ਅਸ਼ੋਕ ਵਰਮਾ
ਮਾਨਸਾ,5 ਜੁਲਾਈ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜਿਲਾ ਮਾਨਸਾ ਦੀ ਜਿਲਾ ਕਮੇਟੀ ਦੀ ਅੱਜ ਰਾਮ ਸਿੰਘ ਭੈਣੀ ਬਾਘਾ ਦੀ ਅਗਵਾਈ ਹੇਠ ਹੋਈ ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ‘ਪਿੰਡ ਹਲਾਓ ਪਿੰਡ ਜਗਾਓ’ ਮੁਹਿੰਮ ਤਹਿਤ ਪਿੰਡਾਂ ਵਿੱਚ 15 ਤੋਂ 21 ਅਗਸਤ ਤੱਕ ਪਿੰਡ ਨਾਕੇ ਲਗਾ ਕੇ ਅਕਾਲੀ ਭਾਜਪਾ ਦੇ ਚੁਣੇ ਆਗੂਆਂ ਨੂੰ ਪਿੰਡਾਂ ਵਿੱਚ ਵੜਨ ਤੋਂ ਰੋਕਿਆ ਜਾਵੇਗਾ ਅਤੇ ਨਾਕਿਆਂ ਤੇ ਉਨਾਂ ਦਾ ਘਿਰਾਓ ਕੀਤਾ ਜਾਵੇਗਾ । ਜਥੇਬੰਦੀ ਦੀ ਸੂਬਾ ਸਕੱਤਰ ਹਰਿੰਦਰ ਕੌਰ ਬਿੰਦੂ ਨੇ ਸੰਬੋਧਨ ਕਰਦੇ ਹੋਏ ਦੱਸਿਆ ਕਿ ਕੇਂਦਰ ਵਲੋਂ ਜਾਰੀ ਤਿੰਨ ਖੇਤੀ ਵਿਰੋਧੀ ਆਰਡੀਨੈਂਸਾਂ ਨੂੰ ਰੱਦ ਕਰਨ ਤਕ ਸੰਘਰਸ਼ ਜਾਰੀ ਰਹੇਗਾ । ਸ੍ਰੀਮਤੀ ਬਿੰਦੂ ਨੇ ਕਿਹਾ ਕਿ ਪੰਜਾਬ ਦੇ ਸਾਰੇ ਪਿੰਡਾਂ ਵਿਚ ਕੇਂਦਰੀ ਆਗੂਆਂ ਅਤੇ ਅਕਾਲੀ ਭਾਜਪਾ ਦੇ ਚੁਣੇ ਐਮ ਐਲ ਏਜ ਤੇ ਮੈਂਬਰ ਪਾਰਲੀਮੈਂਟਾਂ ਨੂੰ ਪੇਂਡੂ ਨਾਕਿਆਂ ਤੇ ਘੇਰਿਆ ਜਾਵੇਗਾ ਅਤੇ ਉਨਾਂ ਦੀ ਸਰਕਾਰ ਵਲੋਂ ਲਏ ਗਏ ਕਿਸਾਨ ਵਿਰੋਧੀ ਫੈਸਲਿਆਂ ਤੇ ਸੁਆਲ ਕੀਤੇ ਜਾਣਗੇ ।
ਜਥੇਬੰਦੀ ਦੇ ਜਿਲਾ ਪ੍ਰਧਾਨ ਰਾਮ ਸਿੰਘ ਭੈਣੀ ਬਾਘਾ ਨੇ ਕਿਹਾ ਕਿ ਅਕਾਲੀ ਦਲ ਅਤੇ ਭਾਰਤੀ ਜੰਤਾ ਪਾਰਟੀ ਨੇ ਖੇਤੀ ਆਰਡੀਨੈਂਸਾਂ ਦੀ ਹਮਾਇਤ ਕਰਕੇ ਕਿਸਾਨਾਂ ਨਾਲ ਧਰੋਹ ਕਮਾਇਆ ਹੈ ਜਿਸ ਨੂੰ ਕਿਸਾਨ ਬਰਦਾਸ਼ਤ ਨਹੀਂ ਕਰਨਗੇ। ਉਨਾਂ ਆਖਿਆ ਕਿ ਇੰਨਾਂ ਆਰਡੀਨੈਂਸਾਂ ਦੀ ਬਦੌਲਤ ਖੇਤੀ ਤਬਾਹ ਹੋ ਜਾਏਗੀ ਅਤੇ ਕਿਸਾਨ ਬਰਬਾਦ ਹੋ ਜਾਣਗੇ ਇਸ ਲਈ ਜਿੰਨੀ ਦੇਰ ਤੱਕ ਤਿੰਨੇ ਖੇਤੀ ਵਿਰੋਧੀ ਆਰਡੀਨੈਂਸਾਂ ਨੂੰ ਰੱਦ ਨਹੀਂ ਕੀਤਾ ਜਾਂਦਾ, ਜਥੇਬੰਦੀ ਟਿਕ ਕੇ ਨਹੀਂ ਬੈਠੇਗੀ। ਇਸ ਮੌਕੇ ਜਥੇਬੰਦੀ ਦੇ ਬਲਾਕ ਪ੍ਰਧਾਨ ਜੁਗਿੰਦਰ ਦਿਆਲਪੁਰਾ, ਮਲਕੀਤ ਸਿੰਘ ਝੁਨੀਰ, ਸਾਧੂ ਸਿੰਘ ਭੀਖੀ, ਜਗਦੇਵ ਸਿੰਘ ਭੈਣੀ ਬਾਘਾ ਅਤੇ ਲੀਲਾ ਸਿੰਘ ਜਟਾਣਾ ਨੇ ਵੀ ਸੰਬੋਧਨ ਕੀਤਾ । ਜਿਲਾ ਸਕੱ+ਤਰ ਇੰਦਰਜੀਤ ਸਿੰਘ ਅਤੇ ਜਿਲਾ ਵਿੱਤ ਸਕੱਤਰ ਮਹਿੰਦਰ ਸਿੰਘ ਨੇ ਦਸਿਆ ਕਿ ਬਲਾਕ ਕਮੇਟੀਆਂ ਦੀਆਂ ਮਿਤੀਆਂ ਤੈਅ ਕਰ ਦਿੱਤੀਆਂ ਗਈਆਂ ਹਨ ਜਿੰਨਾ ਵਿੱਚ ਹਰ ਪਿੰਡ ਦੀ ਵਿਸਥਾਰ ਸਹਿਤ ਯੋਜਨਾ ਬਣਾਈ ਜਾਵੇਗੀ ।