14.8 C
United Kingdom
Saturday, September 5, 2026

More

    ਸਰਕਾਰੀ ਸਕੂਲ ਦੀ ਵਿਦਿਆਰਥਣ ਨੇ ‘ਅੰਬੈਸਡਰਜ਼ ਆਫ਼ ਹੋਪ’ ’ਚ ਜਿੱਤਿਆ ਇਨਾਮ

    ਅਸ਼ੋਕ ਵਰਮਾ
    ਬਠਿੰਡਾ, 10 ਅਗਸਤ : ਸਕੂਲ ਸਿੱਖਿਆ ਮੰਤਰੀ ਪੰਜਾਬ ਸ਼੍ਰੀ ਵਿਜੈ ਇੰਦਰ ਸਿੰਗਲਾ ਨੇ ਸੋਸ਼ਲ ਮੀਡੀਆ ’ਤੇ ‘ਅੰਬੈਸਡਰਜ਼ ਆਫ਼ ਹੋਪ’ ਮੁਕਾਬਲੇ ਦੇ ਜੇਤੂਆਂ ਦੇ ਨਾਮ ਐਲਾਨਣ ਮਗਰੋਂ ਬਠਿੰਡਾ ਜ਼ਿਲੇ ’ਚੋਂ ਪਹਿਲੇ ਤਿੰਨ ਸਥਾਨਾਂ ’ਤੇ ਰਹਿਣ ਵਾਲੇ ਵਿਦਿਆਰਥੀਆਂ ਨੂੰ ਮੁਕਾਬਲੇ ’ਚ ਅੱਵਲ ਰਹਿਣ ’ਤੇ ਵਧਾਈ ਦਿੱਤੀ। ਇਸਦੇ ਨਾਲ ਹੀ ਉਨਾਂ ਜੇਤੂਆਂ ਨੂੰ ਭਵਿੱਖ ’ਚ ਹੋਰ ਤਰੱਕੀਆਂ ਕਰਨ ਲਈ ਸ਼ੁਭਕਾਮਨਾਵਾਂ ਦਿੱਤੀਆਂ ਤੇ ਲੋੜ ਪੈਣ ’ਤੇ ਹਰ ਸੰਭਵ ਮਦਦ ਕਰਨ ਦਾ ਭਰੋਸਾ ਦਿੱਤਾ। ਸਿੱਖਿਆ ਮੰਤਰੀ ਪੰਜਾਬ ਸ਼੍ਰੀ ਸਿੰਗਲਾ ਨੇ ਕਿਹਾ ਕਿ ਬਠਿੰਡਾ ਜ਼ਿਲੇ ’ਚੋਂ ’ਚੋਂ ਇਸ ਮੁਕਾਬਲੇ ਲਈ 4,956 ਵਿਦਿਆਰਥੀਆਂ ਨੇ ਆਪਣੀ ਦਾਅਵੇਦਾਰੀ ਪੇਸ਼ ਕੀਤੀ ਸੀ।
    ਸਿੱਖਿਆ ਮੰਤਰੀ ਸ਼੍ਰੀ ਸਿੰਗਲਾ ਨੇ ਦੱਸਿਆ ਕਿ ਦਿੱਲੀ ਪਬਲਿਕ ਸਕੂਲ ’ਚ ਛੇਵੀਂ ਕਲਾਸ ’ਚ ਪੜਦੇ ਵਿਹਾਨ ਗੁਲਾਟੀ ਨੇ ਪਹਿਲਾ ਸਥਾਨ ਹਾਸਲ ਕਰਕੇ ਐਪਲ ਦੀ ਆਈਪੈਡ ਜਿੱਤੀ ਹੈ ਜਦਕਿ ਸੇਂਟ ਜੋਸਫ਼ਜ਼ ਕਾਨਵੈਂਟ ਸਕੂਲ ’ਚ ਦੂਸਰੀ ਕਲਾਸ ’ਚ ਪੜਦੀ ਵੰਸ਼ਿਕਾ ਨੇ ਦੂਸਰਾ ਸਥਾਨ ਹਾਸਲ ਕਰਕੇ ਲੈਪਟੌਪ ਜਿੱਤਿਆ ਹੈ। ਇਸਦੇ ਨਾਲ ਹੀ ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਗੋਨਿਆਣਾ ਮੰਡੀ ਦੀ 12ਵੀਂ ਜਮਾਤ ਦੀ ਵਿਦਿਆਰਥਣ ਮਨਦੀਪ ਕੌਰ ਨੇ ਤੀਸਰੇ ਸਥਾਨ ’ਤੇ ਰਹਿ ਕੇ ਐਂਡਰੋਇਡ ਟੈਬਲੇਟ ਜਿੱਤੀ ਹੈ।
