ਤਪਾ ਵਿਖੇ ਮਾਰਕੀਟ ਕਮੇਟੀ ਦੇ ਚੇਅਰਮੈਨ ਨੇ ਸਿਹਤ ਮੰਤਰੀ ਦੀ ਹਾਜ਼ਰੀ ’ਚ ਸਾਂਭਿਆ ਅਹੁਦਾ
ਬਰਨਾਲਾ/ਤਪਾ, 7 ਅਗਸਤ ( ਆਰਕੇ ਵਰਮਾ )
ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਅੱਜ ਬਰਨਾਲਾ ਤੋਂ ਵੀਡੀਓ ਕਾਫਰੰਸਿੰਗ ਰਾਹੀਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨਾਲ ਸੂਬੇ ਵਿਚ ਕਰੋਨਾ ਵਾਇਰਸ ਦੀ ਸਥਿਤੀ ਬਾਰੇ ਮੀਟਿੰਗ ਕੀਤੀ।
ਇਸ ਮੌਕੇ ਆਪਣੇ ਵਿਚਾਰ ਰੱਖਦਿਆਂ, ਸ੍ਰੀ ਸਿੱਧੂ ਨੇ ਸੁਝਾਅ ਦਿੱਤਾ ਕਿ ਆਮ ਜਨਤਾ ਨੂੰ ਮਾਸਕ ਪਾਉਣ ਅਤੇ ਕਰੋਨਾ ਤੋਂ ਬਚਾਅ ਲਈ ਪੂਰਨ ਇਹਤਿਆਤ ਵਰਤਣ ਲਈ ਹੋਰ ਵਧੇਰੇ ਪ੍ਰੇਰਿਤ ਕੀਤਾ ਜਾਵੇ, ਕਿਉਂਕਿ ਬਚਾਅ ਵਿਚ ਹੀ ਬਚਾਅ ਹੈ। ਉਨ੍ਹਾਂ ਇਹ ਵੀ ਸੁਝਾਅ ਦਿੱਤਾ ਕਿ ਕੋਰੋਨਾ ਕੇਅਰ ਸੈਂਟਰਾਂ ’ਚ ਭਾਰਤੀ ਕੋਵਿਡ ਪਾਜ਼ਿਟਿਵ ਮਰੀਜ਼ਾਂ ਲਈ ਸਾਕਾਰਾਤਮਕ ਸੰਗੀਤ ਜਾਂ ਹੋਰ ਉਤਸ਼ਾਹਵਧਾਊ ਗਤੀਵਿਧੀਆਂ ’ਤੇ ਵਧੇਰੇ ਜ਼ੋਰ ਦਿੱਤਾ ਜਾਣਾ ਚਾਹੀਦਾ ਹੈ ਤਾਂ ਜੋ ਉਹ ਅੰਦਰੂਨੀ ਤੌਰ ’ਤੇ ਮਜ਼ਬੂਤ ਰਹਿ ਕੇ ਕਰੋਨਾ ਨੂੰ ਮਾਤ ਦੇ ਸਕਣ। ਇਸ ਵੀਡੀਓ ਕਾਨਫਰੰਸ ਵਿਚ ਸਿਵਲ ਸਰਜਨ ਡਾ. ਗੁਰਿੰਦਰਬੀਰ ਸਿੰਘ ਵੀ ਹਾਜ਼ਰ ਸਨ।
ਇਸ ਮੌਕੇ ਉਨ੍ਹਾਂ ਸਿਵਲ ਸਰਜਨ ਬਰਨਾਲਾ ਨਾਲ ਜ਼ਿਲ੍ਹੇ ਵਿਚ ਕਰੋਨਾ ਸਥਿਤੀ ’ਤੇ ਵੀ ਚਰਚਾ ਕੀਤੀ। ਸਿਵਲ ਸਰਜਨ ਨੇ ਦੱਸਿਆ ਕਿ ਅੱਜ ਬਰਨਾਲਾ ਜ਼ਿਲ੍ਹੇ ਵਿਚ 37 ਨਵੇਂ ਕੇਸ ਆਏ ਹਨ ਤੇ ਐਕਟਿਵ ਕੇਸ 284 ਹਨ। ਹੁਣ ਤੱਕ 408 ਵਿਅਕਤੀ ਪਾਜ਼ੇਟਿਵ ਪਾਏ ਗਏ ਹਨ। 117 ਮਰੀਜ਼ ਠੀਕ ਹੋ ਚੁੱਕੇ ਹਨ ਤੇ ਜ਼ਿਲ੍ਹੇ ਵਿਚ 7 ਮੌਤਾਂ ਹੁਣ ਤੱਕ ਹੋਈਆਂ ਹਨ।
