੀਤਾਂ ਰਾਹੀਂ ਸਮਾਜ ਅਤੇ ਨਵੀਂ ਪਨੀਰੀ ਨੂੰ ਬੜਾ ਕੁਝ ਅਰਪਣ ਕਰ ਜਾਂਦੇ ਹਨ।
ਲੇਖਕ ਅਤੇ ਗਾਇਕ ਸਮਾਜ ਅਤੇ ਉਸ ਦੇ ਚੌਗ਼ਿਰਦੇ ਲਈ ਇਕ ਮਜ਼ਬੂਤ ਧੁਰਾ, ਚਾਨਣ-ਮੁਨਾਰਾ ਤੇ ਪ੍ਰੇਰਨਾ-ਸਰੋਤ ਸਾਬਿਤ ਹੁੰਦੇ ਹਨ। ਇਸੇ ਕਰਕੇ ਇਨ੍ਹਾਂ ਦੋਵਾਂ ਵਰਗਾਂ ਵਿਚ ਇਕ ਅਟੁੱਟ ਨਹੁੰ-ਮਾਸ ਦਾ ਰਿਸ਼ਤਾ ਬਣ ਜਾਂਦਾ ਹੈ।
ਪਿਛਲੇ ਪੰਜ ਦਹਾਕਿਆਂ ਤੋਂ ਜਿਹੜੇ ਗੀਤਕਾਰਾਂ ਤੇ ਗਾਇਕਾਂ ਨੇ ਆਪਣੀਆਂ ਲਿਖਤਾਂ ਤੇ ਆਵਾਜ਼ ਨਾਲ ਪੰਜਾਬੀ ਸੱਭਿਆਚਾਰ ਨੂੰ ਬੇਹੱਦ ਅਮੀਰ ਕੀਤਾ ਤੇ ਦੁਨੀਆਂ ਭਰ ਵਿਚ ਆਪਣੇ ਨਾਵਾਂ ਦੀ ਸਥਾਪਤੀ ਛਾਪ ਪ੍ਰਬਲ ਕੀਤੀ, ਉਨ੍ਹਾਂ ਮਾਣ-ਮੱਤੇ ਗਾਇਕਾਂ ਅਤੇ ਲੇਖਕਾਂ ਦੇ ਨਾਵਾਂ ਦੀ ਸੂਚੀ ਬੜੀ ਲੰਬੀ ਹੈ। ਖ਼ਿਮਾ ਮੰਗਦਾ ਹੋਇਆ ਮੈਂ ਇੱਥੇ ਕੁਝ ਗਿਣਤੀ ਦੇ ਨਾਵਾਂ ਦਾ ਹੀ ਜ਼ਿਕਰ ਕਰਾਂਗਾ ਪਰ ਮੇਰੇ ਵਾਸਤੇ ਸਾਰੇ ਹੀ ਅਤਿ-ਸਤਿਕਾਰਯੋਗ ਹਨ।
”ਉਸਤਾਦ ਲਾਲ ਚੰਦ ਯਮਲਾ ਜੱਟ, ਨਰਿੰਦਰ ਬੀਬਾ, ਜਨਾਬ ਮੁਹੰਮਦ ਸਦੀਕ-ਰਣਜੀਤ ਕੌਰ, ਦੀਦਾਰ ਸੰਧੂ, ਕੁਲਦੀਪ ਮਾਣਕ, ਅਮਰ ਸਿੰਘ ਚਮਕੀਲਾ, ਜਸਵੰਤ ਸੰਦੀਲਾ, ਹਾਕਮ ਬਖ਼ਤੜੀਵਾਲਾ, ਸੁਰਿੰਦਰ ਛਿੰਦਾ, ਕਰਤਾਰ ਰਮਲਾ, ਗੀਤਕਾਰ ਬਾਬੂ ਸਿੰਘ ਮਾਨ ਮਰਾੜਾਂ ਵਾਲਾ, ਹਰਦੇਵ ਦਿਲਗੀਰ, ਦੇਵ ਥਰੀਕੇ ਵਾਲਾ, ਭਿੰਦਰ ਡੱਬਵਾਲੀ ਤੇ ਗਾਮੀ ਸੰਗਤਪੁਰੀਆ…।” ਇਹ ਉਹ ਸਖ਼ਸ਼ੀਅਤਾਂ ਹਨ, ਜਿਨ੍ਹਾਂ ਨੂੰ ਅੱਜ ਤੋਂ ਪੰਜ ਦਹਾਕੇ ਪਹਿਲਾਂ ਜਿੰਨਾ ਸੁਣਿਆ ਜਾਂਦਾ ਸੀ ਤੇ ਅੱਜ ਉਸ ਤੋਂ ਵੀ ਕਿਤੇ ਵੱਧ ਸੁਣਿਆ ਜਾ ਰਿਹਾ ਹੈ। ਇਨ੍ਹਾਂ ਨੇ ਜਿੰਨਾ ਲਿਖਿਆ, ਜਿੰਨਾ ਗਾਇਆ, ਸਾਰਾ ਹੀ ਪੰਜਾਬੀਆਂ ਨੂੰ ਸਮਰਪਿਤ, ਜਿਹੜਾ ਇਸ ਵਰਗ ਲਈ ਬੜੇ ਹੀ ਅਦਬ ਤੇ ਸਤਿਕਾਰ ਵਾਲੀ ਗੱਲ ਹੈ ਤੇ ਇਨ੍ਹਾਂ ਦੀ ਇਹ ਮਿਹਨਤ ਤੇ ਪ੍ਰਾਪਤੀ ਦੇਖ ਸਾਡਾ ਸਾਰਾ ਸਮਾਜ ਬੜੇ ਮਾਣ ਨਾਲ ਕਹਿ ਰਿਹਾ ਹੈ-”ਇਹ ਆ ਜੀ ਸਾਡੇ ਮਾਣਮੱਤੇ ਪੰਜਾਬੀ ਗਾਇਕੀ ਅਤੇ ਗੀਤਕਾਰੀ ਦੇ ਬਾਬੇ ਬੋਹੜ….।”
ਇੱਥੇ ਮੈਂ ਇਹ ਸਪੱਸ਼ਟ ਕਰ ਦੇਣਾ ਚਾਹੁੰਦਾ ਹਾਂ ਕਿ ਮੈਂ ਕਿਸੇ ਗਾਇਕ ਜਾਂ ਕਿਸੇ ਲੇਖਕ ਦੀ ਇਕ-ਦੂਜੇ ਨਾਲ ਬਰਾਬਰਤਾ ਨਹੀਂ ਕਰ ਰਿਹਾ ਤੇ ਨਾ ਹੀ ਕਿਸੇ ਦੇ ਚੰਗਾ ਜਾਂ ਮਾੜਾ ਹੋਣ ਦਾ ਦਾਅਵਾ ਕਰ ਰਿਹਾ ਹਾਂ।
ਪਰ ਜਿਨ੍ਹਾਂ ਗਾਇਕਾਂ ਤੇ ਗੀਤਕਾਰਾਂ ਦਾ ਮੈਂ ਜ਼ਿਕਰ ਕਰ ਚੁੱਕਾ ਹਾਂ, ਮੇਰਾ ਆਪਣਾ ਵਿਚਾਰ ਤੇ ਨਿੱਜੀ ਸੋਚ ਹੈ। ਜੇਕਰ ਕਿਸੇ ਸੁੱਘੜ-ਸਿਆਣੇ ਸੰਗੀਤ-ਸ਼ਾਸਤਰੀ ਕੋਲੋਂ ਉਨ੍ਹਾਂ ਦੀ ਕਲਾਤਮਿਕ ਕਲਾ-ਕ੍ਰਿਤੀ ਦਾ ਅਧਿਐਨ ਕਰਾ ਲਿਆ ਜਾਵੇ ਤਾਂ ਨਿਰਸੰਦੇਹ ਹਰੇਕ ਗੀਤ ਉੱਪਰ ਕਈ ਸਫ਼ਿਆਂ ਦੀ ਕਿਤਾਬ ਲਿਖੀ ਜਾ ਸਕਦੀ ਹੈ।
