4.4 C
United Kingdom
Sunday, March 8, 2026

More

    ਜਿਲ੍ਹਾ ਪ੍ਰੀਸ਼ਦ ਬਠਿੰਡਾ ਦੇ ਦੋਵੇਂ ਅਹੁਦਿਆਂ ‘ਤੇ ਪਹਿਲੇ ਉਮੀਦਵਾਰ ਜੇਤੂ

    ਅਸ਼ੋਕ ਵਰਮਾ
    ਬਠਿੰਡਾ, 4 ਅਗਸਤ।  ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਤੇ  ਜ਼ਿਲਾ ਪ੍ਰੀਸ਼ਦ ਬਠਿੰਡਾ ਦੇ ਚੇਅਰਮੈਨ ਅਤੇ ਵਾਈਸ ਚੇਅਰਮੈਨ ਦੀ ਅੱਜ ਕਰਵਾਈ ਚੋਣ ’ਚ ਪਹਿਲਾਂ ਵਾਲੇ ਦੋਵੇਂ ਉਮੀਦਵਾਰ ਚੋਣ ਜਿੱਤ ਗਏ ਹਨ। ਹਾਈਕੋਰਟ ਵੱਲੋਂ ਕੁੱਝ ਦਿਨ ਪਹਿਲਾਂ ਇਹ ਚੋਣ ਰੱਦ ਕਰ ਦਿੱਤੀ ਗਈ ਸੀ। ਹਾਈਕੋਰਟ ਨੇ ਦੋਵਾਂ ਅਹੁਦਿਆਂ ਲਈ ਬਠਿੰਡਾ ਪ੍ਰਸ਼ਾਸ਼ਨ ਨੂੰ ਜਲਦੀ ਤੋਂ ਜਲਦੀ ਮੁੜ ਤੋਂ ਚੋਣ ਕਰਵਾਉਣ ਦੇ ਹੁਕਮ ਦਿੱਤੇ ਸਨ। ਅੱਜ ਕਰਵਾਈ ਚੋਣ ’ਚ ਭੁੱਚੇ ਮੰਡੀ ਇਲਾਕੇ ਦੇ ਕਾਂਗਰਸੀ ਆਗੂ ਤੇਜਾ ਸਿੰਘ ਦੰਦੀਵਾਲ ਦੀ ਪਤਨੀ ਮਨਜੀਤ ਕੌਰ ਦੰਦੀਵਾਲ ਨੂੰ  ਚੇਅਰਪਰਸਨ ਅਤੇ ਵਾਈਸ ਚੇਅਰਮੈਨ ਦੇ ਤੌਰ ਤੇ ਗੁਰਇਕਬਾਲ ਸਿੰਘ ਚਹਿਲ ਨੂੰ ਚੁਣਿਆ ਗਿਆ ਹੈ। ਅੱਜ ਇਹ ਚੋਣ ਏਡੀਸੀ ਜਨਰਲ ਸ. ਰਾਜਦੀਪ ਸਿੰਘ ਬਰਾੜ ਦੀ ਅਗਵਾਈ ਹੇਠ ਕਰਵਾਈ ਗਈ ਸੀ। ਸਰਕਾਰੀ ਤੌਰ ਤੇ ਜਾਰੀ ਸੂਚਨਾ  ਅਨੁਸਾਰ ਜ਼ਿਲਾ ਪ੍ਰੀਸ਼ਦ ਬਠਿੰਡਾ ਦੇ ਕੁੱਲ 25 ਮੈਂਬਰ ਹਨ, ਜਿਨਾਂ ਵਿਚੋਂ ਇੱਕ ਮੈਂਬਰ ਦੀ ਮੌਤ ਹੋ ਚੁੱਕੀ ਹੈ।
                   ਚੋਣ ਮੌਕੇ ਕੁੱਲ 23 ਮੈਂਬਰਾਂ ਨੇ ਭਾਗ ਲਿਆ ਜਦਕਿ ਇੱਕ ਮੈਂਬਰ ਗੈਰ ਹਾਜ਼ਰ ਰਿਹਾ। ਦੋਵਾਂ ਅਹੁਦਿਆਂ ਦੀ ਚੋਣ ਲਈ ਜਦ ਮੈਂਬਰਾਂ ਦੀ ਆਪਸੀ ਸਹਿਮਤੀ ਨਾ ਹੋਈ ਤਾਂ ਵੋਟਿੰਗ ਕਰਵਾਉਣੀ ਪਈ ਹੈ। ਜ਼ਿਲਾ ਪ੍ਰੀਸ਼ਦ ਦੇ ਸੈਕਟਰੀ ਨੇ ਦੱਸਿਆ ਕਿ ਚੇਅਰਪਰਸਨ ਦੀ ਚੋਣ ਲਈ ਮਨਜੀਤ ਕੌਰ (ਭੁੱਚੋਂ ਕਲਾਂ ਜੋਨ) ਤੇ ਸੁਖਪਾਲ ਕੌਰ (ਬਹਿਮਣ ਦੀਵਾਨਾ ਜੋੋਨ) ਮੁਕਾਬਲੇ ’ਚ ਸਨ। ਵੋਟਿੰਗ ਦੌਰਾਨ ਮਨਜੀਤ ਕੌਰ ਨੂੰ 12 ਵੋਟਾਂ ਤੇ ਸੁਖਪਾਲ ਕੌਰ ਨੂੰ 11 ਵੋਟਾਂ ਪਈਆਂ। ਇਸ ਤਰਾਂ ਮਨਜੀਤ ਕੌਰ 1 ਵੋਟ ਵੱਧ ਪ੍ਰਾਪਤ ਕਰਕੇ ਚੇਅਰਪਰਸਨ ਚੁਣੀ ਗਈ।ਵਾਇਸ ਚੇਅਰਮੈਨ ਦੇ ਅਹੁਦੇ ਲਈ ਗੁਰਇਕਬਾਲ ਸਿੰਘ (ਜੈ ਸਿੰਘ ਵਾਲਾ ਜੋਨ) ਤੇ ਪਰਮਜੀਤ ਕੌਰ (ਕੁੱਤੀਵਾਲ ਕਲਾਂ ਜੋਨ) ਉਮੀਦਵਾਰਾਂ ਵਜੋਂ ਸਾਹਮਣੇ ਆਏ। ਵੋਟਿੰਗ ਦੌਰਾਨ ਗੁਰਇੱਕਬਾਲ ਸਿੰਘ ਨੂੰ 13 ਵੋਟਾਂ ਤੇ ਪਰਮਜੀਤ ਕੌਰ ਨੂੰ 10 ਵੋਟਾਂ ਪ੍ਰਾਪਤ ਹੋਈਆਂ। ਇਸ ਤਰਾਂ ਗੁਰਇੱਕਬਾਲ ਸਿੰਘ 3 ਵੱਧ ਵੋਟਾਂ ਪ੍ਰਾਪਤ ਕਰਕੇ ਵਾਇਸ ਚੇਅਰਮੈਨ ਚੁਣੇ ਗਏ।
                       ਦੱਸਣਯੋਗ ਹੈ ਕਿ ਇੰਨਾਂ ਅਹੁਦਿਆਂ ਲਈ ਚੋਣ ਕਰਵਾਉਣ ਵਾਸਤੇ ਤਿੰਨ ਵਾਰ ਪ੍ਰੋਗਰਾਮ ਬਣਿਆ ਸੀ ਪਰ ਤਿੰਨੋ ਵਾਰ ਚੋਣ ਮੁਲਤਵੀ ਕਰ ਦਿੱਤੀ ਗਈ ਸੀ । ਅੰਤ ਨੂੰ 20 ਦਸੰਬਰ 2019 ਨੂੰ ਚੋਣ ਕਰਨ ਲਈ ਜਿਲਾ ਪ੍ਰੀਸ਼ਦ ਦੇ  ਮੈਂਬਰਾਂ ਦੀ ਮੀਟਿੰਗ ਬੁਲਾਈ ਸੀ ਜਿਸ ਦੌਰਾਨ ਕਰਵਾਈ  ਚੋਣ ’ਚ ਇਹੋ ਦੋਵੇਂ ਉਮੀਦਵਾਰ ਜੇਤੂ ਰਹੇ ਸਨ । ਜ਼ਿਲਾ ਪ੍ਰੀਸ਼ਦ ਦੀ ਮੈਂਬਰ ਤੇ ਚੇਅਰਮੈਨ ਦੀ ਦਾਅਵੇਦਾਰ ਸੁਖਪਾਲ ਕੌਰ ਨੇ  ਹਾਈ ਕੋਰਟ ‘ਚ ਪਟੀਸ਼ਨ ਦਾਇਰ ਕਰਕੇ ਜ਼ਿਲਾ ਪ੍ਰੀਸ਼ਦ ਦੀ ਚੇਅਰਮੈਨ ਅਤੇ ਵਾਈਸ ਚੇਅਰਮੈਨ ਦੀ ਚੋਣ ਦੌਰਾਨ ਪੰਚਾਇਤੀ ਰਾਜ ਐਕਟ ਦੇ ਨਿਯਮਾਂ ਦਾ ਪਾਲਣ ਨਾਂ ਕਰਨ ਅਤੇ   ਵੋਟਿੰਗ ਦੀ ਥਾਂ ਦੋਵੇਂ ਅਹੁਦੇ  ਐਲਾਨਣ ਦੇ ਦੋਸ਼ ਲਾਉਂਦਿਆਂ ਹਾਈਕੋਰਟ ’ਚ ਰਿੱਟ ਦਾਇਰ ਕਰ ਦਿੱਤੀ ਸੀ।