ਇਸ ਤੋਂ ਪਹਿਲਾਂ ਸ. ਸਿੱਧੂ ਨੇ ਤਪਾ ਵਿਖੇ ਅਮਰਜੀਤ ਸਿੰਘ ਧਾਲੀਵਾਲ ਦੇ ਮਾਰਕੀਟ ਕਮੇਟੀ ਤਪਾ ਦੇ ਚੇਅਰਮੈਨ ਵਜੋਂ ਅਹੁਦਾ ਸਾਂਭਣ ਦੀ ਰਸਮ ’ਚ ਸ਼ਿਰਕਤ ਕੀਤੀ। ਇਸ ਮੌਕੇ ਬੋਲਦਿਆਂ ਉਹਨਾਂ ਕਿਹਾ ਕਿ ਕਰੋਨਾ ਵਾਇਰਸ ਨਾਲ ਨਜਿੱਠਣ ਵਿੱਚ ਪੰਜਾਬ ਸਰਕਾਰ ਵਲੋਂ ਕਿਸੇ ਵੀ ਕਿਸਮ ਦੀ ਕੋਈ ਵੀ ਕਸਰ ਨਹੀਂ ਛੱਡੀ ਜਾ ਰਹੀ। ਇਸ ਵਾਸਤੇ ਸਿਹਤ ਵਿਭਾਗ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਹਨ, ਪਰ ਸੂਬਾ ਵਾਸੀ ਆਪਣੇ ਪੱਧਰ ’ਤੇ ਵੀ ਕਰੋਨਾ ਤੋਂ ਬਚਣ ਲਈ ਇਹਤਿਆਤਾਂ ਦੀ ਪਾਲਣਾ ਕਰਨ।
ਉਨ੍ਹਾਂ ਆਖਿਆ ਕਿ ਦੇਸ਼ ਦੀ ਰਾਜਧਾਨੀ ਦਿੱੱਲੀ ਵਿੱਚ ਕੇਸ ਵੱਡੇ ਪੱਧਰ ’ਤੇ ਵਧਣ ਕਾਰਨ ਪੰਜਾਬ ਵਿਚ ਕਰੋਨਾ ਵਾਇਰਸ ਦੇ ਕੇਸ ਤੇਜ਼ੀ ਨਾਲ ਵਧੇ ਹਨ, ਕਿਉਂਕਿ ਉਥੋਂ ਦੇ ਵੱਡੀ ਗਿਣਤੀ ਮਰੀਜ਼ ਪੰਜਾਬ ਦੇ ਹਸਪਤਾਲਾਂ ਵਿੱਚ ਭਰਤੀ ਹੋਏ ਹਨ। ਉਹਨਾਂ ਕਿਹਾ ਕਿ ਪਹਿਲਾਂ ਪੰਜਾਬ ਸਰਕਾਰ ਵਲੋਂ ਤਪਾ ਵਾਸੀਆਂ ਨੂੰ ਚੰਗੀ ਸਿਹਤ ਸੁਵਿਧਾਵਾਂ ਦਿੰਦਿਆਂ 20 ਬਿਸਤਰਿਆਂ ਦਾ ਮਾਈ ਦੌਲਤਾਂ ਜੱਚਾ ਬੱਚਾ ਹਸਪਤਾਲ ਸਮਰਪਿਤ ਕੀਤਾ ਗਿਆ ਅਤੇ ਹੁਣ ਸਰਕਾਰ ਵਲੋਂ ਤਪਾ ਸ਼ਹਿਰ ਦੇ ਸਰਕਾਰੀ ਸਕੂਲ ਨੂੰ ਨਵÄ ਇਮਾਰਤ ਦੇਣ ਦੀ ਵਿਓਂਤਬੰਦੀ ਕੀਤੀ ਜਾ ਰਹੀ ਹੈ। ਉਹਨਾਂ ਵਿਸ਼ਵਾਸ ਦਵਾਇਆ ਕਿ ਤਪਾ ਵਾਸੀਆਂ ਵਲੋਂ ਮੰਡੀ ਸਬੰਧੀ ਰੱਖੀ ਗਈ ਮੰਗ ਨੂੰ ਵੀ ਜਲਦ ਪੂਰਾ ਕਰਨ ਦੇ ਯਤਨ ਕੀਤੇ ਜਾਣਗੇ।
ਉਹਨਾਂ ਮਾਰਕੀਟ ਕਮੇਟੀ ਤਪਾ ਦੇ ਨਵੇਂ ਚੁਣੇ ਗਏ ਚੇਅਰਮੈਨ ਸ਼੍ਰੀ ਅਮਰਜੀਤ ਸਿੰਘ ਧਾਲੀਵਾਲ ਅਤੇ ਉਹਨਾਂ ਦੀ ਟੀਮ ਨੂੰ ਵਧਾਈ ਦਿੰਦਿਆਂ ਕਿਹਾ ਕਿ ਵੱਢੇ ਅਹੁਦਿਆਂ ਨਾਲ ਜਿੰਮੇਵਾਰੀਆਂ ਵੀ ਵਧ ਜਾਂਦੀਆਂ ਹਨ। ਇਸ ਮੌਕੇ ਸਕੱਤਰ ਮਾਰਕੀਟ ਕਮੇਟੀ ਖਰੜ ਸ਼੍ਰੀ ਹਰਕੇਸ਼ ਚੰਦ ਸ਼ਰਮਾ, ਤਪਾ ਅਤੇ ਬਰਨਾਲਾ ਦੇ ਵੱਖ ਵੱਖ ਪਤਵੰਤੇ ਸੱਜਣ ਮੌਜੂਦ ਸਨ।