3.8 C
United Kingdom
Friday, March 6, 2026

More

    ਇੱਕ ਖੇਡ ਲੇਖਕ ਦਾ ਸਰਕਾਰ ਨੂੰ ਤਾਹਨਾ….

    “ਨੀਂ ਪੰਜਾਬ ਸਰਕਾਰੇ, ਦੇਖ ਤੇਰੀ ਜ਼ਹਿਰੀਲੀ ਸ਼ਰਾਬ ਦੇ ਕਾਰੇ,

    ਦਿਨ ਦਿਹਾੜੇ  ਸੈਂਕੜੇ ਘਰ ਉਜਾੜੇ , ਪਰ ਤੂੰ ਕਿਉਂ  ਖਿਡਾਰੀ ਘਰਾਂ ਵਿੱਚ ਤਾੜੇ !

    ਦੁਨੀਆਂ ਖਾ ਲਈ ਨਸ਼ਿਆਂ ਨੇ ਪਰ ਪੂਰੀ ਦੁਨੀਆਂ ਵਿੱਚ ਖੇਡਾਂ ਤੋਂ ਵਧੀਆ ਕੋਈ ਨਸ਼ਾ ਨਹੀਂ ਜਿਸ ਨੂੰ ਖੇਡਣ ਦਾ ਨਸ਼ਾ ਲੱਗ ਗਿਆ ਸਮਝੋ ਉਹ ਜ਼ਿੰਦਗੀ ਵਿੱਚ ਤਰ ਗਿਆ ਪਰ ਇਹ ਨਸ਼ਾ ਲਾਉਣ ਲਈ ਆਪਣੀਆਂ ਸਰਕਾਰਾਂ ਨੂੰ ਵਿਉਂਤਬੰਦੀ ਕਰਨੀ ਪੈਂਦੀ ਹੈ ਜਿਹੜੇ ਮੁਲਕਾਂ ਦੀਆਂ ਜਾਂ ਰਾਜ ਦੀਆਂ  ਸਰਕਾਰਾਂ ਨੇ ਆਪਣੇ ਯੂਥ ਆਪਣੀ ਜਵਾਨੀ ਨੂੰ ਖੇਡਾਂ ਦੇ ਨਸ਼ੇ ਨਾਲ ਜੋੜਿਆ ਹੈ ਉਨ੍ਹਾਂ ਦੀ ਦੁਨੀਆਂ ਵਿੱਚ ਆਪਣੀ ਵਿਲੱਖਣ ਪਹਿਚਾਣ ਬਣੀ ਹੋਈ ਹੈ ।
    ਪਰ ਸਾਡਾ ਪੰਜਾਬ ਤਾਂ  ਸ਼ਰਾਬ, ਅਫੀਮ ,ਡੋਡੇ ,ਭੁੱਕੀ ,ਡਰੱਗ, ਚਿੱਟਾ ਸਮੈਕ ਆਦਿ ਚੀਜ਼ਾਂ ਨੂੰ ਹੀ ਨਸ਼ਾ ਸਮਝਦਾ ਹੈ ਬੀਤੇ ਦਿਨੀਂ ਬਟਾਲਾ ਅੰਮ੍ਰਿਤਸਰ ਤਰਨ ਤਾਰਨ ਵਿਖੇ ਜ਼ਹਿਰੀਲੀ ਸ਼ਰਾਬ ਪੀਣ ਨਾਲ 200 ਤੋਂ ਵੱਧ ਬੰਦੇ ਮਰ ਗਏ ਸੈਂਕੜੇ ਘਰਾਂ ਵਿੱਚ ਸੱਥਰ ਵਿਛ ਗਏ ਇਨ੍ਹਾਂ ਮੌਤਾਂ ਤੇ ਵੀ ਜੰਮ ਕੇ ਰਾਜਨੀਤੀ ਹੋ ਰਹੀ ਹੈ ਕਿਉਂਕਿ  ਰਾਜਨੀਤਕ ਲੋਕਾਂ ਨੇ ਨਸ਼ਿਆਂ ਨੂੰ ਅਾਪਣਾ ਵਪਾਰ ਬਣਾ ਲਿਆ ਹੈ ਆਪਣੇ ਚਾਰ ਪੈਸੇ ਕਮਾਉਣ ਦੀ ਖਾਤਰ ਰਾਜਨੀਤੀ ਦੇ ਇਸ ਗੋਰਖ ਧੰਦੇ ਵਿੱਚ ਹਰ ਰੋਜ਼ ਹਜ਼ਾਰਾਂ ਮਾਵਾਂ ਦੇ ਪੁੱਤ ਕਦੇ ਉਹ ਜ਼ਹਿਰੀਲੀ ਸ਼ਰਾਬ ਨਾਲ, ਕਦੇ ਚਿੱਟੇ ਨਾਲ ,ਕਦੇ ਸਮੈਕ ਨਾਲ ਮੌਤ ਦੇ ਖੂਹ ਵਿੱਚ ਡਿੱਗ ਰਹੇ ਹਨ  ਕਿਸੇ ਨੂੰ ਕੋਈ ਮੌਤਾਂ ਦਾ ਫਿ਼ਕਰ ਫ਼ਾਕਾ ਨਹੀਂ ਹੈ।
    ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪੀੜਤ ਪਰਿਵਾਰਾਂ ਨਾਲ ਦੁੱਖ ਵੰਡਾਉਣ ਆਏ ਪਰ ਪਰਿਵਾਰਾਂ ਨੂੰ ਮਿਲੇ ਨਹੀਂ ,ਜ਼ਹਿਰੀਲੀ ਸ਼ਰਾਬ ਨਾਲ ਮਰੇ ਬੰਦਿਆਂ ਦੇ ਪਰਿਵਾਰਾਂ ਨੂੰ ਪੰਜ ਪੰਜ ਲੱਖ ਤੇ ਇੱਕ ਜੀਅ ਨੂੰ ਨੌਕਰੀ ਦੇਣ ਦਾ ਐਲਾਨ ਕਰਕੇ ਕੇ ਚਲੇ ਗਏ ਹਨ ਨੌਕਰੀ ਮਿਲਣੀ, ਪੈਸੇ ਮਿਲਣਾ ਬਾਅਦ ਦੀਆਂ ਗੱਲਾਂ ਹਨ ਪਰ ਕੀ ਅਜਿਹਾ ਕਰਨ ਨਾਲ ਉਨ੍ਹਾਂ ਪੀੜਤ ਪਰਿਵਾਰਾਂ ਦੇ ਮੈਂਬਰ ਵਾਪਸ ਆ ਜਾਣਗੇ । ਕੀ ਯਤੀਮ ਹੋਏ ਬੱਚਿਆਂ ਨੂੰ ਆਪਣਾ ਬਾਪ ਦੁਬਾਰਾ ਮਿਲ ਜਾਵੇਗਾ ਜਾਂ ਜਿਨ੍ਹਾਂ ਲੋਕਾਂ ਨੇ ਇਹ ਘਿਨਾਉਣਾ ਕਾਰਾ ਕੀਤਾ ਕੀ ਉਨ੍ਹਾਂ ਨੂੰ ਸਜ਼ਾ ਮਿਲੇਗੀ ਪਰਚੇ ਬਗੈਰਾ   ਦਰਜ ਹੁੰਦੇ ਹਨ ਸਿਰਫ ਮਹਾਤੜ ਬੰਦਿਆਂ ਤੇ ਪਰ ਜਿਹੜੇ ਵੱਡੇ ਰਾਜਨੀਤਿਕ ਮਗਰਮੱਛ ਅਸਲ ਦੋਸ਼ੀ ਹਨ ਉਨ੍ਹਾਂ ਵੱਲ ਕੋਈ ਉਂਗਲ ਨਹੀਂ ਕਰਦਾ ਪਹਿਲਾਂ 10 ਸਾਲ ਪੰਥ ਦੇ ਰਖਵਾਲਿਆਂ ਨੇ ਨਸ਼ਿਆਂ ਦੇ ਨਾਮ ਤੇ ਰਾਜਨੀਤੀ ਕਰਦਿਆਂ ਹਜ਼ਾਰਾਂ ਲੋਕਾਂ ਦੀਆਂ ਜਾਨਾਂ ਲਈਆਂ ਹੁਣ 4 ਹਫ਼ਤਿਆਂ ਵਿੱਚ ਨਸ਼ਿਆਂ ਦਾ ਲੱਕ ਤੋੜਨ ਵਾਲੇ ਕੈਪਟਨ ਸਾਹਿਬ ਦੀ ਸਰਕਾਰ ਹਰ ਰੋਜ਼ ਨਸ਼ਿਆਂ ਦੇ ਰਾਜਨੀਤਿਕ ਵਪਾਰ ਨਾਲ ਗਰੀਬ ਲੋਕਾਂ ਦੇ ਘਰਾਂ ਵਿੱਚ ਸੱਥਰ ਵਿਛਾ ਰਹੀ ਹੈ। ਕਰੋਨਾ ਮਹਾਂਮਾਰੀ ਪੂਰੇ ਜ਼ੋਰਾਂ ਤੇ ਚੱਲ ਰਹੀ ਹੈ ਪੰਜਾਬ ਵਿੱਚ ਕਰੋਨਾ ਨਾਲ ਜੇਕਰ ਔਸਤ ਪੰਜ ਸੱਤ ਲੋਕ ਮਰਦੇ ਹਨ ਤਾਂ ਨਸ਼ਿਆਂ ਨਾਲ ਔਸਤ 20 ਤੋਂ ਵੱਧ ਬੰਦੇ ਰੋਜ਼ਾਨਾ ਪੰਜਾਬ ਵਿੱਚ ਮਰਦੇ ਹਨ ਮੌਤ ਦਾ ਤਾਂਡਵ ਦਿਨ ਦਿਹਾੜੇ ਜਾਰੀ ਹੈ । ਕਮਾਲ ਦੀ ਗੱਲ ਦੇਖੋ ਸ਼ਰਾਬ ਦੇ ਠੇਕੇ  ਤਾਂ ਸਵੇਰ ਤੋਂ ਅੱਧੀ ਰਾਤ ਤੱਕ ਖੁੱਲ੍ਹੇ ਰਹਿੰਦੇ ਹਨ ਪਰ ਖੇਡ ਮੈਦਾਨ ਸਕੂਲ ਕਾਲਜ ਪਿਛਲੇ ਮਾਰਚ ਮਹੀਨੇ ਤੋਂ ਬੰਦ ਹਨ ਬੱਚਿਆਂ ਦੇ ਪੇਪਰ ਵੀ ਨਹੀਂ ਹੋਏ ਬਿਨਾਂ  ਪੇਪਰਾਂ ਵੱਡੀਆਂ ਕਲਾਸਾਂ ਦੇ ਬੱਚਿਆਂ ਨੂੰ ਸਰਕਾਰ ਨੇ ਪਾਸ ਅਗਲੀਆਂ ਕਲਾਸਾਂ ਵਿੱਚ ਪਹੁੰਚਾ ਦਿੱਤਾ ਹੈ ਪਰ ਨਸ਼ੇ ਖਾਣ ਪੀਣ ਵਾਲਿਆਂ ਦਾ ਸਰਕਾਰ ਰੋਜ਼ ਇਮਤਿਹਾਨ ਲੈ ਰਹੀ ਹੈ ਜਿਨ੍ਹਾਂ ਵਿੱਚੋਂ ਕਈ ਬਚ ਜਾਂਦੇ ਹਨ ਅਤੇ ਕਈ ਮਰ ਜਾਂਦੇ ਹਨ । ਕਰੋਨਾ ਮਹਾਂਮਾਰੀ ਛੱਡ   ਕੋਈ ਲੱਖ ਹੋਰ ਮਹਾਂਮਾਰੀ ਪੰਜਾਬ ਵਿੱਚ ਆ ਜਾਵੇ ਤਾਂ ਵੀ ਕੀ ਤੁਸੀਂ  ਕਦੇ ਖੇਡ ਮੈਦਾਨਾਂ ਵਿੱਚ ਜਾਣ ਵਾਲੇ ਜਵਾਨ ਇਸ ਤਰ੍ਹਾਂ ਮਰਦੇ ਵੇਖੇ ਹਨ ਇਹ ਕਦੇ ਵੀ ਨਹੀਂ ਹੋਵੇਗਾ ਕਿਉਂਕਿ  ਖੇਡ ਮੈਦਾਨਾਂ ਦੀ ਕਸਰਤ ਬੱਚਿਆਂ ਨੂੰ ,ਜਵਾਨਾਂ ਨੂੰ ਹਮੇਸ਼ਾ ਤੰਦਰੁਸਤੀ ਅਤੇ ਬਿਮਾਰੀਆਂ ਨਾਲ ਲੜਨ ਦੀ ਤਾਕਤ ਬਖ਼ਸ਼ਦੀ ਹੈ ।