                   ਉਨਾਂ ਨੇ ਚੋਣ ਵਾਲੇ ਦਿਨ ਬਠਿੰਡਾ ਗੋਨਿਆਣਾ ਸੜਕ ਮਾਰਗ ਤੇ ਧਰਨਾ ਵੀ ਲਾਇਆ ਸੀ ਅਤੇ ਇੱਕ ਮੰਤਰੀ  ਦੀ ਕਥਿਤ ਸ਼ਹਿ ਤੇ ਮਨਜੀਤ ਕੌਰ ਨੂੰ ਚੇਅਰਮੈਨ ਅਤੇ ਗੁਰਇਕਬਾਲ ਸਿੰਘ ਚਹਿਲ ਨੂੰ ਵਾਈਸ ਚੇਅਰਮੈਨ ਐਲਾਨਣ ਦੇ ਦੋਸ਼ ਲਾਏ ਸਨ। ਸੁਖਪਾਲ ਕੌਰ ਨੇ ਪਟੀਸ਼ਨ ’ਚ ਐੱਸਡੀਐੱਮ ਬਠਿੰਡਾ , ਮਨਜੀਤ ਕੌਰ ਅਤੇ ਗੁਰਇਕਬਾਲ ਸਿੰਘ ਚਹਿਲ ਦੇ ਨਾਲ ਨਾਲ  ਪੰਜਾਬ ਸਰਕਾਰ ਨੂੰ ਪਾਰਟੀ ਬਣਾਇਆ ਸੀ।  ਇਸ ਮਾਮਲੇ ਦੀ  ਸੁਣਵਾਈ ਕਰਦਿਆਂ  ਹਾਈ ਕੋਰਟ ਨੇ ਦੋਨਾਂ ਅਹੁਦਿਆਂ ‘ਤੇ ਰੋਕ ਲਗਾਕੇ ਪ੍ਰਸ਼ਾਸ਼ਨ ਨੂੰ ਜਲਦੀ ਚੋਣ ਕਰਵਾਉਣ ਦੇ ਹੁਕਮ ਦਿੱਤੇ ਸਨ ਜਿੰਨਾਂ ਦੇ ਅਧਾਰ ਤੇ ਅੱਜ ਡਿਪਟੀ ਕਮਿਸ਼ਨਰ ਬਠਿੰਡਾ ਦੀਆਂ ਹਦਾਇਤਾਂ ਤੋਂ ਬਾਅਦ ਚੋਣ ਪ੍ਰੋਗਰਾਮ ਉਲੀਕਿਆ ਗਿਆ ਸੀ ।
                    ਸੁਰੱਖਿਆ ਦੇ ਭਾਰੀ ਪ੍ਰਬੰਧ
    ਪਿਛਲੀ ਵਾਰ ਚੋਣ ਦੌਰਾਨ ਹੋਏ ਭਾਰੀ ਹੰਗਾਮੇ ਨੂੰ ਦੇਖਦਿਆਂ ਇਸ ਵਾਰ ਜਿਲਾ ਪ੍ਰਸ਼ਾਸ਼ਨ ਵੱਲੋਂ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਸਨ। ਇੱਥੋਂ ਤੱਕ ਕਿ ਮੀਡੀਆਂ ਨੂੰ ਵੀ ਅੰਦਰ ਜਾਣ ਦੀ ਮਨਾਹੀ ਕੀਤੀ ਹੋਈ ਸੀ। ਪੁਲਿਸ ਨੇ ਜਿਲਾ ਪ੍ਰੀਸ਼ਦ ’ਚ ਸਥਿਤ ਬੈਂਕ ’ਚ ਆਪੋ ਆਪਣੇ ਕੰਮ ਲੲਂ ਜਾਣ ਵਾਲੇ ਗਾਹਕਾਂ ਨੂੰ ਬਾਹਰੋਂ ਹੀ ਮੋੜ ਦਿੱਤਾ।   ਮੌਕੇ ਤੇ ਹਾਜਰ ਪੁਲਿਸ ਅਧਿਕਾਰੀਆਂ ਦਾ ਕਹਿਣਾ ਸੀ ਕਿ ਉਨਾਂ ਨੂੰ ਇਸ ਸਬੰਧੀ ਆਦੇਸ਼ ਹਨ ਤਾਂ ਹੀ ਉਹ ਕਿਸੇ ਨੂੰ ਚੋਣ ਵਾਲੀ ਥਾਂ ਤੇ ਜਾਣ ਨਹੀਂ ਦੇ ਰਹੇ ਹਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!