    ਜ਼ਿਕਰਯੋਗ ਹੈ ਕਿ ਕੋਵਿਡ-19 ਦੀ ਮਹਾਂਮਾਰੀ ਕਾਰਨ ਲਗਾਏ ਗਏ ਲੌਕਡਾਊਨ ਦੌਰਾਨ ਵਿਦਿਆਰਥੀਆਂ ਦੇ ਹੁਨਰ ਤਰਾਸ਼ਣ ਲਈ ਸ਼੍ਰੀ ਵਿਜੈ ਇੰਦਰ ਸਿੰਗਲਾ ਵੱਲੋਂ ‘ਅੰਬੈਸਡਰਜ਼ ਆਫ਼ ਹੋਪ’ ਨਾਂ ਦਾ ਆਨਲਾਇਨ ਮੁਕਾਬਲਾ ਚਲਾਇਆ ਗਿਆ ਸੀ ਜਿਸ ਨੂੰ ਪੰਜਾਬ ਭਰ ’ਚੋਂ ਭਰਪੂਰ ਹੁੰਗਾਰਾ ਮਿਲਿਆ ਸੀ। ਆਪਣੀ ਤਰਾਂ ਦੇ ਇਸ ਪਹਿਲੇ ਮੁਕਾਬਲੇ ’ਚ ਸਿਰਫ਼ ਅੱਠ ਦਿਨਾਂ ’ਚ ਸੂਬੇ ’ਚੋਂ 1 ਲੱਖ ਪੰਜ ਹਜ਼ਾਰ ਵਿਦਿਆਰਥੀਆਂ ਨੇ ਆਪਣੀ ਦਾਅਵੇਦਾਰੀ ਪੇਸ਼ ਕਰਕੇ ਇਸਨੂੰ ਵਿਸ਼ਵ ਰਿਕਾਰਡ ਬਣਾ ਦਿੱਤਾ ਸੀ। ਹੁਣ ਸ਼੍ਰੀ ਸਿੰਗਲਾ ਵੱਲੋਂ ਇਸ ਮੁਕਾਬਲੇ ’ਚ ਹਰ ਜ਼ਿਲੇ ’ਚ ਪਹਿਲੀਆਂ ਤਿੰਨ ਪੁਜ਼ੀਸ਼ਨਾਂ ’ਤੇ ਆਉਣ ਵਾਲੇ ਵਿਦਿਆਰਥੀਆਂ ਦੇ ਨਾਂਵਾਂ ਦਾ ਐਲਾਨ ਕੀਤਾ ਜਾ ਰਿਹਾ ਹੈ।
    ਬਠਿੰਡਾ ਜ਼ਿਲੇ ’ਚੋਂ ਪਹਿਲੇ ਸਥਾਨ ’ਤੇ ਰਹਿਣ ਵਾਲੇ ਵਿਹਾਨ ਗੁਲਾਟੀ ਦੇ ਮਾਪਿਆਂ ਨੇ ਦੱਸਿਆ ਕਿ ਉਹ ਪੜਾਈ ਦੇ ਨਾਲ-ਨਾਲ ਹੋਰਨਾਂ ਰਚਨਾਤਮਕ ਗਤੀਵਿਧੀਆਂ ’ਚ ਬਹੁਤ ਸ਼ੌਕ ਨਾਲ ਹਿੱਸਾ ਲੈਂਦਾ ਹੈ ਅਤੇ ਇਸੇ ਸ਼ੌਕ ਸਦਕਾ ਉਸਨੇ ਇਹ ਮੁਕਾਬਲਾ ਜਿੱਤਿਆ ਹੈ।
    ਦੂਸਰੇ ਸਥਾਨ ’ਤੇ ਰਹਿਣ ਵਾਲੀ ਵੰਸ਼ਿਕਾ ਦੇ ਮਾਤਾ-ਪਿਤਾ ਨੇ ਕਿਹਾ ਕਿ ਉਮਰ ਛੋਟੀ ਹੋਣ ਦੇ ਬਾਵਜੂਦ ਉਨਾਂ ਦੀ ਧੀ ਨੇ ਕੋਰੋਨਾਵਾਇਰਸ ਵਿਰੁੱਧ ਲੋਕਾਂ ਨੂੰ ਜਾਗਰੂਕ ਕਰਦੀ ਸਕਿੱਟ ਪੇਸ਼ ਕਰਕੇ ਸਭ ਦੀ ਵਾਹੋ-ਵਾਹੀ ਖੱਟੀ ਹੈ। ਉਨਾਂ ਕਿਹਾ ਕਿ ਉਹ ਲੌਕਡਾਊਨ ’ਚ ਅਜਿਹਾ ਮਕਾਬਲਾ ਕਰਵਾਉਣ ਲਈ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦਾ ਧੰਨਵਾਦ ਵੀ ਕਰਦੇ ਹਨ।
    ਇਸੇ ਤਰਾਂ ਤੀਸਰੇ ਸਥਾਨ ’ਤੇ ਰਹਿਣ ਵਾਲੀ ਮਨਦੀਪ ਕੌਰ ਤੇ ਉਸਦੇ ਮਾਪਿਆਂ ਨੇ ਦੱਸਿਆ ਕਿ ਉਨਾਂ ਦੀ ਧੀ ਸਾਧਾਰਨ ਪਰਿਵਾਰ ’ਚੋਂ ਆਉਣ ’ਤੇ ਵੀ ਮੁਕਾਬਲੇ ’ਚ ਤੀਸਰੇ ਸਥਾਨ ’ਤੇ ਰਹੀ ਹੈ ਜਿਸ ’ਚ ਉਸਦੇ ਅਧਿਆਪਕਾਂ ਦਾ ਬਹੁਤ ਵੱਡਾ ਸਹਿਯੋਗ ਰਿਹਾ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!