7.9 C
United Kingdom
Saturday, March 7, 2026

More

    ‘ਲਾਂਗ ਰੂਟ’ ਗੀਤ ਨਾਲ ਗਾਇਕ ਮਲਕੀਤ ਧਾਲੀਵਾਲ ਮੁੜ ਚਰਚਾ ‘ਚ

    (ਹਰਜੀਤ ਲਸਾੜਾ, ਬ੍ਰਿਸਬੇਨ 3 ਅਗਸਤ)

    ਪੰਜਾਬੀ ਗਾਇਕੀ ਦੇ ਖੇਮੇ ‘ਚ ਅੱਜ ਕੱਲ੍ਹ ਕੱਚ ਘਰੜ ਗਾਇਕਾਂ ਦੀ ਭਰਮਾਰ ਨੇ ਸਮੁੱਚੀ ਪੰਜਾਬੀ ਗਾਇਕੀ ਨੂੰ ਤਿਲਕਣ ‘ਤੇ ਲਿਆ ਖੜ੍ਹਾ ਕੀਤਾ ਹੈ ਅਤੇ ਸਮੁੱਚੇ ਬੁੱਧੀਜੀਵੀ ਵਰਗ ਨੂੰ ਸ਼ਰਮਸਾਰ ਵੀ ਕੀਤੀ ਹੈ। ਪਰ ਇਸ ਗੈਰਮਿਆਰੀ ਪੰਜਾਬੀ ਗਾਇਕੀ ਦੇ ਵਹਾਅ ‘ਚ ਕੁੱਝ ਚਿਹਰੇ ਆਪਣੀ ਬੁਲੰਦ ਅਵਾਜ਼ ਅਤੇ ਵੱਖਰੇ ਰੌਂ ਵਾਲੀ ਗਾਇਕੀ ਨਾਲ ਪਹਿਚਾਣ ਬਨਾਉਂਣ ‘ਚ ਸਫਲ ਵੀ ਹੋਏ ਹਨ। ਪਿਛੋਕੜ ਤੋਂ ਸ਼ਹਿਰ ਬਟਾਲਾ(ਪੰਜਾਬ) ਅਤੇ ਲਾਇਲਪੁਰ ਖਾਲਸਾ ਕਾਲਜ਼ ਜਲੰਧਰ ਤੋਂ ਪੜ੍ਹਾਈ ਦੌਰਾਨ ਪਾਰਖੂ ਉਸਤਾਦਾਂ ਦਾ ਚੰਡਿਆ ਗੱਭਰੂ ਨੇ ਆਸਟ੍ਰੇਲੀਆ ਲਈ ਪਰਵਾਸ ਦਾ ਰਾਹ ਚੁਣਿਆ। ਮਲਕੀਤ ਧਾਲੀਵਾਲ ਨੇ ਬਹੁਤ ਸਹਿਜਤਾ ਅਤੇ ਸੁਥਰਾਪਣ ਨਾਲ ਪੰਜਾਬੀ ਗਾਇਕੀ ‘ਚ ਨਾਮਣਾ ਖੱਟਿਆ ਹੈ। ਮਲਕੀਤ ਇਕ ਵਾਰ ਫੇਰ ਆਪਣੇ ਨਵੇਂ ਗੀਤ ‘ਲਾਂਗ ਰੂਟ’ ਨਾਲ ਟਰੱਕ ਡਰਾਇਵਰਾਂ ਦੀ ਹੱਡਬੀਤੀ ਸੁਣਾ ਕੇ ਸਿਰਾ ਲਾ ਗਿਆ ਹੈ। ਉਸਨੇ ਕਦੇ ਵੀ ਆਪਣੀ ਲੀਹ ਤੋਂ ਹੱਟਕੇ ਨਹੀਂ ਗਾਇਆ ਅਤੇ ਇਹੋ ਹੀ ਗਾਇਕ ਮਲਕੀਤ ਧਾਲੀਵਾਲ ਦੀ ਅਸਲੀ ਪਹਿਚਾਣ ਬਣੀ ਹੈ। ਆਪਣੇ ਇਸ ਨਵੇਂ ਗੀਤ ਵਿਚ ਵੀ ਮਲਕੀਤ ਨੇ ਟਰੱਕਾਂ ਵਾਲਿਆਂ ਦੀ ਗੱਲ ਕੀਤੀ ਹੈ ਕਿੰਝ ਉਨ੍ਹਾਂ ਵੀਰਾਂ ਦੀ ਵਹੁਟੀ ਨਾਲ ਨੋਕ-ਝੋਕ ਹੁੰਦੀ ਹੈ। ਗੀਤਕਾਰ ਸੁਰਜੀਤ ਸੰਧੂ ਦਾ ਕਲਮਬੱਧ ਕੀਤਾ ਮਿਆਰੀ ਗੀਤ ‘ਲਾਂਗ ਰੂਟ’ ਦਾ ਸੰਗੀਤ ਸਿੱਪ ਹੋਪਰ ਅਤੇ ਪਰਿਵਾਰਕ ਫਿਲਮਾਂਕਣ ਆਸਟ੍ਰੇਲੀਆ ‘ਚ ਰੰਧਾਵਾ ਮੀਡੀਆ ਵੱਲੋਂ ਬਖੂਬੀ ਕੀਤਾ ਗਿਆ ਹੈ। ਗੌਰਤਲਬ ਹੈ ਕਿ ਮਲਕੀਤ ਧਾਲੀਵਾਲ ਦੇ ਪਹਿਲੇ ਉਸਾਰੂ ਗੀਤਾਂ ‘ਸਰਦਾਰੀ’, ‘ਸਰਦਾਰ ਬੈਡਸ ਸਰਦਾਰਨੀ’, ‘ਜਿਉਣਾਂ ਮੌੜ’, ‘ਨਸ਼ੇੜੀ’ ਆਦਿ ਨੂੰ ਵੀ ਸਰੋਤਿਆਂ ਵੱਲੋਂ ਸਲਾਹਿਆ ਗਿਆ ਅਤੇ ਹਥਲੇ ਗੀਤ ਦੀ ਹਰ ਵਰਗ ਦੇ ਸਰੋਤਿਆਂ ਵੱਲੋਂ ਸ਼ਲਾਘਾ ਹੋ ਰਹੀ ਹੈ। ਬ੍ਰਿਸਬੇਨ ਸਥਿੱਤ ਕਮਿਊਨਟੀ ਰੇਡੀਓ ਫੋਰ ਈ ਬੀ 98.1FM ਦੀ ਪੰਜਾਬੀ ਟੀਮ ਨਾਲ ਇਕ ਮੁਲਾਕਾਤ ਦੌਰਾਨ ਗਾਇਕ ਮਲਕੀਤ ਨੇ ਕਿਹਾ ਕਿ ਅਸਲ ਗਾਇਕ ਉਹੀ ਹੈ ਜੋ ਸਟੂਡੀਓ ਤੋਂ ਬਾਹਰ ਖੁੱਲ੍ਹੇ ਅਖਾੜਿਆਂ ‘ਚ ਹਿੱਕ ਦੇ ਜ਼ੋਰ ਨਾਲ ਮਾਇਕ ਤੋਂ ਪਰੇ ਰਹਿ ਕੇ ਵੀ ਗਾ ਜਾਵੇ। ਉਹਨਾਂ ਹੋਰ ਕਿਹਾ ਕਿ ਉਹ ਆਉਂਦੇ ਸਮੇਂ ‘ਚ ਹੋਰ ਵਿਲੱਖਣ ਗੀਤ ਸਰੋਤਿਆਂ ਦੇ ਰੂਬਰੂ ਕਰਨਗੇ। ਸਰੋਤਿਆਂ ਵੱਲੋਂ ਮਿਲ ਰਹੇ ਪਿਆਰ ਦਾ ਧੰਨਵਾਦ ਕਰਦੇ ਹੋਏ ਮਲਕੀਤ ਨੇ ਕਿਹਾ ਕਿ ਸਰੋਤੇ ਮੇਰੇ ਲਈ ਹਮੇਸ਼ਾਂ ਪ੍ਰੇਰਣਾ-ਸ੍ਰੋਤ ਹਨ। ਉਹਨਾਂ ਭਾਵੁਕ ਹੁੰਦਿਆਂ ਕਿਹਾ ਕਿ ਸਰੋਤਿਆਂ ਦਾ ਸਨੇਹ ਅਤੇ ਝਿੱੜਕਾਂ ਮੇਰੇ ਲਈ ਨਵੀਆਂ ਪੈੜਾਂ ਨੂੰ ਸਿੱਜਦਾ ਕਰਨਾ ਹੈ। ਇਸ ਲਈ ਚੰਗਾ ਗਾਉਂਣਾ ਮੇਰਾ ਪਲੇਠਾ ਕਾਰਜ਼ ਰਹੇਗਾ। ਮੋਹਿੰਦਰ ਰੰਧਾਵਾ ਦੀ ਅਗਵਾਈ ‘ਚ ਤਿਆਰ ਇਸ ਗੀਤ ਦੀ ਚਰਚਾ ਚਾਰ ਚੁਫੇਰੇ ਹੈ। ਗਾਇਕ ਨੇ ਮਜ਼ੂਦਾ ਸਮੇਂ ਪੰਜਾਬੀ ਗੀਤਕਾਰੀ ਅਤੇ ਗਾਇਕੀ ਵਿੱਚ ਆ ਰਹੇ ਨਾਟਕੀ ਨਿਘਾਰ ਦਾ ਵੀ ਚਿੰਤਨ ਕੀਤਾ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!