ਅਸ਼ੋਕ ਵਰਮਾ
ਮਾਨਸਾ,1 ਅਗਸਤ। ਮਾਨਸਾ ਦੇ ਸਮਾਜਿਕ ਆਗੂਆਂ ਨੇ ਜਿਲੇ ਚੋਂ ਤਬਦੀਲ ਹੋਕੇ ਐਸਐਸਪੀ ਵਿਜੀਲੈਂਸ ਬਠਿੰਡਾ ਵਜੋਂ ਅਹੁਦਾ ਸੰਭਾਲਣ ਜਾ ਰਹੇ ਸੀਨੀਅਰ ਪੁਲਿਸ ਕਪਤਾਨ ਮਾਨਸਾ ਡਾ. ਨਰਿੰਦਰ ਭਾਰਗਵ ਵੱਲੋਂ ਨਿਭਾਈਆਂ ਸੇਵਾਵਾਂ ਦੀ ਸ਼ਲਾਘਾ ਕੀਤੀ ਹੈ। ਸਮਾਜ ਸੇਵੀ ਆਗੂ ਐਡਵੋਕੇਟ ਗੁਰਲਾਭ ਸਿੰਘ ਮਾਹਲ ਨੇ ਕਿਹਾ ਕਿ ਭਾਵੇਂ ਬਦਲੀ ਹਰੇਕ ਅਧਿਕਾਰੀ ਤੇ ਕਰਮਚਾਰੀ ਦੀ ਜ਼ਿੰਦਗੀ ਦਾ ਮਹੱਤਵਪੂਰਣ ਹਿੱਸਾ ਹੈ ਪਰ ਡਾ ਨਰਿੰਦਰ ਭਾਰਗਵ ਨੂੰ ਲੀਕ ਤੋਂ ਹਟ ਕੇ ਕੰਮ ਕਰਨ ਕਰਕੇ ਹਮੇਸ਼ਾ ਯਾਦ ਕੀਤਾ ਜਾਦਾ ਰਹੇਗਾ। ਉਨਾਂ ਆਖਿਆ ਕਿ ਕਰੋਨਾ ਜਿਹੀ ਮਹਾਂਮਾਰੀ ਦੀ ਰੋਕਥਾਮ ਲਈ ਲੜਾਈ ਲੜਨ ਦੇ ਨਾਲ ਨਾਲ ਹੋਰ ਲੋਕ ਭਲਾਈ ਦੇ ਕੰਮਾਂ ਨੂੰ ਅੰਜਾਮ ਦੇਣਾ ਵੀ ਉਨਾਂ ਦੇ ਲੇਖੇ ਲੱਗਿਆ ਹੈ।ਉਨਾਂ ਕਿਹਾ ਕਿ ਡਾ ਭਾਰਗਵ ਦੀ ਨਿਯੁਕਤੀ ਉਪਰੰਤ ਕਰੋਨਾ ਵਾਇਰਸ ਇੱਕ ਵੱਡੀ ਚੁਣੌਤੀ ਵਜੋਂ ਸਾਹਮਣੇ ਆਇਆ ਸੀ ਜਿਸ ਨੂੰ ਦੇਖਦਿਆਂ ਲੌਕਡਾਊਨ ਤੇ ਕਰਫਿਊ ਦੌਰਾਨ ਸਰਕਾਰੀ ਆਦੇਸ਼ਾਂ ਨੂੰ ਲਾਗੂ ਕਰਵਾਇਆ ਹੈ। ਇਸ ਦੌਰਾਨ ਆਮ ਲੋਕਾਂ ਨੂੰ ਚੇਤਨ ਕਰਨ ਲਈ ਪੁਲਿਸ ਪ੍ਰਸ਼ਾਸ਼ਨ ਵੱਲੋਂ ਯਤਨ ਕੀਤੇ ਗਏ ਜਿਸ ਦਾ ਸਿੱਟਾ ਕਰੋਨਾਂ ਮਰੀਜਾਂ ਦੀ ਗਿਣਤੀ ਘਟਣ ਦੇ ਰੂਪ ’ਚ ਨਿਕਲਿਆ ਹੈ।
