22.5 C
United Kingdom
Sunday, June 21, 2026

More

    ਪਾਕਿਸਤਾਨੀ ਪੰਜਾਬ ‘ਚ 100 ਸਕੂਲੀ ਕਿਤਾਬਾਂ ‘ਤੇ ਇਸ ਵਜ੍ਹਾ ਕਰਕੇ ਲਾਈ ਪਾਬੰਦੀ!!

    ?ਦੇਸ਼ ਵਿਰੋਧੀ ਸਮੱਗਰੀ ਹੋਣ ‘ਤੇ ਪਾਕਿਸਤਾਨ ਦੇ ਪੰਜਾਬ ਵਿੱਚ ਲਗਾਈ 100 ਕਿਤਾਬਾਂ ‘ਤੇ ਪਾਬੰਦੀ।

    ਲਾਹੌਰ- ਪਾਕਿਸਤਾਨ ਵਿੱਚ ਪੰਜਾਬ ਪਾਠਕ੍ਰਮ ਅਤੇ ਪਾਠ ਪੁਸਤਕ ਬੋਰਡ (ਪੀਸੀਟੀਬੀ) ਦੇ ਮੈਨੇਜਿੰਗ ਡਾਇਰੈਕਟਰ ਰਾਏ ਮਨਜੂਰ ਹੁਸੈਨ ਨਸੀਰ ਨੇ ਵੀਰਵਾਰ ਨੂੰ ਪ੍ਰਾਈਵੇਟ ਸਕੂਲਾਂ ਵਿੱਚ ਪਾਕਿਸਤਾਨ ਦੀ ਨਿੰਦਿਆ ਅਤੇ ਵਿਰੋਧ ਵਾਲੀ ਸਮੱਗਰੀ ਹੋਣ ਕਰਕੇ 100 ਕਿਤਾਬਾਂ ‘ਤੇ ਪਾਬੰਦੀ ਲਗਾ ਦਿੱਤੀ ਹੈ। ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਰਾਏ ਮਨਜੂਰ ਹੁਸੈਨ ਨਸੀਰ ਨੇ ਕਿਹਾ ਕਿ ਪੀਸੀਟੀਬੀ ਨੇ ਪ੍ਰਾਂਤ ਦੇ ਪ੍ਰਾਈਵੇਟ ਸਕੂਲਾਂ ਵੱਲੋਂ ਪੜਾਈਆਂ ਜਾ ਰਹੀਆਂ 10,000 ਕਿਤਾਬਾਂ ਦੀ ਆਲੋਚਨਾਤਮਕ ਸਮੀਖਿਆ ਸ਼ੁਰੂ ਕੀਤੀ ਸੀ ਅਤੇ ਪਹਿਲੇ ਪੜਾਅ ਵਿੱਚ ਆਕਸਫੋਰਡ ਅਤੇ ਕੈਮਬ੍ਰਿਜ ਸਮੇਤ 31 ਪ੍ਰਕਾਸ਼ਕਾਂ ਦੀਆਂ 100 ਕਿਤਾਬਾਂ ਵਿੱਚ ਪਾਕਿਸਤਾਨ ਦੀ ਬਦਨਾਮੀ, ਅਨੈਤਿਕ ਅਤੇ ਵਿਰੋਧੀ ਪਾਠਕ੍ਰਮ ਕਰਕੇ ਪਾਬੰਦੀ ਲਗਾਈ ਹੈ।
    ਬੋਰਡ ਨੇ ਇਸ ਮੰਤਵ ਲਈ 30 ਕਮੇਟੀਆਂ ਗਠਿਤ ਕੀਤੀਆਂ ਸਨ। ਉਨ੍ਹਾਂ ਕਿਹਾ ਕਿ ਇਹ ਬਹੁਤ ਦੁੱਖ ਦੀ ਗੱਲ ਹੈ ਕਿ ਕਿਸੇ ਨੇ ਵੀ ਇਨ੍ਹਾਂ ਕਿਤਾਬਾਂ ਦੀ ਜਾਂਚ ਪਹਿਲਾਂ ਨਹੀਂ ਕੀਤੀ ਅਤੇ ਉਨ੍ਹਾਂ ਨੂੰ ਇਸ ਗੱਲ ਦਾ ਵੀ ਕੋਈ ਪਤਾ ਨਹੀਂ ਕਿ ਸਾਡੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਵਿੱਚ ਭਾਰੀ ਫੀਸਾਂ ਅਦਾ ਕਰਨ ਦੇ ਬਾਵਜੂਦ ਵੀ ਕੀ ਸਿਖਾਇਆ ਜਾ ਰਿਹਾ ਹੈ? ਉਨ੍ਹਾਂ ਕਿਹਾ ਕਿ ਪਾਬੰਦੀਸ਼ੁਦਾ ਕਿਤਾਬਾਂ ਵਿਚ ਪਾਕਿਸਤਾਨ ਅਤੇ ਇਸ ਦੀ ਸਿਰਜਣਾ, ਕਾਇਦੇ-ਏ-ਆਜ਼ਮ ਮੁਹੰਮਦ ਅਲੀ ਜਿਨਾਹ ਅਤੇ ਅੱਲਾਮਾ ਮੁਹੰਮਦ ਇਕਬਾਲ ਬਾਰੇ ਤੱਥਾਂ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ ਸੀ। ਇਸ ਦੇ ਨਾਲ ਹੀ ਇਨ੍ਹਾਂ ਕਿਤਾਬਾਂ ਵਿੱਚ ਦੇਸ਼ ਦੀ ਨਿੰਦਿਆਕਾਰੀ ਸਮੱਗਰੀ ਵੀ ਸੀ। ਉਨ੍ਹਾਂ ਕਿਹਾ ਕਿ ਪਾਕਿਸਤਾਨ ਨੂੰ ਭਾਰਤ ਤੋਂ ਘਟੀਆ ਦੇਸ਼ ਵਜੋਂ ਦਰਸਾਇਆ ਗਿਆ ਸੀ, ਜਦੋਂਕਿ ਆਜ਼ਾਦ ਜੰਮੂ-ਕਸ਼ਮੀਰ (ਏਜੇਕੇ) ਨੂੰ ਵੀ ਇਨ੍ਹਾਂ ਕਿਤਾਬਾਂ ਵਿੱਚ ਕੁਝ ਨਕਸ਼ਿਆਂ ਰਾਹੀ ਭਾਰਤ ਦੇ ਹਿੱਸੇ ਦਿਖਾਇਆ ਗਿਆ ਹੈ। ਰਾਏ ਮਨਜ਼ੂਰ ਨਸੀਰ ਨੇ ਕਿਹਾ ਕਿ ਕਿਤਾਬਾਂ ਵਿੱਚ ਕਾਇਦਾ-ਏ-ਆਜ਼ਮ ਮੁਹੰਮਦ ਅਲੀ ਜਿਨਾਹ ਅਤੇ ਅੱਲਾਮਾ ਮੁਹੰਮਦ ਇਕਬਾਲ ਆਦਿ ਦੇ ਬਚਨਾਂ ਨੂੰ ਸ਼ਾਮਲ ਕਰਨ ਦੀ ਬਜਾਏ ਇੱਕ ਕਿਤਾਬ ਵਿਚ ਮਹਾਤਮਾ ਗਾਂਧੀ ਅਤੇ ਕੁਝ ਅਣਪਛਾਤੇ ਲੋਕਾਂ ਦੀਆਂ ਗੱਲਾਂ ਸ਼ਾਮਿਲ ਕੀਤੀਆਂ ਗਈਆਂ ਸਨ। ਇਸ ਤੋਂ ਬਿਨਾਂ ਗਣਿਤ ਦੀ ਇੱਕ ਕਿਤਾਬ ਵਿਚ ਗਿਣਤੀ ਦੇ ਸੰਕਲਪਾਂ ਨੂੰ ਨੌਜਵਾਨ ਵਿਦਿਆਰਥੀਆਂ ਨੂੰ ਸੂਰਾਂ ਦੀਆਂ ਤਸਵੀਰਾਂ ਦਿਖਾਉਂਦੇ ਹੋਏ ਸਮਝਾਇਆ ਗਿਆ ਹੈ।ਪੀਸੀਟੀਬੀ ਦੇ ਐਮਡੀ ਨੇ ਕਿਹਾ ਕਿ ਇਨ੍ਹਾਂ 100 ਕਿਤਾਬਾਂ ‘ਤੇ ਤੁਰੰਤ ਪਾਬੰਦੀ ਲਗਾ ਦਿੱਤੀ ਗਈ ਸੀ ਅਤੇ ਪ੍ਰਕਾਸ਼ਕਾਂ ਨੂੰ ਨਿਰਦੇਸ਼ ਦਿੱਤਾ ਗਿਆ ਸੀ ਕਿ ਉਹ ਕਿਤਾਬਾਂ ਦੇ ਪ੍ਰਕਾਸ਼ਨ ਅਤੇ ਵੇਚਣ ਨੂੰ ਤੁਰੰਤ ਬੰਦ ਕਰਨ। ਉਨ੍ਹਾਂ ਕਿਹਾ ਕਿ ਪੰਜਾਬ ਭਰ ਦੇ ਜ਼ਿਲ੍ਹਾ ਸਿੱਖਿਆ ਅਥਾਰਟੀ (ਨਿੱਜੀ ਸਿੱਖਿਆ) ਨਿੱਜੀ ਸਕੂਲ ਮੁੜ ਖੋਲ੍ਹਣ ਤੋਂ ਬਾਅਦ ਦੇਖਣ ਜਾਣਗੇ ਕਿ ਇਹ ਕਿਤਾਬਾਂ ਅਜੇ ਪੜ੍ਹੀਆਂ ਜਾ ਰਹੀਆਂ ਹਨ ਜਾਂ ਨਹੀਂ ਅਤੇ ਨਾਲ ਹੀ ਪ੍ਰਕਾਸ਼ਕਾਂ ਵਿਰੁੱਧ ਪੰਜਾਬ ਪਾਠਕ੍ਰਮ ਅਤੇ ਪਾਠ ਪੁਸਤਕ ਬੋਰਡ ਐਕਟ 2015 ਦੀਆਂ ਧਾਰਾਵਾਂ ਤਹਿਤ ਉਲੰਘਣਾ ਕਰਨ ਲਈ ਐਫਆਈਆਰ ਵੀ ਦਰਜ ਕੀਤੀ ਜਾਵੇਗੀ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!