ਜਦ ਕਿ ਪੜ੍ਹਾਈ ਇੱਕ ਵਧੀਆ ਅਨੁਸ਼ਾਸ਼ਨ, ਜਾਗਰੂਕਤਾ ਅਤੇ ਜ਼ਿੰਦਗੀ ਵਿੱਚ ਅੱਗੇ ਵਧਣ ਦੀ ਪ੍ਰੇਰਨਾ ਦਿੰਦੀ ਹੈ ਜੇਕਰ ਕੁਝ ਖਿਡਾਰੀ ਕਰੋਨਾ ਪੋਸਟ ਵੀ ਆਏ ਉਹ ਆਪਣੇ ਸਰੀਰਕ ਇੱਛਾ ਸ਼ਕਤੀ ਨਾਲ ਤੰਦਰੁਸਤ ਵੀ ਹੋ ਗਏ ਹਨ ਪਰ ਜੋ ਲੋਕ ਠੇਕਿਆਂ ਦੀਆਂ  ਭੀੜਾਂ ਤੇ ਗਏ ਉਹਨਾਂ ਪੈਸੇ ਦੀ ਵੀ ਬਰਬਾਦੀ ਕੀਤੀ ਆਪਣੇ ਸਰੀਰ ਦੀ ਬਰਬਾਦੀ ਕੀਤੀ ਅਤੇ ਮੌਤ ਦੇ ਮੂੰਹ ਵੀ ਚਲੇ ਗਏ ਫਿਰ ਸਰਕਾਰ ਨੂੰ ਠੇਕੇ ਖੁੱਲ੍ਹਣੇ ਜ਼ਰੂਰੀ ਸੀ ਜਾਂ ਖੇਡ ਮੈਦਾਨ ਪਰ ਨਹੀਂ ਸਰਕਾਰ ਹਜ਼ਾਰ ਵਾਰ ਸੋਚ ਕੇ ਵੀ ਖੇਡ ਮੈਦਾਨਾਂ ਸਕੂਲਾਂ ਅਤੇ ਕਾਲਜਾਂ ਨੂੰ ਨਹੀਂ ਖੁੱਲ੍ਹੇਗੀ ਉਹ ਸਿਰਫ਼ ਸ਼ਰਾਬ ਦੇ ਠੇਕੇ, ਹੁੱਕਾਬਾਰ ਜਾਂ ਫਿਰ ਨਸ਼ਿਆਂ ਦੇ ਹੋਰ ਅੱਡੇ ਹੀ ਖੁੱਲ੍ਹੇਗੀ ਕਿਉਂਕਿ ਇੱਥੇ ਉਸ ਦੀ ਆਮਦਨ ਵਿੱਚ ਵਾਧਾ ਹੁੰਦਾ ਹੈ ਇਨ੍ਹਾਂ ਰਾਜਨੀਤਿਕ ਪਾਰਟੀਆਂ ਦੀਆਂ ਵੋਟਾਂ ਪੱਕੀਆਂ ਹੁੰਦੀਆਂ ਹਨ ਖਿਡਾਰੀਆਂ ਕੋਲ ਤਾਂ ਸਰਕਾਰ ਨੂੰ ਕੁਝ ਮਿਲਣ  ਦੀ ਬਜਾਏ ਕੁਝ ਦੇਣਾ ਪੈਂਦਾ ਹੈ ਫਿਰ ਸਕੂਲਾਂ ਕਾਲਜਾਂ ਵਾਲਿਆਂ ਨੇ ਤਾਂ ਪੜ੍ਹ ਕੇ ਕੈਨੇਡਾ ਅਮਰੀਕਾ ਹੀ ਚਲੇ ਜਾਣਾ ਹੁੰਦਾ ਹੈ ਉਨ੍ਹਾਂ ਦਾ ਕੈਪਟਨ ਜਾਂ ਬਾਦਲਾਂ ਨੂੰ ਕੀ ਫਾਇਦਾ ਹੋਣਾ ਹੈ ਕੋਈ ਗੱਲ ਨਹੀਂ ਜੇਕਰ ਦੋ ਚਾਰ ਸੌ ਬੰਦਾ ਜ਼ਹਿਰੀਲੀ ਸ਼ਰਾਬ ਨਾਲ ਮਰ ਵੀ ਗਿਆ ਬਾਕੀ ਤਾਂ ਅਜੇ ਲੱਖਾਂ ਸ਼ਰਾਬ ਅਫੀਮ ਡੋਡੇ ਭੁੱਕੀ ਆਦਿ  ਪੀਣ ਵਾਲਿਆਂ ਦੀਆਂ  ਵੋਟਾਂ ਉਨ੍ਹਾਂ ਦੀਆਂ ਪੱਕੀਆਂ ਹੈ ਗਈਆਂ ਹਨ ।