ਉਨਾਂ ਆਖਿਆ ਕਿ ਸਿਵਲ ਪ੍ਰਸ਼ਾਸ਼ਨ, ਸਿਹਤ ਵਿਭਾਗ ਅਤੇ ਪੁਲਿਸ ਵਿਚਕਾਰ ਉਨਾਂ ਅਜਿਹਾ ਤਾਲਮੇਲ ਬਣਾਇਆ ਕਿ ਸਮੂਹ ਵਿਭਾਗ ਇੱਥ ਹੀ ਪਲੇਟਫਾਰਮ ਤਾਂ ਕਰੋਨਾਂ ਖਿਲਾਫ ਲੜਦੇ ਨਜ਼ਰ ਆਏ। ਮਹੱਤਵਪੂਰਨ ਤੱਥ ਹੈ ਕਿ ਡਾ ਭਾਰਗਵ ਦੇ ਕਾਰਜਕਾਲ ਦੌਰਾਨ ਜੁਰਮਾਂ ਦੀ ਦਰ ਘਟੀ ਹੈ ਅਤੇ ਨਸ਼ੇ ਦੀ ਰੋਕ ਥਾਮ ਪ੍ਰਤੀ ਢੁੱਕਵੇਂ ਕਦਮ ਉਠਾਏ ਗਏ ਹਨ। ਕਰਫਿਊ ਦੌਰਾਨ ਪਿੰਡ ਤੇ ਸ਼ਹਿਰ ਕਮੇਟੀਆਂ ਬਣਾਕੇ ਪਿੰਡਾਂ ਅਤੇ ਵਾਰਡਾਂ ਵਿੱਚ ਵੀਪੀਓਜ਼ ਤਾਇਨਾਤ ਕੀਤੇ ਗਏ ਜਿੰਨਾਂ ਨੇ ਕਿਸਾਨਾਂ ਦੀਆਂ ਫਸਲਾਂ ਦੀ ਵਿੱਕਰੀ ਤੋਂ ਇਲਾਵਾ ਆਵਾਜਾਈ ਦੇ ਸਾਧਨ ਬੰਦ ਹੋਣ ਕਾਰਨ ਘਰ ਘਰ ਜਾਕੇ ਬੈਂਕਾਂ ਰਾਹੀਂ ਬੁਢਾਪਾ,ਅੰਗਹੀਣ ਤੇ ਹੋਰ ਪੈਨਸ਼ਨਾਂ ਵੰਡੀਆਂ ।ਇਸਤੋਂ ਇਲਾਵਾ ਇਸ ਸੰਕਟ ਵਾਲੇ ਸਮੇਂ ਵਿੱਚ ਲੋਕਾਂ ਦੇ ਘਰਾਂ ਤੱਕ ਲੋੜੀਂਦੀਆਂ ਵਸਤਾਂ ਤੇ ਸੇਵਾਵਾਂ ਮੁਹੱਈਆ ਕਰਵਾਉਣਾ, ਬੱਚਿਆਂ ਦੀ ਆਨ ਲਾਈਨ ਪੜਾਈ ਸ਼ੁਰੂ ਕਰਨ, ਅਗਲੀ ਕਲਾਸ ਦੀਆਂ ਕਿਤਾਬਾਂ ਕਾਪੀਆਂ ਦੀ ਬੱਚਿਆਂ ਦੇ ਘਰਾਂ ਤੱਕ ਸਪਲਾਈ, ਲੌਕਡਾਊਨ ਕਾਰਣ ਜੋ ਸਬਜ਼ੀਆਂ ਅਤੇ ਹੋਰ ਫਸਲਾਂ ਬਾਹਰਲੇ ਸ਼ਹਿਰਾਂ ਵਿੱਚ ਨਹੀਂ ਵਿਕ ਰਹੀਆਂ ਸਨ, ਕਰਫਿਊ ਪਾਸਾਂ ਰਾਹੀਂ ਟਰਾਂਸਪੋਰਟ ਦਾ ਇੰਤਜ਼ਾਮ ਕਰਵਾਕੇ ਕਿਸਾਨਾਂ ਦੀ ਇਸ ਗੰਭੀਰ ਸਮੱਸਿਆ ਦਾ ਹੱਲ ਕੀਤਾ ਗਿਆ।
ਐਡਵੋਕੇਟ ਮਾਹਲ ਨੇ ਦੱਸਿਆ ਕਿ ਕਣਕ ਦੀ ਖਰੀਦ ਵਿੱਚ ਲੋੜੀਂਦੇ ਸੁਰੱਖਿਆ ਇੰਤਜ਼ਾਮ ਕਰਨ ਦੇ ਨਾਲ ਸੈਨੀਟਾਈਜੇਸ਼ਨ, ਖਰੀਦ ਕੇਂਦਰਾਂ ਵਿਖੇ ਬਿਜਲੀ ਪਾਣੀ ਦੀ ਉਪਲਬਧਤਾ ਅਤੇ ਸਮੇਂ ਸਿਰ ਫਸਲ ਚੁਕਾਈ ਵਿੱਚ ਵੱਡਾ ਯੋਗਦਾਨ ਪਾਇਆ ਹੈ। ਡਾ. ਭਾਰਗਵ ਨੇ ਜਿਲੇ ਵਿੱਚ ਕਣਕ ਦੇ ਨਾੜ ਨੂੰ ਅੱਗ ਨਾ ਲਗਾਉਣ ਲਈ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਕੀਤੀ ਅਤੇ ਪ੍ਰੇਰਣਾ ਦੇ ਕੇ ਕਿਸਾਨਾਂ ਨੂੰ ਅੱਗ ਲਾਉਣ ਤੋਂ ਰੋਕਣ ਦੇ ਯਤਨ ਕੀਤੇ ਜਿਸ ’ਚ ਉਹ ਸਫਲ ਵੀ ਰਹੇ। ਐਡਵੋਕੇਟ ਮਾਹਲ ਨੇ ਕਾਮਨਾ ਕੀਤੀ ਕਿ ਡਾ ਨਰਿੰਦਰ ਭਾਰਗਵ ਮਾਨਸਾ ਜਿਲੇ ’ਚ ਸਮਾਜਿਕ ਤੇ ਲੋਕ ਭਲਾਈ ਕਾਰਜਾਂ ਨੂੰ ਅੰਜਾਮ ਦਿੰਦੇ ਰਹਿਣਗੇ। ਐਡਵੋਕੇਟ ਮਾਹਲ ਨੇ ਮਾਨਸਾ ’ਚ ਕੀਤੇ ਕਾਰਜਾਂ ਪ੍ਰਤੀ ਡਾ ਭਾਰਗਵ ਦਾ ਧੰਨਵਾਦ ਵੀ ਕਤਿਾ ਹੈ। ਦੱਸਣਯੋਗ ਹੈ ਕਿ ਡਾ. ਨਰਿੰਦਰ ਭਾਰਗਵ ਨੂੰ ਮਾਨਯਾ ਦੇ ਐਸਐਸਪੀ ਦੇ ਅਹੁਦੇ ਤੋਂ ਤਬਦੀਲ ਕਰ ਦਿੱਤਾ ਸੀ ਤੇ ਬਤੌਰ ਐਸਐਸਪੀ ਵਿਜੀਲੈਂਸ ਬਠਿੰਡਾ ਲਾਇਆ ਗਿਆ ਹੈ। ਮਾਨਸਾ ’ਚ ਇਹ ਉਨਾਂ ਦਾ ਦੂਸਰਾ ਕਾਰਜਕਾਲ ਸੀ ਜਦੋਂਕਿ ਪਹਿਲਾਂ ਵੀ ਉਹ ਇਸ ਜਿਲੇ ’ਚ ਏਸੇ ਹੀ ਅਹੁਦੇ ਤੇ ਰਹੇ ਹਨ।