ਅਸ਼ੋਕ ਵਰਮਾ
ਚੰਡੀਗੜ ,7 ਅਗਸਤ ।ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਨੇ ਧਰਮਨਿਰਪੱਖਤਾ ਅਤੇ ਭਾਈਚਾਰਕ ਸਾਂਝ ਦੇ ਨਾਲ-ਨਾਲ ਦੇਸ਼ ਦੀ ਏਕਤਾ-ਅਖੰਡਤਾ ਭੰਗ ਕਰਨ ਵਾਲੇ ਮੋਦੀ ਸਰਕਾਰ ਦੇ ਫੈਸਲਿਆਂ ਦੀ ਜੋਰਦਾਰ ਨਿਖੇਧੀ ਕੀਤੀ ਹੈ। ਅੱਜ ਇਥੋਂ ਜਾਰੀ ਇੱਕ ਬਿਆਨ ਰਾਹੀਂ ਪਾਰਟੀ ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਅਤੇ ਕੇਂਦਰੀ ਸਟੈਂਡਿੰਗ ਕਮੇਟੀ ਦੇ ਮੈਂਬਰ ਸਾਥੀ ਹਰਕੰਵਲ ਸਿੰਘ ਨੇ ਕਿਹਾ ਕਿ ਅਯੁੱਧਿਆ ਵਿਖੇ ਮੰਦਰ ਸ਼ਿਲਾਨਿਆਸ ਅਤੇ ਭੂਮੀ ਪੂਜਨ ਆਦਿ ਵਿੱਚ ਸ਼ਾਮਲ ਹੋਕੇ ਮੋਦੀ ਸਰਕਾਰ ਨੇ ਨਾ ਕੇਵਲ ਸਥਾਪਿਤ ਲੋਕਰਾਜੀ ਮਾਪਦੰਡਾਂ ਦੀਆਂ ਧੱਜੀਆਂ ਉਡਾਈਆਂ ਹਨ ਬਲਕਿ ਇਹ ਵੀ ਸਪਸ਼ਟ ਸੰਦੇਸ਼ ਦਿੱਤਾ ਹੈ ਕਿ ਸੰਘ-ਭਾਜਪਾ ਆਗੂਆਂ ਦੇ ਮਨਾਂ ਵਿੱਚ ਭਾਰਤ ਦੇ ‘ਅਨੇਕਤਾ ਵਿੱਚ ਏਕਤਾ’ ਵਾਲੇ ਸਵਰੂਪ ਪ੍ਰਤੀ ਉੱਕਾ ਹੀ ਕੋਈ ਸਨਮਾਨ ਨਹੀਂ। ਸਾਥੀ ਪਾਸਲਾ ਅਤੇ ਹਰਕੰਵਲ ਨੇ ਕਿਹਾ ਕਿ ਇਸ ਪ੍ਰਕਿਰਿਆ ਵਿੱਚ ਦੇਸ਼ ਦੀ ਸਰਵ ਉੱਚ ਅਦਾਲਤ ਦੇ ਦਿਸ਼ਾ ਨਿਰਦੇਸ਼ਾਂ ਦੀ ਵੀ ਰੱਜ ਕੇ ਅਣਦੇਖੀ ਕੀਤੀ ਗਈ ਹੈ।
ਉਨਾਂ ਇਸ ਸਮੁੱਚੇ ਘਟਨਾਕ੍ਰਮ ਦੌਰਾਨ ਕਾਂਗਰਸ ਸਮੇਤ ਦੇਸ਼ ਦੀਆਂ ਬਾਕੀ ਹਾਕਮ ਜਮਾਤੀ ਰਾਜਸੀ ਪਾਰਟੀਆਂ ਵੱਲੋਂ ਅਪਣਾਈ ਗਈ ਮੌਕਾਪ੍ਰਸਤੀ ਵਾਲੀ ਭੂਮਿਕਾ ਦੀ ਵੀ ਨੁਕਤਾਚੀਨੀ ਕੀਤੀ। ਉਨਾਂ ਸੰਘ ਮੁਖੀ ਮੋਹਨ ਭਾਗਵਤ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮੰਦਰ ਦੇ ਮੁੱਖ ਪੁਜਾਰੀ ਵੱਲੋਂ ਦੇਸ਼ ਦੀ ਬਹੁਗਿਣਤੀ ਵਸੋਂ ਦੇ ਧਾਰਮਿਕ ਅਕੀਦੀਆਂ ਤੇ ਰਾਸ਼ਟਰ ਦੇ ਸੰਕਲਪ ਨੂੰ ਇੱਕ ਮਿੱਕ ਕਰਨ ਅਤੇ ਭਾਰਤ ਦੇ ਸੁਤੰਤਰਤਾ ਦਿਹਾੜੇ 15 ਅਗਸਤ ਮੌਕੇ ਭੂਮੀ ਪੂਜਨ ਦਿਵਸ, 5 ਅਗਸਤ ਨੂੰ ਬਰਾਬਰ ਮਹੱਤਵ ਦੇਣ ਵਾਲੇ ਬਿਆਨਾਂ ਦਾ ਗੰਭੀਰ ਨੋਟਿਸ ਲੈਂਦਿਆਂ ਦੇਸ਼ ਵਾਸੀਆਂ ਨੂੰ ਅਜਿਹੇ ਬਿਆਨਾਂ ਪਿੱਛੇ ਕੰਮ ਕਰਦੀ ਮਾਨਸਿਕਤਾ ਨੂੰ ਡੂੰਘਾਈ ਨਾਲ ਸਮਝਣ ਅਤੇ ਇਸ ਤਬਾਹਕੁੰਨ ਸੋਚ ਤੋਂ ਸੁਚੇਤ ਰਹਿਣ ਲਈ ਆਖਿਆ ਹੈ।
ਕਮਿਊਨਿਸਟ ਆਗੂਆਂ ਨੇ ਸੰਘ ਭਾਜਪਾ ਦੀਆਂ ਫਿਰਕੂ ਵੰਡ ਤਿੱਖੀ ਕਰਨ ਦੀਆਂ ਆਪਣੀਆਂ ਚਾਲਾਂ ਦੀ ਸੁਤੰਤਰਤਾ ਸੰਗਰਾਮ ਨਾਲ ਤੁਲਨਾ ਕਰਨ ਨੂੰ ਸੁਤੰਤਰਤਾ ਸੰਗਰਾਮ ਦੇ ਮਹਾਨ ਸ਼ਹੀਦਾਂ ਅਤੇ ਜੁਝਾਰੂਆਂ ਦੀ ਤੌਹੀਨ ਕਰਾਰ ਦਿੱਤਾ। ਉਨਾਂ ਕਿਹਾ ਕਿ ਆਜ਼ਾਦੀ ਸੰਗਰਾਮੀਏ ਸਾਰੇ ਧਰਮਾਂ ਨੂੰ ਮੰਨਣ ਵਾਲੇ ਭਾਰਤ ਵਾਸੀਆਂ ਦੀ ਸਿੱਕੇਬੰਦ ਏਕਤਾ ਦੇ ਮੁੱਦਈ ਸਨ ਜਦਕਿ ਸੰਘ ਦਾ ਮੂਲ ਏਜੰਡਾ ਹੀ ਇਸ ਤੋਂ ਵੱਖਰਾ ਹੈ। ਉਨਾਂ ਸਮੁੱਚੀਆਂ ਖੱਬੀਆਂ, ਪ੍ਰਗਤੀਸ਼ੀਲ ਅਤੇ ਸੰਗਰਾਮੀ ਸ਼ਕਤੀਆਂ ਨੂੰ ਉਕਤ ਸਾਜ਼ਿਸ਼ੀ ਵਰਤਾਰੇ ਵਿਰੁੱਧ ਇੱਕਜੁਟ ਲੋਕ ਲਾਮਬੰਦੀ ਅਤੇ ਮੁਜਹਮਤ ਉਸਾਰਨ ਦੀ ਵੀ ਅਪੀਲ ਕੀਤੀ। ਆਗੂਆਂ ਨੇ ਦੇਸ਼ ਵਿੱਚ ਜਮਹੂਰੀਅਤ, ਸੈਕੁਲਰਿਜ਼ਮ, ਫੈਡਰਲਿਜ਼ਮ, ਵਿਗਿਆਨਕ ਸੋਚ, ਅਗਾਂਹਵਧੂ ਵਿਚਾਰਾਂ ਅਤੇ ਸਮੁੱਚੇ ਦੇਸ਼ ਵਾਸੀਆਂ ਲਈ ਹਰ ਖੇਤਰ ਵਿੱਚ ਸਮਾਨ ਅਧਿਕਾਰਾਂ ਦੀ ਜਾਮਣੀ ਦੇ ਚਾਹਵਾਨਾਂ ਨੂੰ ਸੰਗਰਾਮ ਵਿੱਚ ਵਧ ਚੜ ਕੇ ਸ਼ਾਮਲ ਹੋਣ ਦੀ ਅਪੀਲ ਕੀਤੀ।