ਦੁੱਖਭੰਜਨ ਸਿੰਘ ਰੰਧਾਵਾ
0351920036369
ਮੈਨੂੰ ਸਾਵਣ ਦੀ ਕੋਈ ਲੋੜ ਨਹੀਂ,
ਮੇਰੇ ਨੈਣ ਓਦਾਂ ਈ ਬੜੇ ਵਰਦੇ ਨੇ |
ਮੈਂ ਹਰਕੇ ਵੀ ਜਿੱਤ ਜਾਨਾਂ ਵਾਂ,
ਮੈਨੂੰ ਯਾਦ ਸੱਜਣ ਜਦੋਂ ਕਰਦੇ ਨੇਂ |
ਮੈਂ ਮਾਨ ਸਰੋਵਰ ਵਿੱਚ ਲਾ ਗੋਤਾ,
ਤੇਰੇ ਲਈ ਮੋਤੀ ਚੁਣ ਲਏ ਨੇ |
ਪਤਾ ਲਗ ਗਿਆ ਕਿਹੜਾ ਕੰਮ,
ਆਉਣਾ ਨਾਤੇ ਸਾਰੇ ਪੁਣ ਲਏ ਨੇਂ |
ਤੇਰੇ ਬਾਜੋਂ ਮੇਰੇ ਸਾਹ ਸੱਜਣਾਂ,
ਤੂੰ ਨਾ ਜਾਣੇਂ ਕੀ-ਕੀ ਜਰਦੇ ਨੇਂ |
ਮੈਂ ਹਰਕੇ ਵੀ ਜਿੱਤ ਜਾਨਾਂ ਵਾਂ,
ਮੈਨੂੰ ਯਾਦ ਸੱਜਣ ਜਦੋਂ ਕਰਦੇ ਨੇਂ |
ਜਿੱਦਾਂ ਕਣੀਆਂ ਵਰਦੀਆਂ ਧਰਤੀ ਤੇ,
ਓਦਾਂ ਦਿਲ ਮੇਰੇ ਤੇ ਅੱਗ ਵਰਦੀ |
ਮੈ ਖੁਦ ਨੂੰ ਏਨਾਂ ਕੋਮਲ ਰੱਖਿਆ ਏ,
ਮੇਰੀ ਪਲਕ ਝਪਕਿਆਂ ਵੀ ਡਰਦੀ |
ਜਿੱਦਾਂ ਸਾਹਾਂ ਬਿਨ ਸਰਦਾ ਨਈਂ,
ਓਦਾਂ ਤੇਰੇ ਬਿਨ ਕਿਹੜਾ ਸਰਦੇ ਨੇਂ |
ਮੈਂ ਹਰਕੇ ਵੀ ਜਿੱਤ ਜਾਨਾਂ ਵਾਂ,
ਮੈਨੂੰ ਯਾਦ ਸੱਜਣ ਜਦੋਂ ਕਰਦੇ ਨੇਂ |
ਮੈਂ ਫੁੱਲ ਤੇਰੇ ਲਈ ਸਾਂਭੇ ਨੇ,
ਮੈਨੂੰ ਮਾਣ ਬੜਾ ਏ ਖਾਰਾਂ ਤੇ |
ਮੈਨੂੰ ਦੇਂਦੇ ਦਰਦ ਨੇ ਢਿੱਡ ਭਰਕੇ,
ਮੇਰੀ ਪੀੜ ਦੇ ਜਿਗਰੀ ਯਾਰਾਂ ਤੇ |
ਤੇਰੇ ਬਾਜੋਂ ਮੈਂ ਕੋਈ ਤੈਰਾਕ ਨਹੀਂ,
ਤੂੰ ਨਾਲ ਏਂ ਤਾਂ ਬੇੜੇ ਤਰਦੇ ਨੇਂ |
ਮੈਂ ਹਰਕੇ ਵੀ ਜਿੱਤ ਜਾਨਾਂ ਵਾਂ,
ਮੈਨੂੰ ਯਾਦ ਸੱਜਣ ਜਦੋਂ ਕਰਦੇ ਨੇਂ |
ਮੈਂ ਕਦੇ ਕਿੱਸਾ ਛੇੜ ਕੇ ਬਹਿ ਜਾਨਾਂ,
ਤੁਰਦੇ-ਤੁਰਦੇ ਤਨਹਾਈ ਦਾ |
ਮੈਂ ਟੁੱਟਦਾ ਰਹਿੰਦਾ ਕੱਚ ਵਾਂਗੂ,
ਆ ਕੇ ਵੇਖੋ ਹਾਲ ਸੁ਼ਦਾਈ ਦਾ |
ਤੂੰ ਨਾਲ ਏਂ ਤਾਂ ਕੀਹਦਾ ਡਰ ਮੈਨੂੰ,
ਤੂੰ ਨਈਂ ਨਾਲ ਤਾਂ ਸਾਹ ਵੀ ਡਰਦੇ ਨੇ|
ਮੈਂ ਹਰਕੇ ਵੀ ਜਿੱਤ ਜਾਨਾਂ ਵਾਂ,
ਮੈਨੂੰ ਯਾਦ ਸੱਜਣ ਜਦੋਂ ਕਰਦੇ ਨੇਂ |
ਦੁੱਖਭੰਜਨ ਨੇ ਦੋ ਯਾਰ ਕਮਾਏ,
ਯਾਰੋ ਇੱਕ ਹੰਝੂ ਤੇ ਇੱਕ ਹੌਕਾ |
ਜਦ ਵੀ ਉਸਨੇ ਚਾਹਿਆ ਲੈਣਾ,
ਓਨੂੰ ਮਿਲਿਆ ਨਾ ਕਦੇ ਮੌਕਾ |
ਦੁਨੀਆ ਤੇ ਆ ਮੇਰੇ ਵਰਗੇ ਬੇਲੀ,
ਨਿੱਤ ਜੰਮਦੇ ਤੇ ਨਿੱਤ ਮਰਦੇ ਨੇਂ |
ਮੈਂ ਹਰਕੇ ਵੀ ਜਿੱਤ ਜਾਨਾਂ ਵਾਂ,
ਮੈਨੂੰ ਯਾਦ ਸੱਜਣ ਜਦੋਂ ਕਰਦੇ ਨੇਂ |