            ਗੱਲ ਇਥੇ ਮੁੱਕਦੀ ਹੈ ਕਿ ਕੌਣ ਕਰੋਨਾ ਨਾਲ ਮਰ ਰਿਹਾ ਹੈ ਕੌਣ ਜ਼ਹਿਰੀਲੀ ਸ਼ਰਾਬ ਨਾਲ ,ਖਿਡਾਰੀ ਦਾ ਕੀ ਨੁਕਸਾਨ ਹੋ ਰਿਹਾ ਵਿਦਿਆਰਥੀਆਂ ਦੀ ਪੜ੍ਹਾਈ ਅਤੇ ਉਸ ਦਾ ਭਵਿੱਖ ਕਿੱਧਰ ਨੂੰ ਜਾ ਰਿਹਾ । ਪੰਜਾਬ ਦੀ ਫ਼ਸਲ, ਪੰਜਾਬ ਦੀ ਨਸਲ, ਪੰਜਾਬ ਦੀ ਜਵਾਨੀ ਜਾਂ ਪੰਜਾਬ ਦੀ ਕਿਸਾਨੀ ,ਪੰਜਾਬ ਦਾ ਵਪਾਰੀ ਜਾਂ ਪੰਜਾਬ ਦਾ ਖਿਡਾਰੀ ਜਾਂ ਕੋਈ ਹੋਰ ਵਰਗ ਬੱਸ ਸਭ ਦੀ ਕਹਾਣੀ ਖ਼ਤਮ ਹੋ ਰਹੀ ਹੈ ਕਿਸੇ ਨੂੰ ਕੋਈ ਫਿਕਰ ਨਹੀਂ ਜੇਕਰ ਫਿਕਰ ਹੈ ਸਿਰਫ ਕੈਪਟਨ ਨੂੰ ਵੀ ਅਤੇ ਪੰਥ ਦੇ ਰਖਵਾਲਿਆਂ ਨੂੰ ਵੀ ਜਾਂ ਹੋਰ ਰਾਜਨੀਤਕ ਜੁਗਾੜੀਆਂ ਨੂੰ  ਵੀ ਜੇਕਰ ਕੋਈ ਫਿਕਰ ਹੈ ਉਹ  ਇਹ ਹੈ ਕਿ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਜੋ ਡੇਢ ਸਾਲ ਬਾਅਦ ਜਨਵਰੀ 2022  ਵਿੱਚ ਹੋਣੀਆਂ ਹਨ ਕਿ ਲੋਕਾਂ ਦੀਆਂ ਵੋਟਾਂ ਕਿਸ ਤਰ੍ਹਾਂ ਖਿੱਚਣੀਆਂ ਹਨ ।ਇਨ੍ਹਾਂ ਰਾਜਨੀਤਕ ਲੋਕਾਂ ਦੀ ਗੰਦੀ ਸਿਆਸਤ ਨੇ ਪੰਜਾਬ ਨੂੰ ਪੂਰੀ ਤਰ੍ਹਾਂ ਕੰਗਾਲ ਕਰਕੇ ਰੱਖ ਦਿੱਤਾ ਹੈ ਅਜੇ ਵੀ ਪਤਾ ਨਹੀਂ ਕਿ ਗਰੀਬ ਘਰਾਂ ਨੂੰ ਕਿੰਨੇ ਸਿਵਿਆਂ ਦੀ ਅੱਗ ਦਾ ਸੇਕ ਲੱਗਣਾ ਹੈ ਸੰਭਲ ਜਾਓ ਪੰਜਾਬੀਓ ਆਪਣੇ ਬਚਾਅ ਲਓ ਧੀਆਂ ਪੁੱਤਰਾਂ ਨੂੰ ਕਿਉਂਕਿ ਇੱਥੇ ਤਾਂ ਸਿਆਸਤਦਾਨ ਲੋਕਾਂ ਦੀ ਉਲਟੀ ਗੰਗਾ ਚੱਲ ਪਈ ਹੈ “ਵਾੜ ਹੀ ਖੇਤ ਨੂੰ ਖਾਣ ਲੱਗ ਪਈ ਹੈ “।ਇਸ ਸੋਹਣੇ ਵਤਨ ਪੰਜਾਬ ਦਾ ਬੱਸ “ਰੱਬ ਹੀ ਰਾਖਾ ।

    ਜਗਰੂਪ ਸਿੰਘ ਜਰਖੜ
    ਖੇਡ ਲੇਖਕ
    ਫੋਨ ਨੰਬਰ –9814300722

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!