ਇਨ੍ਹਾਂ ਸਖ਼ਸ਼ੀਅਤਾਂ ਨੇ ਜੋ ਲਿਖਿਆ, ਜੋ ਗਾਇਆ, ਸਮਾਜ ਅਤੇ ਕਲਾ ਪ੍ਰੇਮੀਆਂ ਲਈ, ਫੋਕੀ ਵਾਹ-ਵਾਹ ਨਹੀਂ ਖੱਟੀ।
ਪਰ ਜੇਕਰ ਅੱਜ ਤਸਵੀਰ ਦਾ ਪਲਟ ਕੇ ਦੂਜਾ ਪਾਸਾ ਦੇਖੀਏ ਤਾਂ ਸਿਰ ਸ਼ਰਮ ਨਾਲ ਝੁਕ ਕੇ ਗੋਡਿਆਂ ਵਿਚ ਜਾ ਫਸਦਾ ਹੈ। ਤਰਾਸਦੀ ਇਹ ਹੈ ਕਿ ਅਜੋਕੀ ਗਾਇਕੀ ਤੇ ਗੀਤਕਾਰੀ ਆਪਣੇ ਅਸਲ ਰਾਹ ਤੋਂ ਭਟਕ ਕੇ ਕੁਰਾਹੇ ਪੈ ਗਈ ਹੈ। ਪਿੱਛੇ ਉਹ ਮੁੜਨਾ ਨਹੀਂ ਚਾਹੁੰਦੇ, ਅੱਗੇ ਰਸਤਾ ਖ਼ਤਮ ਹੋ ਰਿਹਾ ਹੈ।
ਹੋ ਕੀ ਰਿਹਾ ਹੈ? ਰਾਤੋ-ਰਾਤ ਸਟਾਰ ਗਾਇਕ ਬਣਨ ਦੀ ਹੋੜ ਵਿਚ ਸਭ ਰਿਸ਼ਤੇ-ਨਾਤੇ ਤੇ ਸਮਾਜਿਕ ਕਦਰਾਂ-ਕੀਮਤਾਂ ਨੂੰ ਛਿੱਕੇ ਟੰਗਿਆ ਜਾ ਰਿਹਾ ਹੈ। ਲੋਕਾਂ ਦੀ ਭੀੜ ਹੋਵੇ, ਤਾੜੀਆਂ ਵੱਜਣ, ਵਾਹ ਬਈ ਵਾਹ, ਸਿਰਾ ਈ ਲਾਤਾ, ਮੈਂ ਕਿਹਾ ਅੱਤ ਕਰਤੀ ਬਾਈ ਨੇ ਗਾਣੇ ‘ਚ….” ਸਮਾਜ ਪਵੇ ਖੂਹ ‘ਚ, ਕੋਈ ਮਤਲਬ ਨਹੀਂ।
ਬੜਾ ਦੁੱਖ ਹੁੰਦਾ ਹੈ, ਜਦ ਭੜਕੀਲੇ, ਅਸ਼ਲੀਲਤਾ ਨਾਲ ਭਰਪੂਰ, ਅੱਧ ਨੰਗੇਜ਼ ਕੁੜੀਆਂ ਦੇ ਵੀਡੀਉ-ਫਿਲਮਾਂਕਣ ਕਰਕੇ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਪਰੋਸੇ ਜਾ ਰਹੇ ਹਨ। ਹੈਰਾਨੀ ਵਾਲੀ ਗੱਲ ਹੈ ਕਿ ਅਜਿਹੇ ਗੀਤ ਲਿਖਣ ਵਾਲੇ ਤੇ ਗਾਉਣ ਵਾਲੇ ਆਖ਼ਿਰ ਕੀ ਸਿੱਧ ਕਰਨਾ ਚਾਹੁੰਦੇ ਹਨ? ਸ਼ਸ਼ੋਪੰਜ ਵਾਲਾ ਮਾਮਲਾ ਹੈ। ਆਪਣੇ ਗੀਤਾਂ ਵਿਚ ਬੇਹੱਦ ਭੱਦੀ ਸ਼ਬਦਾਵਲੀ ਵਰਤਣੀ, ਜੱਟ ਜਾਤ ਦੇ ਨਾਂ ‘ਤੇ ਹੈਂਕੜਬਾਜ਼ੀ, ਆਪਣੇ ਗੀਤਾਂ ਰਾਹੀਂ ਆਪਣੇ ਆਪ ਨੂੰ ”ਅੱਜ ਦਾ ਰਾਜਾ” ਤੇ ਫੋਰਟੀ ਸੈਵਨ ਦੱਸਣਾ ਤੇ ਸਰਕਾਰੀ ਤੰਤਰ ਦੀ ਮਿਲੀਭੁਗਤ ਨਾਲ ਅਜਿਹੇ ਮਾਰੂ ਹਥਿਆਰ ਨੂੰ ਚਲਾਉਂਦਿਆਂ ਵੀਡੀਉ ਫਿਲਮਾਂਕਣ, ਨੌਜਵਾਨ ਲੜਕੀਆਂ ਦੇ ਸਰੀਰਕ ਬਣਤਰ ਦਾ ਸੋਸ਼ਣ ਕਰਨਾ….ਇਹ ਸਾਰਾ ਕੁਝ ਕਿਹੜੇ ਸੱਭਿਆਚਾਰ ਦੀ ਤਸਵੀਰ ਐ….?”
ਪੰਜਾਬ ਦਾ ਜੱਟ ਅੱਜ ਖ਼ੁਦਕੁਸ਼ੀਆਂ ਦੇ ਰਾਹ ਤੁਰਿਆ ਹੋਇਆ ਹੈ। ਬੇਰੁਜ਼ਗਾਰੀ, ਭ੍ਰਿਸ਼ਟ ਸਰਕਾਰੀ ਤੰਤਰ, ਬੇਹੱਦ ਗਰੀਬੀ ਤੇ ਕੈਂਸਰ ਵਰਗੀਆਂ ਲਾ-ਇਲਾਜ ਅਲਾਮਤਾਂ ਪੂਰੇ ਪੰਜਾਬ ਨੂੰ ਘੇਰਾ ਪਾਈ ਬੈਠੀਆਂ ਹਨ। ਜਿੱਥੋਂ ਪੰਜਾਬ ਦੇ ਗਰੀਬ ਲੋਕਾਂ ਦਾ ਨਿਕਲਣਾ ਬੇਹੱਦ ਮੁਸ਼ਕਿਲ ਹੋ ਗਿਆ ਹੈ ਤੇ ਸਰਕਾਰ ਆਪਣੇ ਆਪ ਦੇ ਤੌਰ ‘ਤੇ ਹੱਥ ਖੜ੍ਹੇ ਕਰੀ ਬੈਠੀ ਹੈ। ਲੋਕ ਕੁਰਲਾ ਰਹੇ ਹਨ ਪਰ ਦੂਸਰੇ ਪਾਸੇ ਸਾਡੇ ਗਾਇਕ ਇਨ੍ਹਾਂ ਜੱਟਾਂ ਦਾ ਪਿਆਰ ਥਾਣੇ ਅਤੇ ਜੇਲ੍ਹਾਂ ਨਾਲ ਦਿਖਾ ਰਹੇ ਹਨ। ਅਜਿਹੇ ਬੇ-ਸੁਰੇ ਗਾਇਕਾਂ ਲਈ ਲਿਖਣ ਲੱਗਿਆਂ ਜਦ ਇਨ੍ਹਾਂ ਦੀਆਂ ਵੀਡੀਉ ਫਿਲਮਾਂ ‘ਤੇ ਨਜ਼ਰ ਪੈਂਦੀ ਹੈ, ਜਿਸ ਵਿਚ ਬੇ-ਹਯਾ ਇਹ ਲੋਕ ਅਰਧ-ਨਗਨ ਮੁਟਿਆਰਾਂ ਦੀਆਂ ਅਸ਼ਲੀਲ ਫੋਟੋਆਂ ਤੇ ਬੇਹੱਦ ਮਾਰੂ ਹਥਿਆਰਾਂ ਦੀ ਸ਼ਰ੍ਹੇਆਮ ਪ੍ਰਦਰਸ਼ਨੀ ਲਗਾਉਂਦੇ ਹਨ। ਇਸਦਾ ਅਰਥ ਇਹੀ ਕੱਢ ਸਕਦੇ ਹਾਂ ਕਿ ਅਜਿਹੇ ਕਲਾਕਾਰਾਂ ਨੇ ਪੂਰਾ ਮਨ ਬਣਾ ਲਿਆ ਹੈ ਕਿ ਜੋ ਵੀ ਗੰਦ-ਮੰਦ ਮੂੰਹੋਂ ਆਇਆ, ਲਿਖਣਾ ਤੇ ਬੋਲਣਾ ਹੈ। ਜਿੰਨਾ ਚਿਰ ਪੰਜਾਬ ਦੀ ਜਵਾਨੀ ਤਬਾਹ ਨਹੀਂ ਹੁੰਦੀ, ਓਨਾ ਚਿਰ ਟਿਕ ਕੇ ਨਹੀਂ ਬਹਿਣਾ।
ਲੇਖਕ ਤੇ ਗਾਇਕ ਉਹ ਜਿਹੜਾ ਆਪਣੀ ਕਾਰਜ-ਸ਼ੈਲੀ ਵਿਚ ਨਿਪੁੰਨ ਤੇ ਸਰਬ-ਵਿਆਪਕ ਹੋਵੇ। ਆਪਣੀ ਲਿਖਤ ਤੇ ਗਾਇਕੀ ਰਾਹੀਂ ਸਮਾਜ ਤੇ ਨਵੀਂ ਪਨੀਰੀ ਨੂੰ ਦਿੱਤੀ ਸੇਧ ਹੀ ਤੁਹਾਡੇ ਭਵਿੱਖ ਲਈ ਸਮਾਜਿਕ ਮਕਬੂਲੀਅਤ ਦੀ ਮੋਹਰ ਹੋਵੇਗੀ। ਹਲਾ-ਹਲਾ ਕਰਨ ਦੀ ਲੋੜ ਹੀ ਨਹੀਂ ਪੈਂਦੀ।
ਮੈਂ ਅਜਿਹੇ ਗੀਤ ਸੁਣਦਾ ਹਾਂ, ਜਿਹੜੇ ਸੁਣਦਿਆਂ ਸਾਰ ਮੈਂ ਸੋਚਣ ਲਈ ਮਜ਼ਬੂਰ ਹੋ ਜਾਂਦਾ ਹਾਂ ਕਿ ਇਹਦੇ ਮੈਂ ਅਰਥ ਕੀ ਕੱਢਾਂ? ਜਿਹੜੇ ਆਪਣੇ ਪਰਿਵਾਰ ਨੂੰ, ਆਪਣੇ ਆਂਢ-ਗੁਆਂਢ ਨੂੰ ਬੜੇ ਮਾਣ ਨਾਲ ਦੱਸਾਂ ਕਿ ਆਹ ਨਵੇਂ ਸੱਭਿਅਕ ਗੀਤ ਆਏ ਐ। ਆਪ ਵੀ ਸੁਣੋ ਤੇ ਆਪਣੇ ਬੱਚਿਆਂ ਨੂੰ ਸੁਣਾਓ ਤੇ ਗੀਤ ਅਜਿਹੇ-
‘ਮੇਰੇ ਵੈਰੀ ਕਹਿੰਦੇ ਆ, ਫੋਰਟੀ ਸੈਵਨ ਨੀ ਮੁਟਿਆਰੇ’
‘ਗੱਭਰੂ ‘ਤੇ ਕੇਸ ਚਲਦੇ, ਜਿਹੜੇ ਸੰਜੇ ਦੱਤ ‘ਤੇ ਚਲਦੇ ਐ’
ਮੈਂ ਇਹ ਗੀਤ ਸੁਣੇ ਪਰ ਮੈਨੂੰ ਇਹ ਸਮਝ ਨਹੀਂ ਆ ਰਹੀ ਕਿ ਆਖ਼ਿਰ ਮੈਂ ਇਨ੍ਹਾਂ ਗੀਤਾਂ ਦੇ ਅਰਥ ਕੀ ਕੱਢਾਂ? ਤੇ ਕਿਹੜੇ ਪੱਖ ਤੋਂ ਲਵਾਂ?
