10.3 C
United Kingdom
Saturday, June 6, 2026

More

    ਬੈਂਕ ਮੈਨੇਜਰ ‘ਤੇ ਖੇਤੀ ਲਿਮਟ ਚੋਂ ਪੈਸੇ ਕਢਵਾ ਕੇ ਵਰਤਣ ਦੇ ਦੋਸ਼

    ਅਸ਼ੋਕ ਵਰਮਾ
    ਬਠਿੰਡਾ,6 ਜੁਲਾਈ। ਜਿਲਾ ਬਠਿੰਡਾ ਦੇ ਪਿੰਡ ਬਾਂਡੀ ਦੇ ਇੱਕ ਕਿਸਾਨ ਨੇ ਆਈਸੀਆਈਸੀਆਈ ਬੈਂਕ ਸੰਗਤ ਮੰਡੀ ਬਰਾਂਚ ਦੇ ਮੈਨੇਜਰ ਤੇ ਉਨਾਂ ਦੀ ਖੇਤੀ ਲਿਮਿਟ ਵਿੱਚੋਂ ਪੈਸੇ ਕੱਢਵਾ ਕੇ ਵਰਤਣ ਦੇ ਦੋਸ਼ ਲਾਏ ਹਨ ਜਿੰਨਾਂ ਨੂੰ ਬਰਾਂਚ ਮੈਨੇਜਰ ਨੇ ਬੇਬੁਨਿਆਦ ਅਤੇ ਝੂਠੇ ਦੱਸਦਿਆਂ ਇਸ ਨੂੰ ਬਲੈਕਮੇਲ ਕਰਨ ਦੀ ਕਾਰਵਾਈ ਕਰਾਰ ਦਿੱਤਾ ਹੈ। ਪੀੜਤ ਕਿਸਾਨ ਮੱਖਣ ਸਿੰਘ ਪੁੱਤਰ ਹਾਕਮ ਸਿੰਘ ਦੇ ਲੜਕੇ ਨਛੱਤਰ ਸਿੰਘ ਨੇ ਦੱਸਿਆ ਕਿ ਉਸਦੇ ਪਿਤਾ ਦੀ ਸੰਗਤ ਮੰਡੀ ਬੈਂਕ ਵਿੱਚ 5 ਲੱਖ 5 ਹਜ਼ਾਰ ਦੀ ਖੇਤੀ ਲਿਮਿਟ ਬਣਾਈ ਹੋਈ ਹੈ ਜਿਸ ਵਿਚੋਂ 2 ਲੱਖ ਰੁਪਏ ਮੱਖਣ ਸਿੰਘ ਨੇ 2 ਮਾਰਚ 2020 ਨੂੰ ਕਢਵਾ ਲਏ ਸਨ। ਉਨਾਂ ਦੱਸਿਆ ਕਿ ਲੰਘੀ 6 ਮਈ ਨੂੰ ਮੱਖਣ ਸਿੰਘ ਦੀ ਮੌਤ ਹੋ ਗਈ ਸੀ ।
            ਉਨਾਂ ਦੱਸਿਆ ਕਿ ਇਸ ਤੋਂ ਬਾਅਦ ਉਸ ਨੇ ਬੈਂਕ ਜਾ ਕੇ ਪੈਸੇ ਭਰਨ ਬਾਰੇ ਕਿਹਾ ਤਾਂ ਪਤਾ ਲੱਗਿਆ ਕਿ 1.5 ਲੱਖ ਰੁਪਏ ਖਾਤੇ ਵਿਚੋਂ ਹੋਰ ਕਢਵਾਏ ਗਏ ਹਨ। ਕਿਸਾਨ ਨੇ ਦੱਸਿਆ ਕਿ ਪੜਤਾਲ ਕਰਨ ਤੇ ਪਤਾ ਲੱਗਿਆ ਕਿ ਇਹ ਪੈਸੇ ਬੈਂਕ ਮੈਨੇਜਰ ਨੇ ਕਿਸਾਨ ਦੀ ਸਹਿਮਤੀ ਤੋਂ ਬਿਨਾਂ ਕਥਿਤ ਤੌਰ ਤੇ ਖੁਦ  ਕਢਵਾਏ ਹਨ। ਉਨਾਂ ਆਖਿਆ ਕਿ ਪਰਿਵਾਰ ਵੱਲੋਂ ਰੌਲਾ ਪਾਉਣ ਤੇ ਮੈਨੇਜਰ ਨੇ ਪਿੰਡ ਦੇ ਮੋਹਤਬਰਾਂ ਦੀ ਹਾਜ਼ਰੀ ਵਿੱਚ 25 ਜੁਲਾਈ ਤੱਕ ਪੈਸੇ ਭਰਕੇ     ਦੇਣ ਦਾ ਵਾਅਦਾ ਕਰ ਲਿਆ। ਉਨਾਂ ਦੱਸਿਆ ਕਿ ਜਦੋਂ 25 ਜੁਲਾਈ ਤੱਕ ਪੈਸੇ ਨਾ ਭਰੇ ਤਾਂ ਪਰਿਵਾਰ ਨੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਧਿਆਨ ’ਚ ਲਿਆਂਦਾ ਸੀ।
         ਉਨਾਂ ਦੱਸਿਆ ਕਿ ਜੱਥੇਬੰਦੀ ਦੇ ਦਬਾਅ ਸਦਕਾ 31 ਜੁਲਾਈ ਨੂੰ ਮੈਨੇਜਰ ਨੇ 1 ਲੱਖ ਚਾਰ ਹਜ਼ਾਰ ਰੁਪਏ ਭਰ ਦਿੱਤੇ। ਉਨਾਂ ਦੱਸਿਆ ਕਿ ਬਾਕੀ ਪੈਸਿਆਂ ਬਾਰੇ  ਅੱਜ ਜਥੇਬੰਦੀ ਦਾ ਵਫ਼ਦ ਮੈਨੇਜਰ ਨੂੰ ਮਿਲਿਆ ਤਾਂ ਉਹ  ਸਮਝੌਤੇ ਤੋਂ ਕਥਿਤ ਤੌਰ ਤੇ ਮੁੱਕਰ ਗਿਆ।  ਨਛੱਤਰ ਸਿੰਘ ਨੇ ਬੈਂਕ ਦੇ ਉੱਚ ਅਧਿਕਾਰੀਆਂ ਤੋਂ ਬੈਂਕ ਮੈਨੇਜਰ ਖ਼ਿਲਾਫ਼ ਕਾਰਵਾਈ ਅਤੇ ਪੈਸਿਆਂ ਦੀ ਵਾਪਸੀ ਦੀ ਮੰਗ ਕੀਤੀ ਹੈ। ਉਨਾਂ ਹੋਰਨਾਂ ਖਾਤਿਆਂ ਨਾਲ ਵੀ ਕਥਿਤ ਛੇੜਛਾੜ ਦਾ ਖਦਸ਼ਾ ਪ੍ਰਗਟਾਉਂਦਿਆਂ ਬਾਕੀ ਖਾਤਾ ਧਾਰਕਾਂ ਦੇ ਖਾਤਿਆਂ ਦੀ ਵੀ ਉਚ ਪੱਧਰੀ ਜਾਂਚ ਕਰਨ ਦੀ ਅਪੀਲ ਕੀਤੀ ਹੈ। ਇਸ ਮੌਕੇ ਚਰਨਜੀਤ ਸਿੰਘ ਬਾਂਡੀ, ਅਮਰੀਕ ਸਿੰਘ, ਅਜੈਪਾਲ ਘੁੱਦ , ਰਣਦੀਪ ਸਿੰਘ, ਹਰਭਜਨ ਸਿੰਘ ਅਤੇ ਸੋਨੀ ਸਿੱਧੂ ਆਦਿ ਹਾਜਰ ਸਨ।

           ਕਿਸਾਨ ਵੱਲੋਂ ਲਾਏ ਦੋਸ਼ ਝੂਠੇ: ਮੈਨੇਜਰ
     ਆਈਸੀਆਈਸੀਆਈ ਬੈਂਕ ਸੰਗਤ ਮੰਡੀ ਬਰਾਂਚ ਦੇ ਮੈਨੇਜਰ ਸੁਮਿਤ ਬਾਂਸਲ ਦਾ ਕਹਿਣਾ ਸੀ ਕਿ ਲਿਮਟ ਚੋਂ ਕਿਸੇ ਵਿਅਕਤੀ ਨੇ ਮੱਖਣ ਸਿੰਘ ਦੀ ਰਜਾਮੰਦੀ ਨਾਲ ਪੈਸੇ ਕਢਵਾਏ ਸਨ ਜਿਸ ਚੋਂ 1 ਲੱਖ 4 ਹਜਾਰ ਰੁਪਿਆ ਸਬੰਧਤ ਵਿਅਕਤੀ ਭਰ ਗਿਆ ਹੈ। ਉਨਾਂ ਆਖਿਆ ਕਿ ਉਹ ਬਾਕੀ 46 ਹਜਾਰ ਰੁਪਿਆ ਭਰਨ ਲਈ ਰਜਾਮੰਦ ਹੈ ਜਦੋਂਕਿ ਕਿਸਾਨ 46 ਹਜਾਰ ਨਕਦ ਮੰਗ ਰਿਹਾ ਹੈ। ਉਨਾਂ ਆਖਿਆ ਕਿ ਉਨਾਂ ਤੇ ਲਾਏ ਜਾ ਰਹੇ ਦੋਸ਼ ਬੇਬੁਨਿਆਦ ਤੇ ਝੂਠੇ ਹਨ ਅਤੇ ਉਲਟਾ ਕਿਸਾਨ ਪੈਸਿਆਂ ਦੀ ਆੜ ’ਚ ਉਨਾਂ ਨੂੰ ਬਲੈਕਮੇਲ ਕਰ ਰਿਹਾ ਹੈ।  

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!