ਭਰਾਵੋ ਬੇਨਤੀ ਆ ਆਪਣੀ ਲਿਖਤ ਤੇ ਗਾਇਕੀ ਰਾਹੀਂ ਸਮਾਜ ਤੇ ਨੌਜਵਾਨੀ ਨੂੰ ਨਵੀਂ ਸੇਧ ਦੇਣ ਦੀ ਕਿਰਪਾ ਕਰੋ। ਥੋੜ੍ਹਾ ਲਿਖੋ, ਥੋੜ੍ਹਾ ਗਾਓ ਪਰ ਸ਼ਬਦ ਤਾਂ ਸੱਭਿਅਕ ਤੇ ਅਰਥ ਭਰਪੂਰ ਹੋਣ। ਗੀਤਾਂ ਵਿਚ ਹਥਿਆਰਾਂ, ਗੈਂਗਸਟਰਾਂ, ਠਾਣਿਆਂ, ਕਚਹਿਰੀਆਂ ਤੇ ਜੇਲ੍ਹਾਂ ਨੂੰ ਆਪਣੀ ਰਿਹਾਇਸ਼-ਗਾਹ ਸਮਝਣਾ ਕੋਈ ਵੱਡੀ ਸਮਝਦਾਰੀ ਤੇ ਦਲੇਰੀ ਦਾ ਪ੍ਰਗਟਾਵਾ ਨਹੀਂ। ਕਿਤੇ ਟਾਇਮ ਮਿਲੇ ਤਾਂ ਇਨ੍ਹਾਂ ਫੋਰਟੀ ਸੈਵਨਾਂ ਦਾਂ ਇਤਿਹਾਸ 1982 ਤੋਂ 1993 ਤੱਕ ਕੱਢ ਕੇ ਦੇਖਿਉ, ਜਿਨ੍ਹਾਂ ਨੇ ਮਾਵਾਂ ਦੇ ਇਕਲੌਤੇ ਪੁੱਤ ਸਦਾ ਦੀ ਨੀਂਦ ਸੁਆ ਦਿੱਤੇ, ਜਿਹੜੇ ਮੁੜ ਵਤਨੀਂ ਨਾ ਪਰਤੇ।
ਯਾਦ ਰੱਖਣ ਵਾਲੀ ਗੱਲ ਐ-ਮੈਂ ਪੂਰੇ ਦਾਅਵੇ ਤੇ ਦਲੀਲ ਨਾਲ ਲਿਖ ਰਿਹਾ ਹਾਂ ਕਿ ਸੂਝਵਾਨ, ਸੁੱਘੜ ਤੇ ਸਿਆਣੇ ਲੋਕਾਂ ਦੀ ਕਲਮ ਦਾ ਉਕਰਿਆ ਇਕ ਹੀ ਸ਼ਬਦ ਸੈਂਕੜੇ ਫੋਰਟੀ ਸੈਵਨ ਤੇ ਪਿਸਤੌਲਾਂ ਦਾ ਮੂੰਹ ਮੋੜ ਕੇ ਰੱਖ ਦਿੰਦਾ ਹੈ ਪਰ ਸ਼ਬਦ ਲਿਖਣ ਵਾਲਾ ਅਕਲ ਲਤੀਫ਼ ਹੋਵੇ।
ਅੱਜ ਇੰਨਾ ਹੀ, ਬਾਕੀ ਫਿਰ ਸਹੀ ਕਿਤੇ….।
ਆਸਟ੍ਰੇਲੀਆ ਤੋਂ
-ਰਣਜੀਤ ‘ਚੱਕ ਤਾਰੇ ਵਾਲਾ’
ਜ਼ਿਲ੍ਹਾ ਮੋਗਾ
+91-82646-05441